ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਸੀ/ਹੈ ਮੰਗਲ ਮਦਾਨ

ਕਿਸੇ ਪਰਿਵਾਰ 'ਚੋਂ ਜਦੋਂ ਕੋਈ ਜੀਅ ਵਿਛੜ ਜਾਂਦਾ ਹੈ ਤਾਂ ਨਿਆਣੇ ਨਿੱਕੇ, ਵੱਡਿਆਂ ਨੂੰ ਅਕਸਰ ਪੁੱਛਦੇ ਨੇ, ਕਿ ਮਰਨ ਵਾਲਾ ਕਿੱਥੇ ਗਿਆ? ਵੱਡੇ ਉਮਰ ਅਸਮਾਨ ਵੱਲ ਇਸ਼ਾਰਾ ਕਰਕੇ ਆਖਦੇ ਨੇ, 'ਓਥੇ', ਬੱਚੇ ਝਿਲਮਿਲਾਉਂਦੇ ਅਸਮਾਨ 'ਚੋਂ ਕਿਸੇ ਖਾਸ ਤਾਰੇ ਨੂੰ ਆਪਣਾ ਵਿਛੜਿਆ ਜੀਅ ਮਿਥ ਕੇ ਕਾਲਪਨਿਕ ਸੰਸਾਰ ਵਿੱਚ ਗੁਆਚ ਜਾਂਦੇ ਨੇ।

ਪਰ ਕੀ ਸ਼ਾਇਰ ਮੰਗਲ ਮਦਾਨ ਨੂੰ ਇਹ ਸ਼ਿਅਰ ਲਿਖਣ ਵੇਲੇ ਇਲਮ ਸੀ ਕਿ ਉਹ ਏਨੀ ਛੇਤੀ ਵਸਦਾ ਰਸਦਾ ਮੁਹੱਲਾ ਮਿੱਠੀ ਖੂਹੀ ਛੱਡ ਕੇ ਤਾਰਿਆਂ ਵਿੱਚੋਂ ਇੱਕ ਤਾਰੇ ਮੰਗਲ ਗ੍ਰਹਿ ਉੱਤੇ ਅਣਦਿਸਦੀ ਕੋਠੀ ਪਾ ਲਵੇਗਾ?

ਛੱਡ ਮੁਹੱਲਾ ਮਿੱਠੀ ਖੂਹੀ ਮੰਗਲ ਨੇ
ਮੰਗਲ ਗ੍ਰਹਿ 'ਤੇ ਅੱਜਕਲ੍ਹ ਕੋਠੀ ਪਾਈ ਹੈ।

ਹੋ ਸਕਦਾ ਹੈ ਇਹ ਸ਼ਿਅਰ ਮੰਗਲ ਨੇ ਸਹਿਜ ਸੁਭਾ ਲਿਖਿਆ ਹੋਵੇ, ਫੇਰ ਵੀ ਮੈਨੂੰ ਲਗਦੈ ਉਹਨੂੰ ਇਹ ਦੁਨੀਆਂ ਏਨੀ ਛੇਤੀ ਛਡ ਜਾਣ ਦੀ ਅਣਜਾਣੀ ਸੋਝੀ ਜ਼ਰੂਰ ਸੀ। ਏਨੇ ਜਿੰਦਾਦਿਲ ਇਨਸਾਨ ਦਾ ਵਿਛੋੜਾ ਪਰਿਵਾਰ ਵਾਲਿਆਂ ਕਿਵੇਂ ਝੱਲਿਆ ਹੋਵੇਗਾ, ਇਹ ਸੋਚ ਸਮਝ ਤੋਂ ਪਰ੍ਹੇ ਦੀ ਗੱਲ ਹੈ। ਉਸ ਵੇਲੇ ਰਿਸ਼ੀ ਹੋਰੀਂ ਵੀ ਏਨੇ ਮਾਸੂਮ ਨਹੀਂ ਸਨ ਕਿ ਉਨ੍ਹਾਂ ਨੂੰ ਤਾਰਿਆਂ ਵੱਲ ਇਸ਼ਾਰਾ ਕਰਕੇ ਵਰਜਾਇਆ ਜਾ ਸਕਦਾ।

ਅੱਜ ਵੀ ਮੰਗਲ ਮਦਾਨ ਆਪਣੀਆਂ ਗ਼ਜ਼ਲਾਂ ਤੇ ਗੀਤਾਂ ਕਾਰਨ ਸਾਡੇ ਦਰਮਿਆਨ ਜਿਉਂਦਾ ਹੈ।ਮਲੋਟ ਦਾ ਨਾਂ ਆਉਂਦਿਆਂ ਹੀ ਉਹਦੇ ਮਿੱਤਰ ਪਿਆਰਿਆਂ ਤੇ ਪਾਠਕਾਂ ਨੂੰ ਮੰਗਲ ਚੇਤੇ ਆਉਂਦਾ ਹੈ ਅਤੇ ਚੇਤੇ ਆਉਂਦੇ ਨੇ ਉਸਦੇ ਖੂਬਸੂਰਤ ਸ਼ਿਅਰ ਅਤੇ ਸਦਾਬਹਾਰ ਗੀਤ। ਉਸਦੇ ਰਿਕਾਰਡ ਹੋਏ ਗੀਤ ਗ਼ਜ਼ਲਾਂ ਵੀ ਬੜੇ ਮਕਬੂਲ ਹੋਏ, ਉਸਦੀਆਂ ਰਚਨਾਵਾਂ ਵਿੱਚ ਰਵਾਇਤੀ ਪਿਆਰ ਮੁਹੱਬਤ ਨਾਲ ਸੰਬੰਧਤ ਗਿਲੇ ਗੁਜ਼ਾਰੀਆ ਤੋਂ ਇਲਾਵਾ ਸਾਡੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਲੋਕ-ਰੰਗ ਦੀ ਪੁੱਠ ਦੇ ਕੇ ਸਰਲ ਕਾਵਿ-ਅੰਦਾਜ਼ ਵਿੱਚ ਛੋਹਿਆ ਗਿਆ ਹੈ। ਉਸਦੀ ਅਰਥ ਭਰਪੂਰ ਸਹਿਜ ਭਾਸ਼ਾ ਪਾਠਕ/ਸਰੋਤੇ ਦਾ ਧਿਆਨ ਖਿੱਚਦੀ ਹੈ ਅਤੇ ਸੁਰੀਲੇ ਬੋਲ ਪੜ੍ਹਨ ਸੁਣਨ ਵਾਲੇ ਦੇ ਧੁਰ ਅੰਦਰ ਲਹਿੰਦੇ ਜਾਂਦੇ ਹਨ। ਏਹੀ ਕਿਸੇ ਚੰਗੀ ਰਚਨਾ ਦੀ ਸ਼ਕਤੀ ਹੁੰਦੀ ਹੈ। ਮੰਗਲ ਮਦਾਨ ਦੀ ਬੁਲੰਦ ਸ਼ਿਅਰਕਾਰੀ ਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।

ਅੰਬਰ ਜਿਸਨੂੰ ਭਾਲ ਰਿਹਾ ਕੱਲ ਸਾਰੀ ਰਾਤ
ਚੰਨ ਉਹ ਸਾਡੇ ਨਾਲ ਰਿਹਾ ਕੱਲ ਸਾਰੀ ਰਾਤ