ਸਾਵੇਂ
ਪੰਜਾਬੀਆਂ ਲਈ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਜੇਠ-ਹਾੜ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਨਾਰ ਅਤੇ ਮਹਿਕਦੀਆਂ ਹਵਾਵਾਂ ਵਾਤਾਵਰਣ ਨੂੰ ਰੁਮਾਂਚਕ ਬਣਾ ਦਿੰਦੀਆਂ ਹਨ। ਨਿੱਕੀ-ਨਿੱਕੀ ਕਣੀ ਦਾ ਮੀਂਹ, ਸਾਉਣ ਦੇ ਛਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਵਿਚ ਅਨੂਠਾ ਰੰਗ ਭਰਦੇ ਹਨ। ਸਾਰਾ ਵਾਤਾਵਰਣ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ-ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ। ਬੱਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਰੇ ਕੋਇਲਾਂ ਕੂਕਦੀਆਂ ਹਨ। ਬਿਹਣਾਂ ਵਿਛੋੜੇ ਦੇ ਬਾਣ ਸਹਿੰਦੀਆਂ ਹੋਈਆਂ ਆਪਣੇ ਦਿਲਾਂ ਦੇ ਮਹਿਰਮਾਂ ਨੂੰ ਯਾਦ ਕਰਦੀਆਂ ਹਨ:
ਰਲ ਆਓ ਸਈਓ ਨੀ
ਸੱਭੇ ਤੀਆਂ ਖੇਡਣ ਜਾਈਏ
ਹੁਣ ਆ ਗਿਆ ਸਾਵਨ ਨੀ
ਪੀਂਘਾਂ ਪਿੱਪਲੀ ਜਾ ਕੇ ਪਾਈਏ
ਪਈ ਕੂ ਕੂ ਕਰਦੀ ਨੀ ਸਈਓ
ਕੋਇਲ ਹੰਝੂ ਡੋਲ੍ਹੇ
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ
ਲੈ ਪੈਲਾਂ ਪਾਂਦੇ ਨੀ
ਬਾਗੀ ਮੋਰਾਂ ਸ਼ੋਰ ਮਚਾਇਆ
ਅਨੀ ਖਿੜ ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ
ਮੈਂ ਅੱਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ
ਰਲ ਆਓ ਸਈਓ ਨੀ
ਸਭੇ ਤੀਆਂ ਖੇਡਣ ਜਾਈਏ
ਨਿੱਕੀ-ਨਿੱਕੀ ਕਣੀ ਦਾ ਮੀਂਹ ਮੁਟਿਆਰਾਂ ਅੰਦਰ ਸੁੱਤੇ ਦਰਦ ਜਗਾ ਦਿੰਦਾ ਹੈ
ਤੇ ਉਹ ਗਿੱਧਾ ਪਾਉਣ ਲਈ ਉਤਸੁਕ ਹੋ ਉਠਦੀਆਂ ਹਨ:-
129 / ਸ਼ਗਨਾਂ ਦੇ ਗੀਤ