ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਚਨਾ ਨਹੀਂ ਹੁੰਦੀਆਂ ਬਲਕਿ ਸਮੂਹਕ ਰੂਪ ਵਿਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹਨ ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਈਆਂ ਹਨ ਅਤੇ ਸਦੀਆਂ ਦਾ ਪੈਂਡਾ ਤੈਅ ਕਰਕੇ ਮੂੰਹੋਂ ਮੂੰਹੀ ਸਾਡੇ ਤੀਕ ਪੁੱਜੀਆਂ ਹਨ।
 ਇਹਨਾਂ ਦੇ ਰਚਨਹਾਰਿਆਂ ਦੇ ਨਾਵਾਂ ਥਾਵਾਂ ਦਾ ਵੀ ਕੋਈ ਥਹੁ-ਟਿਕਾਣਾ ਨਹੀਂ। ਗਿੱਧੇ ਦੀਆਂ ਬੋਲੀਆਂ ਨੂੰ ਜੇਕਰ ਪੰਜਾਬੀਆਂ ਦਾ 'ਲੋਕ ਵੇਦ' ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸਾਂਸਕ੍ਰਿਤਕ ਜ਼ਿੰਦਗੀ ਦਾ ਇਤਿਹਾਸ ਇਹਨਾਂ ਵਿਚ ਵਿਦਮਾਨ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ ਜਿਸ ਬਾਰੇ ਬੋਲੀਆਂ ਦੀ ਰਚਨਾ ਨਾ ਕੀਤੀ ਗਈ ਹੋਵੇ। ਇਕ ਲੜੀਆਂ ਬੋਲੀਆਂ ਅਥਵਾ ਟੱਪੇ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ ਜਿਨ੍ਹਾਂ ਨੂੰ ਉਹ ਪਰਮਾਣ ਵਜੋਂ ਆਪਣੇ ਨਿਤ-ਵਿਹਾਰ ਤੇ ਬੋਲ ਚਾਲ ਵਿਚ ਵਰਤਦੇ ਹਨ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਵਿਗੋਚਿਆਂ, ਸਾਕਾਦਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਹਨਾਂ ਵਿਚ ਜਨ ਜੀਵਨ ਦੀ ਆਤਮਾ ਧੜਕਦੀ ਹੈ। ਇਹ ਸਦੀਆਂ ਪੁਰਾਣੇ ਪੰਜਾਬ ਦੇ ਸਾਂਸਕ੍ਰਿਤਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿਚ ਲਕੋਈ ਬੈਠੀਆਂ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਤੁਸੀਂ ਪੰਜਾਬ ਦੇ ਸਭਿਆਚਾਰਕ ਵਿਰਸੇ ਤੋਂ ਜਾਣੂ ਹੋ ਸਕਦੇ ਹੋ। ਗਿੱਧੇ ਦੀਆਂ ਬੋਲੀਆਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਹਨਾਂ ਨੂੰ ਸਮਾਜਿਕ, ਸਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵਾਚਣ ਅਤੇ ਅਧਿਐਨ ਕਰਨ ਦੀ ਲੋੜ ਹੈ। ਇਹ ਸਾਡੀ ਮੁਲਵਾਨ ਵਿਰਾਸਤ ਦੇ ਅਣਵਿਧ ਮੋਤੀ ਹਨ।
ਜਦੋਂ ਗਿੱਧੇ ਦਾ ਪਿੜ ਮੱਘਦਾ ਹੈ ਤਾਂ ਸਭ ਤੋਂ ਪਹਿਲਾਂ ਭਗਤੀ ਭਾਵ ਵਾਲ਼ੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਗੁਰੂ ਬੰਦਨਾ ਕੀਤਾ ਜਾਂਦੀ ਹੈ:-

ਗੁਰੂ ਧਿਆਕੇ ਮੈਂ ਪਾਵਾਂ ਬੋਲੀ
ਸਭ ਨੂੰ ਫਤਿਹ ਬੁਲਾਵਾਂ
ਬੇਸ਼ਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈਵਾਲ਼ੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ--
ਮੈਂ ਵਧ ਕੇ ਜਸ ਗਾਵਾਂ
ਕੋਈ ਬੋਲੀਕਾਰ ਰੱਬ ਦਾ ਸ਼ੁਕਰਾਨਾ ਕਰਦਾ ਹੋਇਆ ਬੋਲੀ ਪਾਉਂਦਾ ਹੈ:-
ਧਰਤੀ ਜੇਡ ਗ਼ਰੀਬ ਨਾ ਕੋਈ
ਇੰਦਰ ਜੇਡ ਨਾ ਦਾਤਾ
ਬ੍ਰਹਮਾ ਜੇਡ ਨਾ ਪੰਡਤ ਕੋਈ
ਸੀਤਾ ਜੇਡ ਨਾ ਮਾਤਾ

44/ਸ਼ਗਨਾਂ ਦੇ ਗੀਤ