ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਮਾਸਟਰ ਬੜੀ ਮਾੜੀ ਗੱਲ ਹੋ ਗਈ ਸੀ। ਚਲੋ ਕੁਛ ਨੀ ਵਿਗੜਿਆ ਹੱਡੀ ਟੁੱਟੀ ਹੈ ਹੋਰ ਦੋ ਮਹੀਨਿਆਂ ’ਚ ਜੁੜ ਜੂ ਅੱਜ ਕੱਲ੍ਹ ਇਲਾਜ ਬਹੁਤ ਹੈ ਗੌਰਮਿੰਟ ਦਾ। ਹੋ ਈ ਜਾਂਦੈ ਕਦੇ ਖਾਧੀ ਪੀਤੀ 'ਚ। ਹਾਲਾਂਕਿ ਮੈਂ ਉਸ ਦਿਨ ਬਿਲਕੁਲ ਸੋਫੀ ਸਾਂ, ਦੁਪਹਿਰ ਦਾ ਵੇਲਾ ਸੀ ਅਤੇ ਰੁਟੀਨ ਮੁਤਾਬਕ ਹੀ ਬਾਜ਼ਾਰ ਗਿਆ ਸੀ। ਪ੍ਰੰਤੁ ਖਾਧੀ ਪੀਤੀ ਵਾਲੀ ਗੱਲ ਬਹੁਗਿਣਤੀ ਲੋਕਾਂ ਨੇ ਆਪਣੇ ਕੋਲੋਂ ਹੀ ਜੋੜ ਲੈਣੀ। ਬਾਹਲਾ ਸਪੱਸ਼ਟੀਕਰਨ ਦੇਣ ਦੀ ਅਸੀਂ ਵੀ ਲੋੜ ਨਹੀਂ ਸਮਝੀ ਚਲੋ ਕਹੀ ਜਾਣ ਦਿਉ ਜਿਵੇਂ ਕਹਿੰਦੇ ਆ, ਕਿਸੇ ਦਾ ਕਿਹੜਾ ਮੂੰਹ ਫੜ ਲੈਣਾ ਆਪਾਂ।

ਇੱਕ ਭਲਾਮਾਣਸ ਪਤਾ ਲੈਣ ਆਇਆ ਕਾਫੀ ਚਿਰ ਬੈਠਾ ਰਿਹਾ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦਾ ਰਿਹਾ ਪਰ ਜਾਣ ਲੱਗਾ ਕਹਿੰਦਾ, "ਮਾਸਟਰ ਪੱਗ ਤਾਂ ਫਿਰ ਉਦੋਂ ਦਾ ਹੁਣ ਬੰਦ ਹੀ ਹੋਣਾ ਹੈ। ਉਹ ਸ਼ਾਇਦ ਉੱਤਰ ਹਾਂ ਵਿੱਚ ਉਡੀਕਦਾ ਹੋਵੇਗਾ ਪ੍ਰੰਤੂ ਮੈਂ ਕਿਹਾ ਕਿਉ? ਬੰਦ ਕਿਉਂ ਹੁਣ ਤਾਂ ਇਸ ਤੋਂ ਬਿਨਾਂ ਕੰਮ ਈ ਹੋਰ ਹੈ ਨੀ। ਪਿਆਂ ਦੀ ਦਿਹਾੜੀ ਨਹੀਂ ਲੰਘਦੀ। ਰਾਤ ਨੂੰ ਤਾਂ ਹੋਰ ਵੀ ਔਖਾ ਹੋ ਜਾਂਦੈ। ਛੱਡਣੀ ਕਾਹਤੋਂ ਆ ਹੁਣ ਤਾਂ ਕੇਵਲ ਇਹੋ ਹੀ ਸਾਥ ਨਿਭਾਉਂਦੀ ਹੈ ਦਿਨ ਰਾਤ।"

"ਡਾਕਟਰ ਨੇ ਤੈਨੂੰ ਯਾਰ ਮਨ੍ਹਾ ਨੀ ਕੀਤਾ ਦਾਰੂ ਤੋਂ। ਉਹ ਹੈਰਾਨ ਹੋਇਆ ਪੁੱਛ ਰਿਹਾ ਸੀ। "ਡਾਕਟਰਾਂ ਨੂੰ ਕੀ ਕਹਿਣਾ, ਡਾਕਟਰ ਤਾਂ ਹਰੇਕ ਨੂੰ ਕਹਿ ਦਿੰਦੇ ਆ ਦਾਰੁ ਨਹੀਂ ਪੀਣੀ। ਕੰਡਾ ਵੱਜ ਗਿਆ ਤਾਂ ਕਹਿਣਗੇ ਦਾਰੂ ਛੱਡਦੇ। ਛਿੱਕ ਆਗੀ ਤਾਂ ਕਹਿਣਗੇ ਦਾਰੂ ਛੱਡਦੇ। ਆਪਾਂ ਨੂੰ ਕਿਹੜਾ ਕੋਈ ਜਿਗਰੀ ਬੀਮਾਰੀ ਹੈ। ਹੱਡੀ ਨੂੰ ਜੋੜ ਹੀ ਪੈਣਾ ਆਪੇ ਪੈਂਦਾ ਫਿਰੂਗਾ। ਨਾਲੇ ਡਾਕਟਰਾਂ ਨਾਲ ਆਪਣੀ ਮੀਰਾਂ ਕਿੱਥੇ ਮਿਲਦੀ ਹੈ? ਡਾਕਟਰਾਂ ਨੇ ਕਹਿਣਾ ਸਿਰ ਦੁਖਦਾ ਤਾਂ ਦਾਰੂ ਛੱਡ ਦਿਓ। ਦਾਖਿਲ ਹੋ ਜਾ। ਆਪਾਂ ਕਹਿਣਾ ਯਾਰ ਸਿਰ ਜਿਹਾ ਦੁਖਦਾ ਛਿੱਟ ਲਾ ਕੇ ਆਪੇ ਸੈੱਟ ਹੋਜੂਗਾ।"

ਮੇਰੀ ਦਲੀਲ ਹੀ ਏਨੀ ਵਜਨਦਾਰ ਸੀ ਕਿ ਉਸ ਬੰਦੇ ਕੋਲ ਕਹਿਣ ਲਈ ਕੁੱਝ ਵੀ ਨਹੀਂ ਸੀ। "ਇਹ ਤਾਂ ਗੱਲ ਤੇਰੀ ਠੀਕ ਐ ਮਾਸਟਰ।" ਕਹਿੰਦਾ ਹੋਇਆ ਉਹ ਖਿਗਿਆਨੀ ਜੀ ਹਾਸੀ ਹੱਸਦਾ ਹੋਇਆ ਆਪਣੇ ਰਾਹ ਪੈ ਗਿਆ। ਮੈਨੂੰ ਇੰਝ ਲੱਗਿਆ ਜਿਵੇਂ ਮੈਂ ਉਸਦੀ ਪੀਤੀ ਵੀ ਲਾਹ ਦਿੱਤੀ ਹੋਵੇ। ਬਾਕੀ ਦਾਰੂ ਦੀ ਭੂਮਿਕਾ ਹੀ ਐਨੀ ਜਬਰਦਸਤ ਬੱਝ ਗਈ ਸੀ ਕਿ ਮੈਨੂੰ ਲੱਗਦਾ ਸੀ ਬਾਈ ਭਾਵੇਂ ਨਾ ਵੀ ਪੈਂਦਾ ਹੋਵੇ। ਅੱਜ ਸ਼ਾਮ ਨੂੰ ਜ਼ਰੂਰ ਛਿੱਟ ਲਾ ਕੇ ਦੇਖੂਗਾ।

ਸੁੱਧ ਵੈਸ਼ਨੂੰ ਢਾਬਾ/127