ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੰਬੇ ਗੌਣ-ਬਿਰਹੜੇ

ਪੰਜਾਬੀ ਦੇ ਲੰਬੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਸੁਆਣੀਆਂ "ਲੰਬੇ ਗੌਣ" ਦਾ ਨਾਂ ਪੈਂਦੀਆਂ ਹਨ-ਇਹਨਾਂ ਨੂੰ 'ਝੇੜੇ’ ਅਤੇ ‘ਬਿਰਹੜੇ ਆਦਿ ਨਾਵਾਂ ਨਾਲ਼ ਵੀ ਜਾਣਿਆਂ ਜਾਂਦਾ ਹੈ। ਇਹ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਅਜਿਹੇ ਲੋਕ ਗੀਤ ਹਨ ਜਿਨ੍ਹਾਂ ਵਿਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ਼ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਬੀਆਂ ਹੇਕਾਂ ਲਾ ਕੇ ਗਾਉਂਦੀਆਂ ਹਨ। ਇਹਨਾਂ ਨੂੰ ਇਕ ਜਾਂ ਦੋ ਦੋ ਦੇ ਜੋਟੇ ਬਣਾਕੇ ਸਾਂਝੀ ਹੇਕ ਨਾਲ਼ ਗਾਇਆ ਜਾਂਦਾ ਹੈ-ਇਕ ਧਿਰ ਗੀਤ ਦਾ ਇਕ ਅੰਤਰਾ ਗਾਉਂਦੀ ਹੈ ਤੇ ਦੂਜੀ ਧਿਰ ਅਗਲੇ ਅੰਤਰੇ ਦੇ ਬੋਲ ਬੋਲਦੀ ਹੈ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜ਼ੋਖਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਨ ਵਾਲੇ ਇਹਨਾਂ ਗੀਤਾਂ ਨੂੰ ਔਰਤ ਨੇ ਖ਼ੁਦ ਸਿਰਜਿਆ ਹੈ। ਇਹ ਉਸ ਦੀ ਧੁਰ ਅੰਦਰੋਂ ਨਿਕਲ਼ੀ ਕਣੀ ਦੀਆਂ ਹੂਕਾਂ ਹਨ ....ਧੂਹ ਪਾਉਂਦੀਆਂ ਦਿਲ ਦੀਆਂ ਆਵਾਜ਼ਾਂ। ਜਦੋਂ ਉਹ ਇਹਨਾਂ ਨੂੰ ਕਰੁਣਾਮਈ ਸੁਰ ਵਿਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਾਉਕੇ ਸੁਣਾਈ ਦੇਣ ਲਗਦੇ ਹਨ। ਅੱਖਾਂ ਭਰ ਭਰ ਜਾਂਦੀਆਂ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਆਪਣੀਆਂ ਭਾਵਿਕ ਤ੍ਰਿਸ਼ਨਾਵਾਂ, ਅਤ੍ਰਿਪਤ ਕਾਮੁਕ ਉਮੰਗਾਂ ਅਤੇ ਜੀਵਨ ਦੇ ਹੋਰ ਅਨੇਕਾਂ ਵਗੋਚਿਆਂ ਦਾ ਸੰਚਾਰ ਇਹਨਾਂ ਵੇਦਨਾਤਮਕ ਸੁਰ ਵਾਲ਼ੇ ਗੌਣਾਂ ਰਾਹੀਂ-ਕੀਤਾ ਹੈ।
ਇਹਨਾਂ ਗੌਣਾਂ ਵਿਚ ਪੰਜਾਬ ਦੇ ਸਾਂਸਕ੍ਰਿਤਕ ਜੀਵਨ ਦੇ ਦ੍ਰਿਸ਼ ਸਾਫ ਦਿਸ ਆਉਂਦੇ ਹਨ। ਖੂਹਾਂ ਤੇ ਪਾਣੀ ਭਰਦੀਆਂ ਮੁਟਿਆਰਾਂ, ਤ੍ਰਿੰਜਣਾਂ 'ਚ ਕੱਤਦੀਆਂ ਸੁਆਣੀਆਂ ਅਤੇ ਪੀਂਘਾਂ ਝੂਟਦੀਆਂ ਅਲ੍ਹੜ ਮੁਟਿਆਰਾਂ ਦੀਆਂ ਝਲਕੀਆਂ ਤੋਂ ਇਲਾਵਾ ਘੋੜੇ ਤੇ ਅਸਵਾਰ ਭੈਣਾਂ ਨੂੰ ਮਿਲਣ ਆਉਂਦੇ ਵੀਰ ਅਤੇ ਡੋਲੀ ਚੁੱਕੀ ਜਾਂਦੇ ਕਹਾਰਾਂ ਦੀਆਂ ਟੋਲੀਆਂ ਦੇ ਝਲਕਾਰੇ ਵੀ ਇਹਨਾਂ ਗੀਤਾਂ 'ਚ ਨਜ਼ਰੀ ਪੈਂਦੇ ਹਨ। ਇਹ ਉਸ ਜ਼ਮਾਨੇ ਦੀ ਬਾਤ ਪਾਉਂਦੇ ਹਨ ਜਦੋਂ ਪੰਜਾਬ ਦੇ ਪਿੰਡਾਂ ਦੀ ਆਰਥਕ ਹਾਲਤ ਬਹੁਤ ਮਾੜੀ ਸੀ-ਖੇਤੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਹੋਈ ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ, ਨਦੀਆਂ ਨਾਲ਼ਿਆਂ ਤੇ ਕੋਈ ਪੁਲ਼ ਨਹੀਂ।

35/ਸ਼ਗਨਾ ਦੇ ਗੀਤ