ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ
ਮਾਏਂ ਮੇਰੀਏ ਨੀ
ਧੀਆਂ ਨੂੰ ਲਈਂ ਨੀ ਮੰਗਾ
ਸਾਵਣ ਆਇਆ

ਜਿਹੜੀਆਂ ਵਿਆਹੀਆਂ ਕੁੜੀਆਂ ਤੀਆਂ ਦੇ ਦਿਨਾਂ ਵਿਚ ਪੇਕੀਂ ਨਹੀਂ ਆ ਸਕਦੀਆਂ ਉਨ੍ਹਾਂ ਲਈ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਤੀਆਂ ਦੇ ਸੰਧਾਰੇ ਵਿਚ ਸੂਟ ਅਤੇ ਕੁਝ ਮਠਿਆਈ ਹੁੰਦੀ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ ਇਕ ਲੋਕ ਗੀਤ ਇਸ ਤਰ੍ਹਾਂ ਕਰਦਾ ਹੈ:-

ਭੇਜੀਂ ਨੀ ਅੰਮਾ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ
ਕਿੱਕੂੰ ਨੀ ਭੇਜਾਂ ਸੂਹੜੇ
ਪਿਓ ਤੇਰਾ ਪਰਦੇਸ
ਸਾਵਣ ਆਇਆ

ਲਿਖ ਲਿਖ ਭੇਜਾਂ ਬਾਬਲ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ

ਕਿਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ

ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ

ਹੱਥ ਦੀ ਵੇ ਦੇਵਾਂ ਮੁੰਦਰੀ
ਗਲ਼ ਦਾ ਨੌਲੱਖਾ ਹਾਰ
ਸਾਵਣ ਆਇਆ

ਪੁਰਾਣੇ ਸਮਿਆਂ ਵਿਚ ਆਉਣ-ਜਾਣ ਦੇ ਸਾਧਨ ਸੀਮਤ ਸਨ, ਨਾ ਸੜਕਾਂ ਸਨ, ਨਾ ਨਦੀ-ਨਾਲਿਆਂ 'ਤੇ ਪੁਲ। ਪੰਜ-ਦਸ ਕੋਹ ਦੀ ਵਾਟ 'ਤੇ ਵਿਆਹੀ

131/ ਸ਼ਗਨਾਂ ਦੇ ਗੀਤ