ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ
ਜੇ ਵੀਰਾ ਤੇਰਾ ਉੱਚਾ ਵੇ ਬੰਗਲਾ
ਬਾਲ ਚੁਫੇਰੇ ਦੀ ਆਵੇ
ਜੇ ਵੀਰਾ ਤੇਰੀ ਪਤਲੀ ਵੇ ਨਾਜੋ
ਸੱਗੀਆਂ ਦੇ ਨਾਲ਼ ਸੁਹਾਵੇ
ਵੀਰਾ ਤੇਰੀ ਨੀਲੀ ਵੇ ਘੋੜੀ
ਬਾਗ ਚਰ ਘਰ ਆਵੇ

ਉਹ ਤਾਂ ਰਾਧਾ ਵਰਗੀ ਭਾਬੋ ਦੀ ਕਾਮਨਾ ਵੀ ਕਰਦੀ ਹੈ:-

ਵੇ ਵੀਰਾ ਤੇਰੀ ਨੀਲੀ ਵੇ ਘੋੜੀ
ਹਰੇ ਹਰੇ ਜੌਂ ਵੇ ਚੁੱਗੇ
ਦਾਦੀ ਸੁਪੱਤੀ ਤੇਰੇ ਸ਼ਗਨ ਕਰੇ
ਦਾਦਾ ਸੁਪੱਤਾ ਤੇਰੇ ਦੰਮ ਫੜੇ
ਰਾਧਾ ਵਿਆਹ ਘਰ ਆਉਣਾ ਵੇ

ਘੋੜੀ ਚੜ੍ਹਾਉਣ ਦੀ ਰਸਮ ਵੇਲ਼ੇ ਸੁਆਣੀਆਂ ਲਾੜੇ ਦੇ ਬਾਪ ਦਾਦੇ ਨੂੰ ਵਧਾਈਆਂ ਦੇ ਕੇ ਅਪਣੀ ਖ਼ੁਸ਼ੀ ਸਾਂਝੀ ਕਰਦੀਆਂ ਹਨ:-

ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੱਧੀ ਬਾਬੇ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ

ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੰਨ੍ਹੀ ਬਾਬਲ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ

87/ ਸ਼ਗਨਾਂ ਦੇ ਗੀਤ