ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਰੰਭ ਦੇਂਦੀ ਹੈ। ਇਸੇ ਤਰ੍ਹਾਂ ਵਾਰੋ ਵਾਰੀ ਸਾਰੀਆਂ ਕੁੜੀਆਂ ਥਾਲ਼ ਪਾਉਂਦੀਆਂ ਹਨ। ਅਖੀਰ ਵਿਚ ਸਾਰੀਆਂ ਕੁੜੀਆਂ ਦੇ ਥਾਲ਼ਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜਿਸ ਕੁੜੀ ਨੇ ਸਭ ਤੋਂ ਵਧ ਥਾਲ਼ ਪਾਏ ਹੋਣ ਉਸ ਨੂੰ ਜੇਤੂ ਕੁੜੀ ਮੰਨਿਆ ਜਾਂਦਾ ਹੈ।

ਥਾਲ਼ਾਂ ਦੀ ਲੰਬਾਈ ਵਿਚ ਥੋਹੜਾ ਬਹੁਤਾ ਹੀ ਅੰਤਰ ਹੁੰਦਾ ਹੈ ਪਰੰਤੂ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇਕ ਖਾਸ ਸੁਰ ਤੇ ਤਾਲ ਨਾਲ਼ ਗਾਏ ਜਾਂਦੇ ਹਨ। ਕਿਕਲੀ ਦੇ ਗੀਤਾਂ ਵਾਂਗ ਇਹਨਾਂ ਦੀ ਬਣਤਰ ਵੀ ਸੰਜਮੀ ਸ਼ਬਦਾਂ ਰਾਹੀਂ ਤੁਕਾਂਤ ਮੇਲ ਕੇ ਸਿਰਜੀ ਜਾਂਦੀ ਹੈ। ਗਾਉਣ ਵਾਲ਼ੀ ਕੁੜੀ ਅਪਣੀ ਕਲਪਨਾ ਅਨੁਸਾਰ ਸ਼ਬਦਾਂ ਦੀ ਘਾੜਤ ਘੜਦੀ ਹੈ।

ਥਾਲ਼ ਪਾਉਂਦੀਆਂ ਕੁੜੀਆਂ ਦੀ ਉਮਰ ਬਚਪਨ ਅਤੇ ਜਵਾਨੀ ਦੇ ਵਿਚਕਾਰ ਹੋਣ ਕਰਕੇ ਉਹਨਾਂ ਦਾ ਸੰਸਾਰ ਆਪਣੇ ਭੈਣਾਂ ਭਰਾਵਾਂ, ਭਰਜਾਈਆਂ ਅਤੇ ਆਪਣੇ ਮਾਂ ਬਾਪ ਦੇ ਆਲ਼ੇ ਦੁਆਲ਼ੇ ਹੀ ਉਸਰਿਆ ਹੁੰਦਾ ਹੈ ਇਸ ਲਈ ਉਹ ਆਪਣੇ ਥਾਲ਼ਾਂ ਦੇ ਗੀਤਾਂ ਵਿਚ ਉਹਨਾਂ ਦਾ ਜ਼ਿਕਰ ਵਾਰ ਵਾਰ ਕਰਦੀਆਂ ਹਨ- ਵੀਰਾਂ ਲਈ ਭੈਣਾਂ ਦਾ ਡੁਲ੍ਹ, ਡੁਲ੍ਹ ਪੈਂਦਾ ਪਿਆਰ ਅਤੇ ਆਪਣੇ ਮਾਂ ਬਾਪ ਪ੍ਰਤੀ ਮੋਹ ਦਾ ਪ੍ਰਗਟਾਵਾ ਕਰਦੀਆਂ ਕੁੜੀਆਂ ਦੇ ਬੋਲ ਵਾਵਾਂ ਵਿਚ ਮੋਹ ਮੁਹੱਬਤਾਂ ਦੀ ਸੁਗੰਧੀ ਵਖੇਰ ਦੇਂਦੇ ਹਨ। ਖਿੱਦੋ ਦੇ ਬੜ੍ਹਕਣ ਅਥਵਾ ਟੱਪਾ ਲਾਉਣ ਨਾਲ਼ ਹੀ ਥਾਲ਼ ਦੇ ਬੋਲ ਵਿਸ਼ੇਸ਼ ਤਾਲ ਦੇ ਸੁਰ ਵਿਚ ਸੁਣਾਈ ਦੇਂਦੇ ਹਨ। ਪਹਿਲਾ ਥਾਲ਼ ਆਰੰਭ ਹੁੰਦਾ ਹੈ:-

ਥਾਲ਼ ਥਾਲ਼ ਥਾਲ਼
ਮਾਂ ਮੇਰੀ ਦੇ ਲੰਮੇ ਵਾਲ਼
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ ਲਵਾਇਆ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ ਰੂੜ੍ਹ ਪਾਣੀਆਂ
ਸੁਰਮੇਂ ਦਾਨੀਆਂ
ਸੁਰਮਾਂ ਪਾਵਾਂ
ਕੱਜਲ ਪਾਵਾਂ
ਪਾਵਾਂ ਫੁਲ ਗੁਲਾਬ ਦਾ
ਭਾਬੋ ਮੇਰੀ ਜ਼ੁਲਫਾਂ ਵਾਲ਼ੀ
ਵੀਰ ਮੇਰਾ ਸਰਦਾਰ
ਆਲ ਮਾਲ
ਹੋਇਆ ਬੀਬੀ
ਪਹਿਲਾ ਥਾਲ਼

29/ ਸ਼ਗਨਾ ਦੇ ਗੀਤ