ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੀ.ਏ. ਬਣ ਸਕਦਾ।" "ਨਹੀਂ ਬਾਪੁ ਇਹ ਗੋਲੇ ਵਰਗੇ ਬੰਦਿਆਂ ਦਾ ਹੀ ਕੰਮ ਹੈ। ਆਪਾਂ ਕੀ ਲੈਣੈ ਹੈ ਪੀ.ਏ. ਬਣਕੇ।ਆਪਾਂ ਤਾ ਐਂ ਈ ਠੀਕ ਆਂ।"

ਲਹਿਣਾ ਸਿਉਂ ਦੇ ਗੱਲ ਕੋਈ ਸਮਝ ਵਿੱਚ ਨਹੀਂ ਆ ਰਹੀ ਸੀ। ਆਪਣੇ ਸੁਭਾਅ ਅਨੁਸਾਰ ਕੇਰਾਂ ਤਾਂ ਉਹ ਚੁੱਪ ਕਰ ਗਿਆ। ਪਰ ਮਨ ਹੀ ਮਨ ਸੋਚਣ ਲੱਗਾ ਜੇਕਰ ਗੇਲਾ ਪੀ.ਏ. ਬਣ ਸਕਦਾ ਹੈ ਤਾਂ ਭੋਲਾ ਕਿਵੇਂ ਨੀਂ ਪੀ.ਏ. ਬਣ ਸਕਦਾ। ਭੋਲਾ ਤਾਂ ਗੇਲੇ ਨਾਲੋਂ ਕਿਤੇ ਵੱਧ ਪੜ੍ਹਿਆ ਲਿਖਿਆ ਹੈ। ਇਹ ਗੱਲ ਹਮੇਸ਼ਾਂ ਹੀ ਉਸਦੇ ਮਨ ਵਿੱਚ ਰੜਕਦੀ ਰਹਿੰਦੀ।

ਆਖਰ ਲਹਿਣਾ ਸਿਉਂ ਨੇ ਆਪਣੇ ਮਨ ਦੀ ਗੱਲ, ਆਪਣੇ ਇੱਕ ਦੋਸਤ ਨਾਲ ਸਾਂਝੀ ਕੀਤੀ। ਸਬਬ ਨਾਲ ਲਹਿਣਾ ਸਿਉਂ ਦਾ ਉਹ ਦੋਸਤ ਵੀ ਚਲਦਾ ਫਿਰਦਾ ਪੁਰਜ਼ਾ ਅਤੇ ਸਿਆਸੀ ਬੰਦਾ ਸੀ। ਸ਼ਾਇਦ ਲਹਿਣਾ ਸਿਉਂ ਨੇ ਵੀ ਏਸੇ ਕਰਕੇ ਗੱਲ ਉਸ ਨਾਲ ਸਾਂਝੀ ਕੀਤੀ ਸੀ। "ਲਹਿਣਾ ਸਿਆਂ ਇਹ ਕੇਹੜੀ ਗੱਲ ਹੈ, ਜੇ ਗੇਲਾ ਪੀ.ਏ. ਬਣ ਸਕਦਾ ਹੈ ਤਾਂ ਭੋਲਾ ਕਿਵੇਂ ਨੀਂ ਬਣ ਸਕਦਾ। ਕੋਈ ਗੱਲ ਨਹੀਂ ਤੂੰ ਦਿਲ ਰੱਖ ਆਪਾਂ ਬਣਾਂ ਲਾਂਗੇ ਜੁਗਾੜ।" "ਅੱਛਾ।" ਲਹਿਣ ਸਿਉਂ ਨੇ ਖੁਸ਼ ਹੁੰਦੇ ਹੋਏ ਆਖਿਆ। "ਕੋਈ ਗੱਲ ਨਹੀਂ ਆਪਾਂ ਚਾਰ ਛਿੱਲੜ ਵੀ ਖਰਚ ਕਰ ਦਿਆਂਗੇ ਪਰ ਖੁੱਭੀ ਆਪਾਂ ਜ਼ਰੂਰ ਕੱਢਣੀ ਹੈ। "ਕੋਈ ਗੱਲ ਨਹੀਂ ਬਾਈ ਜੀ ਏਸ ਕੰਮ ਦਾ ਜ਼ਿੰਮਾ ਮੇਰਾ ਰਿਹਾ। ਇਹ ਤਾਂ ਤੂੰ ਚੰਗਾ ਕੀਤਾ ਕਿ ਟੈਮ ਨਾਲ ਗੱਲ ਸਾਂਝੀ ਕਰਲੀ। ਇਉਂ ਐ ਨਾ ਹੁਣ ਇਲੈਕਸ਼ਨ 'ਚ ਸਿਰਫ ਦੋ ਮਹੀਨੇ ਬਾਕੀ ਰਹਿ ਗਏ ਹਨ।ਏਸ ਸਰਕਾਰ ਤੋਂ ਲੋਕ ਪੂਰੇ ਅੱਕ ਚੁੱਕੇ ਹਨ। ਆਉਣ ਵਾਲੀ ਸਰਕਾਰ ਜਵਾਂ ਆਪਣੀ ਪਾਰਟੀ ਦੀ ਹੋਉ। ਆਪਾਂ ਹੁਣੇ ਤੋਂ ਹੀ ਤਿਆਰੀਆਂ ਖਿੱਚ ਦਿਨੇ ਆਂ। ਅੱਗੇ ਆਪਣਾ ਬੰਦਾ ਥੋੜੀਆਂ ਜਿਹੀਆਂ ਵੋਟਾਂ ’ਤੇ ਹਾਰ ਗਿਆ ਸੀ। ਐਤਕੀ ਉਹਦੀ ਜਿੱਤ ਪੱਥਰ ਤੇ ਲਕੀਰ ਹੈ। ਤੇ ਜੇ ਉਹ ਜਿੱਤ ਗਿਆ ਤਾਂ ਮੰਤਰੀ ਵੀ ਲਾਜ਼ਮੀ ਬਣੁਗਾ। ਜੇ ਉਹ ਮੰਤਰੀ ਬਣਿਆ ਤਾਂ ਭੋਲੇ ਨੂੰ ਪੀ.ਏ. ਲਵਾਉਣ ਦਾ ਜੁੰਮਾ ਮੇਰਾ। ਆਪਾਂ ਇਉਂ ਕਰਦੇ ਹਾਂ ਹੁਣੇ ਹੀ ਉਸ ਨੂੰ ਲੱਖ ਰੁਪਈਆ ਇਲੈਕਸ਼ਨ ਫੰਡ ਦੇ ਦਿੰਨੇ ਆ। ਇਲੈਕਸ਼ਨ ਵਿੱਚ ਉਹਦੇ ਬੰਦਿਆਂ ਦੀ ਸੇਵਾ ਪਾਣੀ ਖੁੱਲੀ ਕਰ ਦਿਆਂਗੇ। ਬਾਕੀ ਕੰਮ ਰਿਹਾ ਮੇਰਾ।ਤੂੰ ਵਹਿਮ ਨਾ ਕਰ।ਵਧੀਆ ਹੋਇਆ ਕਿ ਤੂੰ ਪੂਰੇ ਟੈਮ ਤੇ ਹੀ ਗੱਲ ਕਰਤੀ, ਆਪਾਂ "ਕੱਢ ਦਿਆਂਗੇ ਕਪਾਹ 'ਚੋਂ ਕੁੱਤੀ।" ਲਹਿਣਾ ਸਿਉਂ ਨੂੰ ਵੀ ਗੱਲ ਪੂਰੀ ਜਚ ਗਈ। ਬੋਲਿਆ, "ਖਰਚ-ਖੁਰਚ ਦਾ ਨਾ ਤੂੰ ਫਿਕਰ ਕਰ। 50-60 ਹਜ਼ਾਰ ਮੁੰਡਾ ਲੈਂਦੈ, ਬਾਰਾਂ ਕਿਲਿਆਂ ਦੀ ਆਪਣੀ ਢੇਰੀ ਐ। ਹੋਰ ਕਾਹਦੇ ਵਾਸਤੇ ਕਰਦੇ ਆਂ ਕਮਾਈਆਂ।" ਲਹਿਣਾ ਸਿਓਂ ਪੂਰੇ ਹੌਸਲੇ ’ਚ ਹੋ ਗਿਆ। ਜਿਵੇਂ ਅੱਜ ਹੀ ਉਹਦਾ ਮੁੰਡਾ ਮੰਤਰੀ ਦਾ ਪੀ.ਏ. ਬਣ ਗਿਆ ਹੋਵੇ।

ਇਲੈਕਸ਼ਨ ਦੇ ਦਿਨ ਨੇੜੇ ਆਉਣ ਲੱਗੇ। ਲਹਿਣਾ ਸਿਉਂ ਦੇ ਬੋਲਣ

ਸੁੱਧ ਵੈਸ਼ਨੂੰ ਢਾਬਾ/103