ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਪੂਜਾਂ ਤੇਰੀ ਪਟੜੀ
ਮੈਂ ਪੂਜਾਂ ਹਰ ਕੇ ਪੈਰ

ਉਪਰੋਕਤ ਆਰਤੀ ਗਾਉਣ ਮਗਰੋਂ ਸੁੱਕੀ ਪੰਜੀਰੀ ਜਾਂ ਤਿਲ਼ਚੌਲੀ ਦਾ ਪ੍ਰਸਾਦ ਸਾਂਝੀ ਨੂੰ ਭੋਗ ਲੁਆਉਣ ਮਗਰੋਂ ਸਾਰੇ ਬੱਚਿਆਂ ਵਿਚਕਾਰ ਵੰਡਿਆ ਜਾਂਦਾ ਹੈ। ਇਸ ਮਗਰੋਂ ਕੁੜੀਆਂ ਕਿਸੇ ਹੋਰ ਕੁੜੀ ਦੇ ਘਰ ਜਾ ਕੇ ਪਹਿਲੀ ਰੀਤੀ ਅਨੁਸਾਰ ਮੁੱਢੋਂ-ਸੁੱਢੋਂ ਸਾਂਝੀ ਮਾਈ ਦੀ ਪੂਜਾ ਕਰਦੀਆਂ ਹਨ। ਇਸ ਪ੍ਰਕਾਰ ਇਕ ਦਿਨ ਦਾ ਪ੍ਰੋਗਰਾਮ ਖ਼ਤਮ ਹੋ ਜਾਂਦਾ ਹੈ। ਇਹ ਪ੍ਰੋਗਰਾਮ ਨੌ ਦਿਨ ਚੱਲਦਾ ਰਹਿੰਦਾ ਹੈ।

ਦੁਸਹਿਰੇ ਵਾਲ਼ੇ ਦਿਨ ਸਾਰੇ ਮੁਹੱਲੇ ਦੀਆਂ ਕੁੜੀਆਂ ਸਾਂਝੀ ਮਾਈ ਦੀ ਮੂਰਤੀ ਨੂੰ ਕੰਧ ਤੋਂ ਇਹ ਗੀਤ ਗਾਉਂਦੀਆਂ ਹੋਈਆਂ ਲਾਹ ਲੈਂਦੀਆਂ ਹਨ:-

ਗੁੱਸੇ ਨਾ ਹੋਈਂ ਸਾਂਝੜੀਏ
ਪਰ ਨੂੰ ਫੇਰ ਮੰਗਾਵਾਂਗੇ

ਸਾਂਝੀ ਦੀਆਂ ਸਾਰੀਆਂ ਮੂਰਤੀਆਂ ਨੂੰ ਇਕ ਸੁੱਚੀ ਟੋਕਰੀ ਵਿਚ ਪਾ ਕੇ ਕੁੜੀਆਂ ਇਨ੍ਹਾਂ ਨੂੰ ਪਿੰਡ ਦੇ ਲਾਗਲੇ ਕਿਸੇ ਟੋਭੇ ਜਾਂ ਸੂਏ ਵਿਚ ਜਲ ਪ੍ਰਵਾਹ ਕਰਨ ਲਈ ਟੁਰ ਪੈਂਦੀਆਂ ਹਨ। ਉਹ ਜਾਂਦੀਆਂ ਹੋਈਆਂ ਰਾਹ ਵਿਚ ਇਹ ਗੀਤ ਗਾਉਂਦੀਆਂ ਜਾਂਦੀਆਂ ਹਨ:-

ਕਿੱਥੇ ਜੰਮੀ ਤੁਲਸਾਂ
ਕਿੱਥੇ ਜੰਮਿਆ ਰਾਮ
ਕਿੱਥੇ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਜੰਮੀ ਤੁਲਸਾਂ
ਪਹੋਏ ਜੰਮਿਆ ਰਾਮ
ਮਹਿਲੀਂ ਜੰਮਿਆ ਨੀ ਸਖੀਓ
ਮੇਰਾ ਸ੍ਰੀ ਭਗਵਾਨ

ਕਿੱਥੇ ਵਸੇ ਤੁਲਸਾਂ
ਕਿੱਥੇ ਵਸੇ ਰਾਮ
ਕਿੱਥੇ ਵਸੇ ਸਖੀਓ
ਮੇਰਾ ਸ੍ਰੀ ਭਗਵਾਨ
ਗੰਗਾ ਵਸੇ ਤੁਲਸਾਂ
ਪਹੋਏ ਵਸੇ ਰਾਮ
ਮਹਿਲੀਂ ਵਸੇ ਸਖੀਓ
ਨੀ ਮੇਰਾ ਸ੍ਰੀ ਭਗਵਾਨ

ਉਪਰੋਕਤ ਗੀਤ ਗਾਉਂਦੀਆਂ ਹੋਈਆਂ ਕੁੜੀਆਂ ਕਿਸੇ ਟੋਭੇ ਜਾਂ ਸੂਏ ਤੇ ਪੁੱਜ ਜਾਂਦੀਆਂ ਹਨ। ਉਹ ਉਥੇ ਜਾ ਕੇ ਕੀੜਿਆਂ ਦੇ ਭੌਣ ਉਤੇ ਤਿਲ਼ ਚੌਲੀ

149/ ਸ਼ਗਨਾਂ ਦੇ ਗੀਤ