ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਵਾਲੀਆਂ ਗੱਲਾਂ ਚੰਗੀਆਂ ਚੰਗੀਆਂ ਲੱਗਣ ਲੱਗ ਪਈਆਂ। ਹੌਲੀ ਹੌਲੀ ਮੈਂ ਉਹਨਾਂ ਨੂੰ ਪੁੱਛਣ ਲੱਗ ਪਿਆ, "ਸ਼ਰਾਬ ਪੀ ਕੇ ਕੀ ਹੋ ਜਾਂਦਾ ਹੈ? ਉਹਨਾਂ ਆਪਣੇ ਅਨੁਭਵ ਦੱਸਣੇ। ਅਸੀਂ ਸੁਣ ਕੇ ਫੇਰ ਕਹਿ ਦੇਣਾ, "ਨਾਵਈ ਆਪਾਂ ਤਾਂ ਨੀ ਦਾਰੂ ਪੀਣੀ ਗੱਲ ਚੱਲਦੀ ਚੱਲਦੀ ਹੁਣ ਇੱਥੋਂ ਤੱਕ ਪੁੱਜ ਗਈ ਸੀ ਕਿ ਜਦੋਂ ਉਹਨਾਂ ਦਾਰੂ ਪੀਣ ਨੂੰ ਕਹਿਣਾ, ਅਸੀਂ ਕਹਿਣਾ, “... ਨਾ ਬਈ ਘਰਦਿਆਂ ਨੂੰ ਪਤਾ ਲੱਗਜੂ।” "ਨਾਨਾ ਨਾ ਘਰਦਿਆਂ ਨੂੰ ਜਵਾਂਈ ਨੀ ਪਤਾ ਲੱਗਣ ਦਿੰਦੇ ਆਪਾਂ।" ਮਿੱਤਰਾਂ ਨੇ ਕਿਹਾ। "ਤੂੰ ਕਿਹੜਾ ਬਾਹਲੀ ਪੀਣੀ ਆਂ।" (ਮੁੰਡਿਆਂ ਵਾਲੀਆਂ ਗੱਲਾਂ) ਖ਼ੈਰ ਜੀ ਸ਼੍ਰੀ ਗਣੇਸ਼ ਹੋ ਗਿਆ। ਪਹਿਲੇ ਦੋ ਚਾਰ ਦਿਨ ਥੋੜੀ ਥੋੜੀ ਪੀਤੀ। ਹੌਲੀ ਹੌਲੀ ਡਿਗਰੀ ਵਧਦੀ ਚਲੀ ਗਈ। ਇੱਕ ਮੈਨੂੰ ਅਮਿਤਾਭ ਬੱਚਨ ਦੇ ਉਸ ਗੀਤ ਨੇ ਬੜਾ ਤੰਗ ਕੀਤਾ। ‘ਜਿਸਕਾ ਬੜਾ ਭਾਈ ਹੋ ਸ਼ਰਾਬੀ, ਛੋਟਾ ਪੀ ਲੇ ਤੋ ਕਿਆ ਹੈ ਖਰਾਬੀ।’ ਚਲੋ ਫੌਜ਼ੀ ਵੀ ਪੀਂਦਾ ਈ ਐ ਦੇਖੀ ਜਾਉ। ਅੱਜ ਹੋਰ ਭਲਕ ਹੋਰ। ਘਰੇ ਕਿਵੇਂ ਨਾ ਪਤਾ ਲੱਗੇ। ਹਰ ਰੋਜ਼ ਕਾਟੋ ਫੁੱਲਾਂ ਤੇ ਖੇਡਿਆ ਕਰੇ। ਬੁੜੀਆਂ ਨੂੰ ਤਾਂ ਭਾਵੇਂ ਇਹ ਗੱਲ ਕਾਫੀ ਚਿਰ ਤੋਂ ਕਲੀਅਰ ਹੋ ਚੁੱਕੀ ਸੀ ਕਿ ਮੁੰਡਾ ਦਾਰੂ ਪੀਦਾ। ਹੌਲੀ ਹੌਲੀ ਬਜ਼ੁਰਗਾਂ ਤੱਕ ਵੀ ਗੱਲ ਪੁੱਜਣੀ ਸ਼ੁਰੂ ਹੋ ਗਈ। ਪ੍ਰੰਤੂ ਹਰ ਮਾਂ ਵਾਂਗ ਸਾਡੇ ਮਾਤਾ ਜੀ ਵੀ ਸਾਡਾ ਪੱਖ ਲੈ ਲਿਆ ਕਰਨ। "ਇਹ ਕਾਹਨੂੰ ਪੀਦੈ ਮੁੰਡੇ ਪਿਆ ਦਿੰਦੇ ਆ ਏਹਨੂੰ ਮੱਲੋ ਮੱਲੀ। ਕੱਲ੍ਹ ਨੂੰ ਆਉਣ ਦਿਓ ਉਹਨਾਂ ਨੂੰ ਘਰੇ ਮੈਂ ਕਰੂੰ ਨਾ ਉਹਨਾਂ ਦੀ ਲਾਹ ਪਾਹ। ਥੇਹ ਹੋਣੇ ਨਾ ਹੋਣ ਤਾਂ ਇਹਨੇ ਤਾਂ ਉਦੋਂ ਨੀ ਪੀਤੀ ਜਦੋਂ ਇਹ ਮਰਦਾ ਸੀ।"

ਹੌਲੀ ਹੌਲੀ ਇੱਕ ਦਿਨ ਪੁਰੇ ਫੁੱਲ ਹੋ ਕੇ ਆ ਵੜੇ ਘਰੇ। ਬੁੜੀਆਂ ਨੇ ਫੇਰ ਵੀ ਆਪਣੇ ਪੂਰੇ ਚਲਿੱਤਰ ਵਰਤ ਕੇ ਬਜ਼ੁਰਗਾਂ ਤੋਂ ਚੋਰੀ ਰੋਟੀ ਖੁਆ ਕੇ ਮੈਨੂੰ ਮੰਜੇ ’ਤੇ ਲਿਟਾ ਦਿੱਤਾ ਅਤੇ ਆਪਣੇ ਜਾਣੇ ਸੁਰਖਰੂ ਹੋ ਕੇ ਪੈਣ ਦੀ ਤਿਆਰੀ ਕਰਨ ਲੱਗੀਆਂ। ਭਾਂਡਾ ਚੌਰਾਹੇ ਵਿੱਚ ਉਦੋਂ ਜਾ ਭੱਜਿਆ ਜਦੋਂ ਸਾਨੂੰ ਜੀ ਉਲਟੀ ਆ ਗਈ ਅਤੇ ਸਾਰੇ ਘਰ ਵਿੱਚ ਸੁਗੰਧੀਆਂ ਫੈਲ ਗਈਆਂ। ਬੁੜੀਆਂ ਅਤੇ ਛੋਟੇ ਭੈਣ ਭਰਾ ਨੱਕ ਲਪੇਟੀ ਫਿਰਨ। ਬਜ਼ੁਰਗ ਸਾਡੇ ਤਾਂ ਬਹੁਤ ਸ਼ਾਂਤ ਸੁਭਾਅ ਦੇ ਸਨ। "ਵੱਡਾ ਤਾਂ ਪੀਂਦੈ ਭਲਾ, ਦਫਾ ਹੋਣਾ ਹੁਣ ਇਹ ਵੀ ਪੀਣ ਲੱਗ ਗਿਆ।" ਕਹਿੰਦੇ ਬਜ਼ੁਰਗ ਬਾਹਰ ਨਿਕਲ ਗਏ।

ਲਉ ਜੀ ਦਾਰੂ ਪੀ ਕੇ ਘਰਦਿਆਂ ਨੂੰ ਪਤਾ ਨਾ ਲੱਗਣ ਦੇਣ ਵਾਲਾ ਸਾਡਾ ਇਹ ਪਹਿਲਾ ਤਜ਼ਰਬਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ। ‘ਮੈਂ ਪੀਤਾ ਨਹੀਂ ਹੁੰ ਪਿਲਾਈ ਗਈ ਹੈ’।

ਕਹਿੰਦੇ ਹਨ ਦਾਰੂ ਜਾਨੀ ਸ਼ਰਾਬ ਕੇਰਾਂ ਸੰਘੋ ਲੰਘੀ ਫਿਰ ਹੱਡਾਂ ਨਾਲ ਹੀ ਜਾਂਦੀ ਹੈ। ਅਸੀਂ ਫੇਰ ਕਿਹੜੇ ਬਾਗ ਦੀ ਮੁਲੀ ਸੀ? ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਅਸੀਂ ਫਿਰ ਵੀ ਸੈਕਿੰਡ ਡਿਵੀਜਨ ਲੈ ਕੇ ਮੈਟਿਕ ਪਾਸ

ਸੁੱਧ ਵੈਸ਼ਨੂੰ ਢਾਬਾ/119