ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/92

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਠਣੀਆਂ

"ਸਿਠਣੀਆਂ" ਪੰਜਾਬਣਾਂ ਦਾ ਹਰਮਨ ਪਿਆਰਾ ਲੋਕ ਕਾਵਿ ਰੂਪ ਹੈ। ਹੇਅਰੇ, ਸਿਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ਼ ਸੰਬੰਧਿਤ ਲੋਕ ਗੀਤ ਹਨ।
'ਮਹਾਨ ਕੋਸ਼' ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਸਿਠਣੀ ਦਾ ਭਾਵ ਅਰਥ ਵਯੰਗ ਨਾਲ਼ ਕਹੀ ਹੋਈ ਬਾਣੀ ਹੈ। ਵਿਆਹ ਸਮੇਂ ਇਸਤਰੀਆਂ ਜੋ ਗਾਲ਼ੀਆਂ ਨਾਲ਼ ਮਲ਼ਾ ਕੇ ਗੀਤ ਗਾਉਂਦੀਆਂ ਹਨ ਉਹਨਾਂ ਦੀ ਸਿਠਣੀ ਸਗੰਯਾ ਹੈ।"*
ਮਨੋਰੰਜਨ ਦੇ ਮਨੋਰਥ ਨਾਲ਼ ਸਿਠਣੀਆਂ ਰਾਹੀਂ ਇਕ ਧਿਰ ਦੂਜੀ ਧਿਰ ਦਾ ਵਿਅੰਗ ਰਾਹੀਂ ਮਖੌਲ ਉਡਾਉਂਦੀ ਹੈ। ਇਹ ਗੀਤ ਕਿਸੇ ਮੰਦਭਾਵਨਾ ਅਧੀਨ ਨਹੀਂ ਬਲਕਿ ਸਦਭਾਵਨਾ ਅਧੀਨ ਵਿਨੋਦ ਭਾਵ ਉਪਜਾਉਣ ਲਈ ਗਾਏ ਜਾਂਦੇ ਹਨ। ਇਹ ਸੰਬੋਧਨੀ ਗੀਤ ਹਨ ਜਿਨ੍ਹਾਂ ਨੂੰ ਇਸਤਰੀਆਂ ਦੂਜੀ ਧਿਰ ਨੂੰ ਸੰਬੋਧਿਤ ਹੋ ਕੇ ਗਾਉਂਦੀਆਂ ਹਨ। ਸਿਠਣੀਆਂ ਗਾਉਣ ਨੂੰ ਸਿਠਣੀਆਂ ਦੇਣਾ ਆਖਿਆ ਜਾਂਦਾ ਹੈ। ਸਿਠਣੀਆਂ ਕੇਵਲ ਔਰਤਾਂ ਹੀ ਦੇਂਦੀਆਂ ਹਨ ਮਰਦ ਨਹੀਂ।
ਮੰਗਣੇ ਅਤੇ ਵਿਆਹ ਦੇ ਅਵਸਰ ਤੇ ਨਾਨਕੀਆਂ ਦਾਦਕੀਆਂ ਵਲੋਂ ਇੱਕ ਦੂਜੇ ਨੂੰ ਦਿੱਤੀਆਂ ਸਿਠਣੀਆਂ ਅਤੇ ਜੰਜ ਦੇ ਬਰਾਤੀਆਂ ਦਾ ਸਿਠਣੀਆਂ ਨਾਲ਼ ਕੀਤਾ ਸੁਆਗਤ ਦੋਹਾਂ ਧਿਰਾਂ ਲਈ ਖੁਸ਼ੀ ਪ੍ਰਦਾਨ ਕਰਦਾ ਹੈ।
ਵਿਆਹ ਦਾ ਸਮਾਂ ਹਾਸ ਹੁਲਾਸ ਦਾ ਸਮਾਂ ਹੁੰਦਾ ਹੈ। ਇਸ ਅਵਸਰ ਤੇ ਪੰਜਾਬੀ ਅਪਣੇ ਖਿੜਵੇਂ ਰੌਂ ਵਿਚ ਨਜ਼ਰ ਆਉਂਦੇ ਹਨ। ਪੰਜਾਬੀਆਂ ਦਾ ਖੁਲ੍ਹਾ ਡੁਲ੍ਹਾ ਹਾਸਾ ਤੇ ਸੁਭਾਅ ਵਿਆਹ ਸਮੇਂ ਹੀ ਉਘੜਵੇਂ ਰੂਪ ਵਿਚ ਪ੍ਰਗਟ ਹੁੰਦਾ ਹੈ।
ਪੁਰਾਤਨ ਸਮੇਂ ਤੋਂ ਹੀ ਇਹ ਰਵਾਇਤ ਚਲੀ ਆ ਰਹੀ ਹੈ। ਮੁੰਡੇ ਵਾਲ਼ੇ ਧੀ ਵਾਲ਼ਿਆਂ ਨਾਲ਼ੋਂ ਆਪਣੇ ਆਪ ਨੂੰ ਸਮਾਜਿਕ ਤੌਰ ਤੇ ਉਤਮ ਸਮਝਦੇ ਹਨ ਤੇ ਧੀ ਵਾਲ਼ਿਆਂ ਨੂੰ ਦੁਜੈਲੇ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ। ਜਿਸ ਕਰਕੇ ਧੀ ਵਾਲ਼ਿਆ ਵਿਚ ਹੀਨਭਾਵਨਾ ਪੈਦਾ ਹੋ ਜਾਂਦੀ ਹੈ! ਏਸ ਹੀਨਭਾਵਨਾ ਨੂੰ ਦੂਰ ਕਰਨ ਲਈ ਔਰਤਾਂ ਮੁੰਡੇ ਵਾਲ਼ੀ ਧਿਰ ਦਾ ਮਖੌਲ ਉਡਾਉਣ ਲਈ ਸਿਠਣੀਆਂ ਨੂੰ ਇਕ ਹਥਿਆਰ ਵਜੋਂ ਵਰਤਦੀਆਂ ਹਨ। ਇਸ ਤੋਂ ਇਲਾਵਾ ਇਹਨਾਂ ਰਾਹੀਂ ਉਹ ਆਪਣੇ ਮਨਾਂ ਦੇ ਗੁਭ ਗੁਵਾੜ ਵੀ ਕੱਢਦੀਆਂ ਹਨ। ਉਂਜ ਤੇ ਤੀਵੀਆਂ ਨੂੰ ਕੌਣ ਕੁਸਕਣ ਦੇਂਦਾ


  • ਭਾਈ ਕਾਨ੍ਹ ਸਿੰਘ, 'ਮਹਾਨ ਕੋਸ਼`, ਪੰਨਾ-195

92/ਸ਼ਗਨਾਂ ਦੇ ਗੀਤ