ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਛਮਣ ਜੇਠ ਜਤੀ ਨਾ ਕੋਈ
ਰਾਮ ਜੇਡ ਨਾ ਭਰਾਤਾ
ਬਾਬੇ ਨਾਨਕ ਜੇਡਾ ਭਗਤ ਨਾ ਕੋਈ
ਜਿਸ ਹਰਕਾ ਨਾਮ ਪਛਾਤਾ
ਦੁਨੀਆਂ ਮਾਣ ਕਰਦੀ-
ਰੱਬ ਸਭਨਾਂ ਦਾ ਦਾਤਾ

ਬੋਲੀਆਂ ਦਾ ਅਖਾੜਾ ਮਘਦੇ ਸਾਰ ਹੀ ਕੋਈ ਵੈਰਾਗ ਵਿਚ ਗਾ ਉਠਦਾ ਹੈ:-

ਸੱਜਣ ਸੁਆਮੀ ਮੇਰਾ
ਮਿੱਠੇ-ਮਿੱਠੇ ਬੋਲ ਬੋਲਦਾ
*
ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀ ਆਂ ਮੈਂ ਤੇਰੇ ਨਾਮ ਦੀ
*
ਅਮਲਾਂ ਤੇ ਹੋਣਗੇ ਨਬੇੜੇ
ਜਾਤ ਕਿਸੇ ਪੁਛਣੀ ਨਹੀਂ
*
ਹਿਉਮੇ ਵਾਲ਼ਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
*
ਕਿੱਕਰਾਂ ਦੇ ਬੀਜ ਬੀਜ ਕੇ
ਕਿਥੋਂ ਮੰਗਦੈਂ ਦਸੌਰੀ ਦਾਖਾਂ

ਮੁਢ ਕਦੀਮ ਤੋਂ ਹੀ ਪੰਜਾਬ ਪ੍ਰਾਂਤ ਖੇਤੀ ਪ੍ਰਧਾਨ ਪ੍ਰਾਂਤ ਰਿਹਾ ਹੈ ਜਿਸ ਸਦਕਾ ਪੰਜਾਬੀ ਲੋਕ ਸਾਹਿਤ ਵਿਚ ਕਿਸਾਨੀ ਸੰਸਕ੍ਰਿਤੀ ਅਤੇ ਸਭਿਆਚਾਰ ਦੇ ਅਵਸ਼ੇਸ਼ ਵਿਦਮਾਨ ਹਨ। ਪੰਜਾਬ ਦੀ ਧਰਤੀ ਤੇ ਲਹਿ ਲਹਾਂਦੀਆਂ ਫਸਲਾਂ, ਮਹਿਕਾਂ ਵੰਡਦੇ ਰੁੱਖਾਂ ਤੇ ਫੁਲ ਬੂਟਿਆਂ ਨੇ ਪੰਜਾਬੀ ਲੋਕ ਮਨ ਨੂੰ ਟੁੰਬਿਆ ਹੈ ਜਿਸ ਕਰਕੇ ਉਸ ਨੇ ਇਹਨਾਂ ਬਾਰੇ ਸੁਹਜ ਭਰਪੂਰ ਬੋਲੀਆਂ ਦੀ ਸਿਰਜਣਾ ਕੀਤੀ ਹੈ। ਕਣਕ, ਮੱਕੀ, ਕਪਾਹ, ਛੋਲੇ, ਸਰ੍ਹੋਂ, ਬਾਜਰਾ, ਚਰ੍ਹੀ, ਅਲਸੀ, ਮੂੰਗੀ, ਜੌਂ, ਕਰੇਲੇ, ਕੱਦੂ, ਮੂੰਗਰੇ ਤੇ ਖਰਬੂਜ਼ਿਆਂ ਬਾਰੇ ਅਨੇਕਾਂ ਬੋਲੀਆਂ ਪ੍ਰਾਪਤ ਹਨ:-

ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਨੀ ਆਂ
ਛਾਵੇਂ ਬਹਿਕੇ ਖਾਵਾਂਗੇ
ਚਿਤ ਕਰੂ ਮੁਕਲਾਵੇ ਜਾਵਾਂਗੇ
*

45/ ਸ਼ਗਨਾਂ ਦੇ ਗੀਤ