ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਮ ਨੂੰ ਲਹਿਣਾ ਸਿਉਂ ਆਪਣੇ ਇੱਕ ਦੋ ਮਿੱਤਰ ਸਾਥੀਆਂ ਨਾਲ ਘਰ ਆਇਆ। ਅੱਜ ਤਾਂ ਲਹਿਣਾ ਸਿਉਂ ਦੇ ਹਾਵ-ਭਾਵ ਦੇਖਿਆਂ ਹੀ ਬਣਦੇ ਸਨ।

ਸਾਰੇ ਸਾਥੀ ਖੁੱਲ੍ਹੇ ਵਿਹੜੇ ਵਿੱਚ ਪਹਿਲਾਂ ਹੀ ਪਏ ਮੰਜਿਆਂ 'ਤੇ ਬੈਠ ਗਏ। ਸਾਰਿਆਂ ਦੇ ਨੰਬਰ ਵੀ ਵਾਹਵਾ ਵਾਹਵਾ ਬਣੇ ਲੱਗਦੇ ਸਨ। ਲਹਿਣਾ ਸਿਉਂ ਨੇ ਭੋਲੇ ਨੂੰ ਬੜੇ ਮਾਣ ਨਾਲ ਆਵਾਜ਼ ਮਾਰੀ। "ਭੋਲਾ ਸਿਆਂ ਜਰਾ ਆਈ ਐਧਰ।" ਭੋਲਾ ਸਿਉਂ ਬੜੀ ਹਲੀਮੀ ਨਾਲ ਕਹਿਣ ਲੱਗਾ, "ਹਾਂ ਬਾਪੂ ਜੀ ਦੱਸੋ। ਬੱਸ ਦੱਸਣਾ ਕੀ ਐ?" "ਕੱਲ ਤੋਂ ਤੂੰ ਸਕੂਲ ਨਹੀਂ ਜਾਣਾ। "ਕਿਉਂ?" ਭੋਲੇ ਨੇ ਹੈਰਾਨ ਹੁੰਦੇ ਨੇ ਪੁੱਛਿਆ। "ਕੀ ਗੱਲ ਹੋਗੀ ਬਾਪੂ ਜੀ??? "ਗੱਲ ਕੀ ਹੋਣੀ ਐ, ਆਹ ਫੜ ਚਿੱਠੀ।" ਭੋਲੇ ਨੇ ਚਿੱਠੀ ਬੜੀ ਉਸ਼ਸਕਤਾ ਨਾਲ ਖੋਲੀ। ਪੜਕੇ ਭੋਲੇ ਦੀਆਂ ਤਾਂ ਥਾਉਂ ਗਈਆਂ ਅਤੇ ਨਾਲ ਦੀ ਨਾਲ ਸਾਰੀ ਗੱਲ ਵੀ ਉਸਦੇ ਸਮਝ ਵਿੱਚ ਆ ਗਈ। ਲਿਖਿਆ ਸੀ, ਭੋਲਾ ਸਿੰਘ ਪੁੱਤਰ ਸ. ਲਹਿਣਾ ਸਿੰਘ ਸ.ਸ.ਸੀ. ਸਕੂਲ ਸਿਰਸੜੀ ਨੂੰ ਮੰਤਰੀ ਜੀ ਦਾ ਪੀ.ਏ. ਨਿਯੁਕਤ ਕੀਤਾ ਜਾਂਦਾ ਹੈ।

"ਉਹੋ ਬਾਪੁ ਜੀ ਇਹ ਤੁਸੀਂ ਕੀ ਕੀਤਾ। ਇਹ ਨਹੀਂ ਬਾਪੂ ਜੀ ਆਪਣਾ ਕੰਮ ਆਪਾਂ ਤੋਂ ਨੀਂ ਇਹ ਪੁੱਠਾ ਕੰਮ ਹੋਣਾ। ਇਹ ਤਾਂ ਗੋਲੇ ਵਰਗਿਆਂ ਨੂੰ ਮੁਬਾਰਕ ਹੋਵੇ। ਨਾਲੇ ਬਾਪੂ ਜੀ ਹੁਣ ਕਦੇ ਤੂੰ ਦੇਖਿਐ ਗੇਲੇ ਨੂੰ?" ਭੋਲੇ ਨੇ ਪੁਛਿਆ। "ਦੇਖਿਆ ਤਾਂ ਕਿਤੇ ਹੈਨੀ ਉਹ ਹੁਣ। ਹੁਣ ਤਾਂ ਉਨਾਂ ਦਾ ਬਾਰ ਵੀ ਆਮ ਕਰਕੇ ਬੰਦ ਹੀ ਹੁੰਦੈ।" "ਬਾਪੂ ਜੀ ਦਰਅਸਲ ਥੋਨੂੰ ਨੀ ਪਤਾ। ਉਹ ਮੰਤਰੀ ਜੀਹਦਾ ਉਹ ਪੀਏ, ਸੀ ਉਹ ਤਾਂ ਅੱਜਕੱਲ ਅੰਦਰ ਐ ਅਤੇ ਗੋਲਾ ਤਾਂ ਪਹਿਲਾਂ ਹੀ ਕਿਤੇ ਖਿਸਕ ਗਿਆ। ਉਹਦੇ ਤਾਂ ਵਾਰੰਟ ਨਿਕਲੇ ਆ ਅਤੇ ਪੁਲੀਸ ਵੱਲੋਂ ਭਗੌੜਾ ਐਲਾਨਿਆ ਗਿਆ ਹੈ। ਜਨਾਨੀ ਉਹਦੀ ਦਾ ਵੀ ਨੀਂ ਪਤਾ ਜੁਆਕ ਜੱਲਾ ਲੈ ਕੇ ਕਿੱਧਰ ਭੱਜ ਗਈ। ਨਾਲੇ ਨੌਕਰੀ ਗਈ ਨਾਲੇ ਹੁਣ ਲੈਣੇ ਦੇ ਦੇਣੇ ਪੈਣਗੇ। "ਨਾ ਬਾਪੂ ਨਾ ਮੈਂ ਨਹੀਂ ਪੀ.ਏ. ਬਨਣਾ।"

"ਇਹ ਪੁੱਤਰ ਹੁਣ ਤੇਰੀ ਮਰਜੀ ਆਪਾਂ ਤਾਂ ਕੇਰਾਂ ਕਿੜ ਈ ਕੱਢਣੀ ਸੀ। ਸ਼ਰੀਕ ਦਾ ਮੁੰਡਾ ਤਾਂ ਘੱਟ ਪੜਕੇ ਵੀ ਪੀ.ਏ. ਬਣਿਆ ਫਿਰਦਾ ਹੈ ਅਤੇ ਸਾਡਾ ਮੁੰਡਾ ਗੱਡਾ ਜਮਾਤਾਂ ਦਾ ਪਕੇ ਵੀ ਪੀ.ਏ. ਨਹੀਂ ਬਣ ਸਕਦਾ। ਅਸੀਂ ਤਾਂ ਕੇਰਾਂ ਬੱਕਰੀ ਗੁੱਲਾਂ ’ਤੇ ਚਾੜਨੀ ਸੀ ਸੋ ਚਾੜਤੀ। ਅੱਗੇ ਪੁੱਤਰਾ ਤੇਰੀ ਮਰਜੀ। ਲਹਿਣਾ ਸਿਉਂ ਭਾਵੇਂ ਦੋ-ਢਾਈ ਮਹੀਨਿਆਂ ਤੋਂ ਇਲੈਕਸ਼ਨ ਵਾਲਿਆਂ ਨਾਲ ਤੁਰਿਆ ਫਿਰਦਾ ਸੀ ਪਰ ਉਹਨੇ ਹਾਲ ਤੱਕ ਦਾਰੁ ਨਹੀਂ ਸੀ ਪੀਤੀ। ਅੱਜ ਤਾਂ ਲਹਿਣਾ ਸਿਉਂ ਦੇ ਨੰਬਰ ਵੀ ਬਣੇ ਲੱਗਦੇ ਸਨ।

ਸੁੱਧ ਵੈਸ਼ਨੂੰ ਢਾਬਾ/105