ਮੁਟਿਆਰ ਆਪਣੇ ਆਪ ਨੂੰ ਪ੍ਰਦੇਸਣ ਸਮਝਦੀ ਸੀ। ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ। ਸਾਵਣ ਦੇ ਅਨੇਕਾਂ ਲੰਬੇ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਪ੍ਰਦੇਸਾਂ ਵਿਚ ਬੈਠੀ ਮੁਟਿਆਰ ਜਿਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸੱਲ ਸਹਿੰਦੀ ਹੈ ਓਥੇ ਪ੍ਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਬੜੇ ਦਰਦੀਲੇ ਬੋਲਾਂ ਵਿਚ ਬਿਆਨ ਕਰਦੀ ਹੈ।
ਸਾਉਣ ਦੇ ਦਿਨਾਂ ਵਿਚ ਸਹੁਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ... ਸੱਸ ਨਣਾਨ ਉਹਨੂੰ ਵੇਖ ਮੱਥੇ ਵੱਟ ਪਾ ਲੈਂਦੀਆਂ ਹਨ....ਉਹ ਵੀਰ ਪਾਸੋਂ ਬੜੇ ਚਾਅ ਨਾਲ਼ ਆਪਣੇ ਪੇਕੇ ਪਰਿਵਾਰ ਦੀ ਸੁਖ ਸਾਂਦ ਪੁੱਛਦੀ ਹੈ। ਗੀਤ ਦੇ ਬੋਲ ਹਨ:-
ਸਾਵਣ ਆਇਆ ਨੀ ਸੱਸੀਏ
ਸਾਵਣ ਆਇਆ
ਇਕ ਤਾਂ ਆਇਆ ਮੇਰੀ ਅੰਮੀ ਦਾ ਜਾਇਆ
ਚੜ੍ਹਦੇ ਸਾਵਣ ਮੇਰਾ ਵੀਰ ਨੀ ਆਇਆ
ਆ ਜਾ ਵੇ ਵੀਰਾ
ਸੱਸ ਨਨਾਣ ਮੁੱਖ ਮੋੜਿਆ
ਆਜਾ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ ਰਾਮ
ਮਾਂ ਤਾਂ ਤੇਰੀ ਭੈਣੇ ਪਲੰਘੇ ਬਠਾਈ
ਪਲੰਘੋਂ-ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ
ਆ ਵੇ ਵੀਰਾ ਚੜ੍ਹੀਏ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਮੇਰੀ ਭਾਬੋ ਦੇ ਸੁਨੇਹੜੇ ਰਾਮ
ਭਾਬੋ ਤਾਂ ਤੇਰੀ ਬੀਬੀ ਗੀਗੜਾ ਜਾਇਆ
ਨੀ ਤੇਰਾ ਭਤੀਜੜਾ ਜਾਇਆ
ਉਠਦੀ ਬਹਿੰਦੀ ਦਿੰਦੀ ਲੋਰੀਆਂ ਰਾਮ
ਆ ਵੇ ਵੀਰਾ ਚੜ੍ਹ ਉੱਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਮੇਰੀਆਂ ਸਈਆ ਦੇ ਦੇ ਕੇ ਸੁਨੇਹੜੇ ਰਾਮ
132/ ਸ਼ਗਨਾਂ ਦੇ ਗੀਤ