ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/45

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਗਿੱਧੇ ਦੀਆਂ ਬੋਲੀਆਂ

ਗਿੱਧੇ ਦੀਆਂ ਬੋਲੀਆਂ ਪੰਜਾਬੀਆਂ ਦਾ ਸਭ ਤੋਂ ਵਧ ਹਰਮਨ ਪਿਆਰਾ ਲੋਕ-ਕਾਵਿ ਰੂਪ ਹੈ! ਗਿੱਧੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੇ ਹਨ ਤੇ ਉਹਨਾਂ ਦੇ ਸਰੀਰਾਂ ਵਿਚ ਮਸਤੀ ਦੀ ਲਹਿਰ ਦੌੜ ਜਾਂਦੀ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਿੱਧੇ ਦਾ ਰੰਗ ਨਾ ਮਾਣਿਆ ਹੋਵੇ। ਗਿੱਧਾ ਪੰਜਾਬੀਆਂ ਵਿਸ਼ੇਸ਼ ਕਰਕੇ ਪੰਜਾਬੀ ਮੁਟਿਆਰਾਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜੋ ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਨੱਚਿਆ (ਪਾਇਆ) ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵ-ਭਾਵ ਪ੍ਰਗਟਾਉਣ ਵਾਲੀਆਂ ਬੋਲੀਆਂ ਵੀ ਨਾਲੋਂ ਨਾਲ਼ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।
ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿਚ ਉਪਲਭਧ ਹਨ। ਇਹ ਦੋ ਪ੍ਰਕਾਰ ਦੀਆਂ ਹਨ ਲੰਬੀਆਂ ਤੇ ਇਕ ਲੜੀਆਂ। ਇਕ ਲੜੀਆਂ ਬੋਲੀਆਂ ਨੂੰ ਮਲਵਈ ਟੱਪੇ ਵੀ ਆਖਦੇ ਹਨ। ਇਹ ਮਾਲਵਾ ਖੇਤਰ ਵਿਚ ਵਧੇਰੇ ਪ੍ਰਚੱਲਤ ਹਨ। ਲੰਬੀ ਬੋਲੀ ਨੂੰ ਅਖਾੜੇ ਵਿਚੋਂ ਨਿਕਲਕੇ ਇਕ ਜਣਾ ਲੰਬੀ ਬਾਂਹ ਕਰਕੇ , ਉਚੀ ਸੁਰ ਵਿਚ ਪਾਉਂਦਾ ਹੈ ਤੇ ਬੋਲੀ ਦੀਆਂ ਅੰਤਲੀਆਂ ਦੋ ਲਾਇਨਾਂ ਜਿਨ੍ਹਾਂ ਨੂੰ ਅੰਤਰਾ ਕਹਿੰਦੇ ਹਨ ਨੂੰ ਬਾਕੀ ਦੇ ਗਿੱਧਾ ਪਾਉਣ ਵਾਲੇ ਚੁੱਕ ਕੇ ਤਾੜੀਆਂ ਦੇ ਨਾਲ਼ ਨਾਲ਼ ਉੱਚੀ ਸੁਰ ਵਿਚ ਗਾਉਂਦੇ ਹਨ। ਇਕ ਲੜੀਆਂ ਬੋਲੀਆਂ ਨੂੰ ਟੱਪੇ ਜਾਂ ਇਕ ਤੁਕੀਆਂ ਬੋਲੀਆਂ ਵੀ ਆਖਦੇ ਹਨ। ਡਾ ਆਤਮ ਹਮਰਾਹੀ ਅਨੁਸਾਰ “ਸੰਸਾਰ ਕਾਵਿ ਵਿਚ ਛੋਟੀ ਅਨੁਪਮ ਤੇ ਸੰਪੂਰਨ ਕਵਿਤਾ ਦੇ ਪੰਜ ਰੂਪ ਹਨ-ਗ਼ਜ਼ਲ ਦਾ ਸ਼ਿਅਰ, ਅੰਗਰੇਜ਼ੀ ਦਾ ਕਪਲੈਟ, ਪਿੰਗਲ ਦਾ ਦੋਹਰਾ-ਸੋਰਠਾ, ਮਲਵਈ ਟੱਪੇ ਅਤੇ ਜਾਪਾਨੀ ਹਾਇਕੂ | ਮਲਵਈ ਟੱਪੇ ਆਪਣੀ ਕਾਵਿ ਸਮੱਗਰੀ ਦੀ ਅਨੁਪਮਤਾ ਕਾਰਨ ਸੰਸਾਰ ਭਰ ਦੀ ਉੱਤਮ ਕਾਵਿ ਪ੍ਰਾਪਤੀ ਹਨ ।*
ਅਲੰਕਾਰਾਂ, ਉਪਮਾਵਾਂ ਅਤੇ ਨਾਜ਼ਕ ਖਿਆਲੀ ਨਾਲ ਗਲੇਫੀਆਂ ਗਿੱਧੇ ਦੀਆਂ ਇਹ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਸਰਬੋਤਮ ਰੂਪ ਹਨ ਜਿਸ ਸਦਕਾ ਇਹਨਾਂ ਦਾ ਪੰਜਾਬੀ ਲੋਕ ਸਾਹਿਤ ਵਿਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ।ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਬੋਲੀਆਂ ਕਿਸੇ ਇਕ ਵਯੰਕਤੀ ਵਿਸ਼ੇਸ਼ ਦੀ
" ਖੰਡ ਮਿਸ਼ਰੀ ਦੀਆਂ ਡਲ਼ੀਆਂ", ਪੰਨਾ:151

43/ਸ਼ਗਨਾਂ ਦੇ ਗੀਤ