ਪੰਨਾ:ਸ਼ਤਰੰਜ ਕੇ ਖਿਲਾੜੀ.pdf/1

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਲਮ ਸਮੀਖਿਆ

ਸ਼ਤਰੰਜ ਕੇ ਖਿਲਾੜੀ (1977)

ਲੇਖਕ- ਤਰਸੇਮ ਬਸ਼ਰ

ਅੱਜ ਜਿਸ ਫ਼ਿਲਮ ਦੀ ਚਰਚਾ ਕਰ ਰਹੇ ਹਾਂ ਉਹ ਹੈ "ਸ਼ਤਰੰਜ ਕੇ ਖਿਲਾੜੀ"। ਇਸ ਫ਼ਿਲਮ ਦੇ ਨਿਰਦੇਸ਼ਕ ਸੱਤਿਆਜੀਤ ਰੇਅ ਸਨ ਤੇ ਇਹ ਕਹਾਣੀ ਇਸੇ ਨਾਂ ਤੇ ਮੁਨਸ਼ੀ ਪ੍ਰੇਮ ਚੰਦ ਵੱਲੋਂ ਲਿਖੀ ਗਈ ਸੀ। ਸੱਤਿਆਜੀਤ ਰੇਅ ਨੂੰ ਹਿੰਦੀ ਫ਼ਿਲਮ ਜਗਤ ਵਿੱਚ ਸਰਵ ਸ੍ਰੇਸ਼ਟ ਨਿਰਦੇਸ਼ਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਸੰਜੀਵ ਕੁਮਾਰ, ਸਈਦ ਜਾਫ਼ਰੀ, ਅਮਜ਼ਦ ਖਾਨ ਰਿਚਰਡ ਐਟਨਬਰੋ (ਅੰਗਰੇਜ਼ ਅਧਿਕਾਰੀ) ਫ਼ਰੀਦਾ ਜਲਾਲ ਅਤੇ ਫਾਰੂਕ ਸ਼ੇਖ ਨੇ ਨਿਭਾਈਆਂ ਸਨ।

ਇਸ ਫ਼ਿਲਮ ਨੂੰ ਵੀ ਚਰਚਾ ਮਿਲੀ ਸੀ ਤੇ ਮੁਨਸ਼ੀ ਪ੍ਰੇਮ ਚੰਦ ਦੀ ਇਹ ਕਹਾਣੀ ਵੀ ਬਹੁਤ ਚਰਚਿਤ ਸੀ। ਕਹਾਈ ਦਰ ਅਸਲ ਐਸ਼ਪ੍ਰਸਤ ਬਾਦਸ਼ਾਹਾਂ ਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਹੋਈ ਬਾਰੇ ਹੈ। 1856 ਦੇ ਲਖਨਊ ਦਾ ਜ਼ਿਕਰ ਹੈ ਜਦੋਂ ਨਵਾਬ ਵਾਜਿਦ ਅਲੀ ਸ਼ਾਹ ਖ਼ੁਦ ਐਸ਼ਪ੍ਰਸਤੀ ਵਿੱਚ ਡੁੱਬਿਆ ਹੋਇਆ ਸੀ ਤੇ ਪਰਜਾ ਵੀ ਅੰਗਰੇਜ਼ਾਂ ਦੀਆਂ ਚੜ੍ਹ ਰਹੀਆਂ ਫ਼ੌਜਾਂ ਤੋਂ ਬੇਪ੍ਰਵਾਹ ਵਿਚਰ ਰਹੀ ਸੀ ...ਮੁਨਸ਼ੀ ਪ੍ਰੇਮ ਚੰਦ ਅਨੁਸਾਰ ਅੰਗਰੇਜ਼ ਫ਼ੌਜਾਂ ਅਵਧ ਵੱਲ ਵਧ ਰਹੀਆਂ ਸਨ ਤੇ ਨੇੜੇ ਸਨ ਪਰ ਨਵਾਬ ਸਮੇਤ ਪਰਜਾ ਵੀ ਬੇਪ੍ਰਵਾਹ ਬੇਫ਼ਿਕਰ ਸੀ।

ਈਸਟ ਇੰਡੀਆ ਕੰਪਨੀ ਉਦੋਂ ਤਕ ਰਾਜਸ਼ਾਹੀ ਵਿਚ ਬਦਲ ਚੁੱਕੀ ਸੀ। ਇਸ ਕਹਾਣੀ ਵਿਚ ਅਵਧ ਦੇ ਉਸ ਹਿੱਸੇ ਦਾ ਜ਼ਿਕਰ ਹੈ ਜੋ ਹਾਲੇ ਈਸਟ ਇੰਡੀਆ ਕੰਪਨੀ ਦੇ ਅਧੀਨ ਨਹੀਂ ਸੀ ਆਇਆ ਤੇ ਇਹ ਇਲਾਕਾ ਲਖਨਊ ਦਾ ਹੈ ਜਿਸ ਦਾ ਨਵਾਬ ਵਾਜਿਦ ਅਲੀ ਸ਼ਾਹ ਹੈ । ਪਰ ਇਸ ਕਹਾਣੀ ਵਿੱਚ ਮੁੱਖ ਕਿਰਦਾਰ ਵਾਜਿਦ ਅਲੀ ਸ਼ਾਹ ਨਹੀਂ ਹੈ ਬਲਕਿ ਉਸ ਦੇ ਦੋ ਜ਼ਿਮੀਂਦਾਰ ਹਨ।

ਇਹ ਜ਼ਿਮੀਂਦਾਰ ਹਨ ਮਿਰਜ਼ਾ ਸੈਯਾਦ ਅਤੇ ਮੀਰ ਰੋਸ਼ਨ ਅਲੀ। ਮਿਰਜ਼ਾ ਸੈਯਾਦ ਦੀ ਭੂਮਿਕਾ ਸੰਜੀਵ ਕੁਮਾਰ ਨੇ ਕੀਤੀ ਸੀ ਤੇ ਮੀਰ ਰੌਸ਼ਨ ਅਲੀ ਦੀ ਭੂਮਿਕਾ ਸਈਅਦ ਜਾਫਰੀ ਨੇ। ਦੋਵੇਂ ਐਸ਼ਪ੍ਰਸਤ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਵੀ। ਉਨ੍ਹਾਂ ਨੂੰ ਸਮਾਜ ਅਤੇ ਦੇਸ਼ ਵਿੱਚ ਵਾਪਰ ਰਹੇ ਹਾਲਾਤਾਂ ਦੀ ਕੋਈ ਚਿੰਤਾ ਨਹੀਂ ਉਨ੍ਹਾਂ ਦਾ ਸ਼ੌਕ ਹੈ- ਸ਼ਤਰੰਜ ਖੇਡਣਾ।

ਸ਼ਤਰੰਜ ਦੀ ਬਾਜ਼ੀ ਚੱਲ ਪੈਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਸੁਧ ਨਹੀਂ ਰਹਿੰਦੀ। ਨਾ ਖਾਣ ਪੀਣ ਦੀ ਨਾ ਘਰ ਦੀ ਤੇ ਨਾ ਹੀ ਦੇਸ਼ ਦੇ ਵਿੱਚ ਵਧ ਰਹੇ ਅੰਗਰੇਜ਼ ਹਕੂਮਤ ਦੇ ਦਖ਼ਲ ਦੀ। ਉਨ੍ਹਾਂ ਦੀ ਸ਼ਤਰੰਜ ਤੋਂ ਘਰ ਵਾਲੇ ਵੀ ਦੁਖੀ ਹਨ .....ਕਹਾਈ ਵਿੱਚ ਇਸਦਾ ਜ਼ਿਕਰ ਨਹੀਂ ਮਿਲਦਾ ਪਰ ਫ਼ਿਲਮ ਵਿੱਚ ਮਿਲਦਾ ਹੈ ਕਿ ਮਿਰਜ਼ਾ ਸਯਾਦ ਦੀ ਪਤਨੀ ਅਕੀਲ ਨੂੰ ਪਸੰਦ ਕਰਦੀ ਹੈ। ਉਹ ਬਹੁਤ ਖੁਸ਼ ਹੈ ਕਿ ਸਤਰੰਜ ਕਰਕੇ ਮਿਰਜ਼ਾ ਸਾਹਿਬ ਹਰ ਦਮ ਘਰੇ ਹੀ ਟਿਕੇ ਰਹਿੰਦੇ ਹਨ।

ਸ਼ਤਰੰਜ ਦੀ ਬਾਜ਼ੀ ਅਕਸਰ ਮਿਰਜ਼ਾ ਸੱਯਾਦ ਦੇ ਘਰ ਲੱਗਦੀ ਹੈ... ਇਸ ਬਾਜ਼ੀ ਦਾ ਕੋਈ ਵਕਤ ਮੁਕੱਰਰ ਨਹੀਂ ਹੈ। ਇਹ ਲਗਾਤਾਰ ਚਲਦੀ ਰਹਿੰਦੀ ਹੈ ਤੇ ਨੌਕਰ ਪਰੇਸ਼ਾਨ ਹੁੰਦੇ ਰਹਿੰਦੇ ਹਨ। ਕੁੱਲ ਮਿਲਾ ਕੇ ਉਨ੍ਹਾਂ ਦੀ ਸ਼ਤਰੰਜ ਦੀ ਬਾਜ਼ੀ ਤੇ ਟੀਕਾ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਹਨ। ਪਰ ਦੋਹਾਂ ਨੂੰ ਹੀ ਇਸ ਦੀ ਪਰਵਾਹ ਨਹੀਂ ਹੈ।

ਇਕ ਦਿਨ ਮਿਰਜ਼ਾ ਸੱਯਾਦ ਦੇ ਘਰ ਇੱਕ ਅੰਗਰੇਜ਼ ਅਧਿਕਾਰੀ ਆਉਂਦਾ ਹੈ। ਮਿਰਜ਼ਾ ਸੱਯਾਦ ਉਸ ਅਧਿਕਾਰੀ ਨੂੰ ਨਹੀਂ ਮਿਲਦਾ ਪਰ ਉਹ ਅਧਿਕਾਰੀ ਉਸ ਦੇ ਨੌਕਰ ਨੂੰ ਇਹ ਸੁਨੇਹਾ ਲਾ ਕੇ ਜਾਂਦਾ ਹੈ ਕਿ ਮਿਰਜ਼ਾ ਸਾਹਿਬ ਨੂੰ ਸ਼ਾਇਦ ਮੋਰਚੇ ਤੇ ਜਾਣਾ ਪਵੇ ...ਉਹ ਕੱਲ੍ਹ ਫਿਰ ਆਏਗਾ ਤੇ ਮਿਰਜ਼ਾ ਸੱਯਾਦ ਨੂੰ ਲੈ ਜਾਵੇਗਾ। ਉਹ ਦੱਸਦਾ ਹੈ ਕਿ ਇਹ ਨਵਾਬ ਸਾਹਿਬ ਦੀ ਸਹਿਮਤੀ ਨਾਲ ਜਾਰੀ ਕੀਤਾ ਗਿਆ ਪ੍ਰਸ਼ਾਸਨਿਕ ਫ਼ੈਸਲਾ ਹੈ।

ਮਿਰਜ਼ਾ ਸੈਯਾਦ ਐਸ਼ਪ੍ਰਸਤੀ ਦਾ ਜੀਵਨ ਜਿਉਂਦਿਆਂ ਹੁਣ ਇਸ ਹਾਲਤ ਵਿੱਚ ਨਹੀਂ ਕਿ ਉਹ ਕਿਸੇ ਤਰ੍ਹਾਂ ਦਾ ਜੋਖਮ ਲੈ ਲਵੇ। ਉਹ ਚਿੰਤਾਵਾਂ ਚ ਘਿਰ ਜਾਂਦਾ ਹੈ, ਉਸ ਨੂੰ ਪਤਾ ਹੈ ਕਿ ਉਹ ਹੁਣ ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿੱਚ ਨਹੀਂ ਜਾ ਸਕਦਾ...ਇਸ ਉਸ ਲਈ ਤਕਲੀਫ਼ ਦੇਹ ਹੈ ...ਦਰਅਸਲ ਉਹ ਲੜਾਈ ਦੇ ਨਾਂ ਤੋਂ ਹੀ ਡਰ ਰਿਹਾ ਹੈ। ਉਹ ਆਪਣੀ ਸਮੱਸਿਆ ਆਪਣੇ ਸ਼ਤਰੰਜ ਦੇ ਸਾਥੀ ਮੀਰ ਰੌਸ਼ਨ ਅਲੀ ਨੰ ਦੱਸਦਾ ਹੈ।

ਮੀਰ ਰੋਸ਼ਨ ਅਲੀ ਉਸ ਤੋਂ ਵੀ ਵੱਡਾ ਐਸ਼ਪ੍ਰਸਤ ਜ਼ਿਮੀਂਦਾਰ ਹੈ ..ਉਸ ਦਾ ਵੀ ਬਹੁਤਾ ਜੀਅ ਸ਼ਤਰੰਜ ਦੀ ਬਾਜ਼ੀ ਖੇਡਦਿਆਂ ਹੀ ਪਰਚਦਾ ਹੈ । ਮੀਰ, ਮਿਰਜ਼ਾ ਨੂੰ ਇੱਕ ਤਰਕੀਬ ਦੱਸਦਾ ਹੈ। ਉਹ ਸੁਝਾਓ ਦਿੰਦਾ ਹੈ ਕਿ ਉਹ ਸਵੇਰੇ-ਸਵੇਰੇ ਹੀ ਸ਼ਤਰੰਜ ਅਤੇ ਬਾਕੀ ਸਾਮਾਨ ਲੈ ਕੇ ਵੀਰਾਨੇ ਵਿਚ ਉਜਾੜ ਪਈ ਮਸਜਿਦ ਤੇ ਚਲੇ ਜਾਣਗੇ ਅਤੇ ਉਥੇ ਸ਼ਾਮ ਨੂੰ ਵਾਪਸ ਆਉਣਗੇ ਤਾਂ ਸਮੱਸਿਆ ਦਾ ਹੱਲ ਹੋ ਜਾਵੇਗਾ। ਨਾ ਮਿਰਜ਼ਾ ਸਾਹਿਬ ਘਰੇ ਮਿਲਣਗੇ ਨਾ ਹੀ ਕਿਤੇ ਜਾਣਾ ਪਵੇਗਾ।