ਪਾਰਕ ਵਿਚ ਬੱਚੇ ਰੋਜ਼ਾਨਾ ਖੇਡਣ ਆਉਂਦੇ ਸਨ। ਬੱਚੇ ਪਾਰਕ ਵਿਚ ਆਕੇ ਗੁੱਲੀ-ਡੰਡਾ ਖੇਡਦੇ। ਜਦੋਂ ਬੱਚੇ ਗੁੱਲੀ-ਡੰਡਾ ਖੇਡਦੇ, ਕਾਂ ਨੂੰ ਬੇਹੱਦ ਡਰ ਲੱਗਦਾ। ਕਾਂ ਡਰਦਾ ਰਹਿੰਦਾ ਕਿ ਗੁੱਲੀ ਕਿਧਰੇ ਉਸਦੀ ਅੱਖ ਵਿਚ ਨਾ ਵੱਜ ਜਾਵੇ। ਉਂਜ ਵੀ ਬੱਚਿਆਂ ਨੂੰ ਇਕ ਹੋਰ ਖੇਡ ਲੱਭ ਪਈ ਸੀ। ਕਾਂ ਨੂੰ ਟਾਹਲੀ ਉੱਪਰ ਬੈਠੇ ਨੂੰ ਵੇਖ ਕੇ ਬੱਚੇ ਵੱਟੇ ਮਾਰਨ ਲੱਗ ਪੈਂਦੇ ਸਨ। ਤਿੱਖੇ ਤੇ ਨੁਕੀਲੇ ਵੱਟੇ ਕਦੀ ਕਾਂ ਦੇ ਸੱਜਿਓਂ ਨਿਕਲ ਜਾਂਦੇ ਤੇ ਕਦੀ ਖੱਭਿਓਂ। ਕਾਂ ਬੜੀ ਮੁਸ਼ਕਲ ਨਾਲ ਵੱਟਿਆਂ ਤੋਂ ਆਪਣਾ ਮੂੰਹ ਸਿਰ ਬਚਾਉਂਦਾ। ਕਾਂ, ਕਾਂ, ਕਾਂ ਕਰਕੇ ਬੱਚਿਆਂ ਨੂੰ ਖੇਡਣ ਵਾਲੀ ਥਾਂ ਨੂੰ ਗੰਦਾ ਨਾ ਕਰਨ ਦਾ ਵਿਸ਼ਵਾਸ ਦਿਵਾਉਂਦਾ, ਪਰ ਮਨਚਲੇ ਬੱਚੇ ਕਾਂ ਦੀ ਇਕ ਨਾ ਸੁਣਦੇ। ਹਾਰ ਕੇ ਕਾਂ ਨੇ ਇਸ ਪਾਰਕ ਵਿਚੋਂ ਵੀ ਕਿੱਧਰੇ ਹੋਰ ਜਾਣ ਦਾ ਫ਼ੈਸਲਾ ਕਰ ਲਿਆ।
ਸੋਚ-ਵਿਚਾਰ ਕੇ ਕਾਂ ਨੇ ਸ਼ਹਿਰ ਤੋਂ ਬਾਹਰ ਪਰ ਸ਼ਹਿਰ ਦੇ ਨੇੜੇ ਰਹਿਣ ਦਾ ਮਨ ਬਣਾ ਲਿਆ। ਕਾਂ ਨੇ ਸ਼ਹਿਰ ਤੋਂ ਬਾਹਰ ਇਕ ਕਿੱਕਰ ਉੱਪਰ ਆਲ੍ਹਣਾ ਬਣਾ ਲਿਆ। ਪਰ ਕਾਂ ਇਥੇ ਵੀ ਇਕ ਰਾਤ ਹੀ ਰਿਹਾ। ਸ਼ਹਿਰ ਵਿਚੋਂ ਨਿਕਲਦੇ ਸੜਿਆਂਦ ਮਾਰਦੇ ਪਾਣੀ ਨੇ ਇਕ ਰਾਤ ਵਿਚ ਹੀ ਕਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਕਾਂ ਨੇ ਆਪਣੇ ਨੱਕ-ਮੂੰਹ ਨੂੰ ਬਥੇਰਾ ਰੁਮਾਲ ਨਾਲ ਕੱਜਿਆ। ਨੱਕ-ਮੂੰਹ ਰੁਮਾਲ ਨਾਲ ਕੱਜਣ ਦੇ ਬਾਵਜੂਦ ਵੀ ਸੜਿਆਂਦ ਮਾਰਦੇ ਪਾਣੀ ਦੀ ਬੋਅ ਸਾਰੀ ਰਾਤ ਕਾਂ ਦੇ ਸਿਰ ਨੂੰ ਚੜ੍ਹਦੀ ਰਹੀ। ਸਵੇਰ ਹੋਣ ਤੱਕ ਕਾਂ ਦਾ ਸਿਰ ਦਰਦ ਨਾਲ ਪਾਟਣ ਲੱਗ ਪਿਆ। ਕਾਂ ਸਮਝ ਗਿਆ ਕਿ ਜੇ ਉਹ ਇਥੇ ਰਿਹਾ ਤਾਂ ਬਸ ਕੁਝ ਦਿਨਾਂ ਦਾ ਮਹਿਮਾਨ ਹੈ। ਕਾਂ ਉਸੇ ਵਕਤ ਵਾਪਸ ਕਿਸਾਨ ਦੇ ਖੇਤ ਵਿਚਲੀ ਕਿੱਕਰ ਉੱਪਰ ਜਾਣ ਦੀ ਤਿਆਰੀ ਕਰਨ ਲੱਗ ਪਿਆ। ਕਾਂ ਨੇ ਸ਼ਹਿਰ ਵਿਚ ਥਾਂ-ਥਾਂ ਘੁੰਮ ਕੇ ਵੇਖ ਲਿਆ ਸੀ। ਉਹ ਸਮਝ ਗਿਆ ਸੀ ਕਿ ਕਿਸਾਨ ਦੇ ਖੇਤ ਵਾਲਾ ਸੁੱਖ ਤੇ ਮੌਜ ਸ਼ਹਿਰ ਵਿਚ ਕਿਧਰੇ ਵੀ ਨਹੀਂ ਹੈ।