ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਬੱਚਾ ਉਹਦੇ ਪੈਰਾਂ 'ਤੇ ਬਹਿ ਕੇ ਉਹਦੇ ਦੋਵੇਂ ਗੋਡੇ ਫੜ ਲੈਂਦਾ ਹੈ। ਇਸ ਮਗਰੋਂ ਮਾਂ ਜਾਂ ਭੈਣ ਆਪਣੇ ਗੋਡਿਆਂ ਨੂੰ ਅੱਗੇ ਪਿੱਛੇ ਕਰਦੀ ਹੋਈ ਹੁਲਾਰੇ ਦੇਂਦੀ ਹੈ ਤੇ ਨਾਲ਼ ਹੀ ਇਹ ਲੋਰੀ ਗਾਉਂਦੀ ਹੈ:-

ਹੂਟੇ ਮਾਈਆਂ
ਪੀਘਾਂ ਚੜ੍ਹਾਈਆਂ

ਇਸ ਤਰ੍ਹਾਂ ਕਈ ਵਾਰ ਕਰਨ ਮਗਰੋਂ ਬੱਚੇ ਤੋਂ ਪੁੱਛਿਆ ਜਾਂਦਾ ਹੈ, "ਦਾਦੀ ਵੇਖਣੀ ਏ ਜਾਂ ਨਾਨੀ, ਮਾਮਾ ਕਿ ਮਾਮੀ" ਆਦਿ। ਬੱਚਾ ਕਿਸੇ ਦਾ ਨਾਂ ਲੈਂਦਾ ਏ ਤੇ ਮਾਂ ਜਾਂ ਭੈਣ ਬੱਚੇ ਸਮੇਤ ਆਪਣੀਆਂ ਲੱਤਾਂ ਖੋਹਲ ਕੇ ਉਚੀਆਂ ਅਸਮਾਨ ਵਲ ਚੁੱਕ ਲੈਂਦੀ ਹੈ ਤੇ ਬੱਚੇ ਦਾ ਮੂੰਹ ਥੱਲੇ ਤੇ ਲੱਤਾਂ ਉਤਾਂਹ ਹੋ ਜਾਂਦੀਆਂ ਹਨ ਤੇ ਉਹ ਖਿੜ ਖਿੜਾ ਕੇ ਹੱਸਣ ਲੱਗ ਜਾਂਦਾ ਹੈ ਤੇ ਮਾਂ ਪੁੱਛਦੀ ਏ- "ਮਾਮਾ ਦੇਖ ਲਿਆ" ਬੱਚਾ ਅੱਗੋਂ "ਹਾਂ ਵੇਖ ਲਿਆ" ਆਖਦਾ ਹੈ ਤੇ ਇਸ ਮਗਰੋਂ ਬੱਚੇ ਨੂੰ ਥੱਲੇ ਲਾਹ ਲਿਆ ਜਾਂਦਾ ਹੈ। ਇਸ ਤਰ੍ਹਾਂ ਇਹ ਖੇਡ ਕਈ ਵਾਰ ਦੁਹਰਾਈ ਜਾਂਦੀ ਹੈ।

ਲੋਰੀਆਂ ਕੇਵਲ ਬੱਚੇ ਨੂੰ ਸੁਆਉਣ ਲਈ ਹੀ ਨਹੀਂ ਗਾਈਆਂ ਜਾਂਦੀਆਂ ਬਲਕਿ ਉਹਨਾਂ ਨੂੰ ਜਗਾਉਣ ਲਈ ਵੀ ਗਾਈਆਂ ਜਾਂਦੀਆਂ ਹਨ। ਕਈ ਵਾਰ ਕੱਚਾ ਮਿੱਠਾ ਖਾਣ ਕਰਕੇ ਬੱਚਿਆਂ ਦੀਆਂ ਅੱਖਾਂ ਤੇ ਗਿੱਡ ਜੰਮ ਜਾਂਦੀ ਹੈ ਤੇ ਸਵੇਰੇ ਉੱਠਣ ਸਮੇਂ ਖੁਲ੍ਹਦੀਆਂ ਨਹੀਂ, ਪੀੜ ਹੁੰਦੀ ਹੈ। ਉਹ ਰੋਂਦੇ ਹਨ ਤੇ ਰਿਹਾੜ ਕਰਦੇ ਹਨ। ਮਾਂ ਉਸ ਦੀ ਗਿੱਡ ਲਾਹੁਣ ਲਈ ਆਪਣੀਆਂ ਹਥੇਲੀਆਂ ਨੂੰ ਗਿੱਲਾ ਕਰਕੇ ਬੱਚੇ ਦੀਆਂ ਅੱਖਾਂ ਨੂੰ ਗਿੱਲੀ ਤਲੀ ਨਾਲ਼ ਹੌਲ਼ੀ ਹੌਲ਼ੀ ਪਲੋਸ ਕੇ ਗਿੱਡ ਲਾਹੁੰਦੀ ਹੈ ਤੇ ਬੱਚੇ ਦਾ ਧਿਆਨ ਪੀੜ ਤੋਂ ਹਟਾਉਣ ਲਈ ਇਹ ਲੋਰੀ ਗਾਉਂਦੀ ਹੈ:-

ਚੀਚੀ ਚੀਚੀ ਕੋਕੋ ਖਾਵੇ
ਦੁੱਧ ਮਲਾਈਆਂ ਕਾਕਾ ਖਾਵੇ
ਕਾਕੇ ਦੀ ਘੋੜੀ ਖਾਵੇ
ਘੋੜੀ ਦਾ ਵਛੇਰਾ ਖਾਵੇ

ਪੰਜਾਬ ਦੇ ਪਿੰਡਾਂ ਵਿਚ ਮੁੱਖ ਧੰਦਾ ਖੇਤੀ ਬਾੜੀ ਹੋਣ ਕਰਕੇ ਘਰ ਦਾ ਤੇ ਬਾਹਰ ਦਾ ਬਹੁਤ ਸਾਰਾ ਕੰਮ ਜਨਾਨੀਆਂ ਨੂੰ ਕਰਨਾ ਪੈਂਦਾ ਹੈ। ਕਈ ਵਾਰ ਬੱਚੇ ਮਾਵਾਂ ਨੂੰ ਕੰਮ ਕਰਨ ਵਿਚ ਅਟਕਾਰ ਪਾਉਂਦੇ ਹਨ। ਇਸ ਲਈ ਉਹਨਾਂ ਨੂੰ ਜਲਦੀ ਸੁਲਾਉਣ ਲਈ ਲੋਰੀਆਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਲੋਰੀਆਂ ਵਿਚ ਵਰਤੇ ਸ਼ਬਦਾਂ ਦੀ ਤਰਤੀਬ ਇਸ ਤਰ੍ਹਾਂ ਹੁੰਦੀ ਏ ਕਿ ਗਾਉਣ ਸਮੇਂ ਉਹ ਅਜਿਹੀ ਮਧੁਰ ਸੁਰ ਤੇ ਲੈ ਪੈਦਾ ਕਰਦੇ ਨੇ ਜਿਸ ਨਾਲ਼ ਬੱਚੇ ਦੀਆਂ ਅੱਖਾਂ ਤੇ ਨੀਂਦਰ ਭਾਰੂ ਹੋ ਜਾਂਦੀ ਹੈ ਤੇ ਉਹ ਗੂੜ੍ਹੀ ਨੀਂਦ ਦੇ ਹੂਟੇ ਲੈਣ ਲੱਗ ਜਾਂਦਾ ਹੈ। ਇਹਨਾਂ ਲੋਰੀਆਂ ਵਿਚ ਪੰਜਾਬ ਦਾ ਜਨ ਜੀਵਨ ਓਤ ਪੋਤ ਹੈ। ਪਾਠਕਾਂ ਦੀ ਜਾਣਕਾਰੀ ਲਈ ਲੋਰੀਆਂ ਦੀ ਵੰਨਗੀ ਪੇਸ਼ ਹੈ:-

17/ ਸ਼ਗਨਾਂ ਦੇ ਗੀਤ