ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਹਤ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਹੋਣ ਦਾ ਡਰ ਪੈਦਾ ਹੋ ਸਕਦਾ ਸੀ। ਉਨ੍ਹਾਂ ਨੇ ਤਾਂ ਆਪਣਾ ਹੱਥ ਇੱਕ ਮੂਲੋਂ ਹੀ ਨਿਵੇਕਲੇ ਖੇਤਰ ਵਿੱਚ ਅਜ਼ਮਾਇਆ। ਆਖਰ ਖਾਣ ਪੀਣ ਵਾਲੀਆਂ ਚੀਜ਼ਾਂ ਖਾਧੀਆਂ ਕੀਤੀਆਂ ਜਾ ਸਕਦੀਆਂ ਹਨ। ਉਹਨਾਂ ਨੂੰ ਭਾਵੇਂ ਪਸ਼ੂ ਖਾ ਲੈਣ ਚਾਹੇ ਬੰਦੇ। ਬੰਦੇ ਭਾਵ ਮਨੁੱਖ ਹਾਂ ਜੀ ਮਨੁੱਖ ਤੇ ਮਨੁੱਖ ਇੱਕ ਸਿਆਸਤਦਾਨ ਵੀ ਹੋ ਸਕਦਾ ਹੈ ਅਤੇ ਸਿਆਸਤਦਾਨ ਆਪਣੀ ਸੂਝ ਬੂਝ ਨਾਲ ਕਦੇ ਵੀ ਮੰਤਰੀ ਜਾਂ ਮੁੱਖ ਮੰਤਰੀ ਵੀ ਬਣ ਸਕਦਾ ਹੈ।

‘ਬਾਪੂ’ ਦੇਵੀ ਲਾਲ ਜੀ ਦੀ ਯਾਦ ਆਉਂਦੀ ਹੈ। ਉਹ ਹਮੇਸ਼ਾਂ ਦੁਜਿਆਂ ਦਾ ਭਲਾ ਹੀ ਸੋਚਦੇ ਰਹਿੰਦੇ। ਉਹ ਹਮੇਸ਼ਾਂ ਇਸੇ ਉਧੇੜ ਬੁਣ ਵਿੱਚ ਲੱਗੇ ਰਹਿੰਦੇ ਕਿ ਕਿਵੇਂ ਕਿਸੇ ਨੂੰ ਦਿੱਲੀ ਦੇ ਰਾਜ ਸਿੰਘਾਸਣ 'ਤੇ ਬਿਠਾਇਆ ਜਾਵੇ। ਉਹਨਾਂ ਦੇ ਇਸੇ ਗੁਣ ਕਾਰਨ ਉਨ੍ਹਾਂ ਨੂੰ ਕਿੰਗ ਮੇਕਰ ਦਾ ਖ਼ਿਤਾਬ ਵੀ ਦਿੱਤਾ ਗਿਆ ਸੀ। ਇਸਦੇ ਨਾਲ ਹੀ ਉਹਨਾਂ ਵਿੱਚ ਇੱਕ ਗੁਣ ਜੱਟ-ਮੂੰਹ ਫੱਟ ਦਾ ਵੀ ਸੀ। ਇਸੇ ਗੁਣ ਕਾਰਨ ਭਾਵੇਂ ਉਹਨਾਂ ਨੂੰ ਆਪਣੀ ਡਿਪਟੀ ਪ੍ਰਾਈਮ ਮਨਿਸਟਰ ਦੀ ਜਿੰਮੇਵਾਰ ਪਦਵੀ ਤੋਂ ਅਚਾਨਕ ਅਤੇ ਤਤਕਾਲ ਹੀ ਹੱਥ ਧੋਣੇ ਪਏ ਸੀ। ਵਿਚਾਰੇ ਵਾਜਪਾਈ ਜੀ ਹੋਰੀਂ ਕਰਦੇ ਵੀ ਤਾਂ ਕੀ ਕਰਦੇ। ਆਖਰ ਸਿਆਸਤ ਖੇਡ ਹੀ ਅਜਿਹੀ ਹੈ। ਪਲ ਵਿੱਚ ਫਰਸ਼ੋ ਅਰਸ਼ ਅਤੇ ਅਰਸ਼ੋ ਫਰਸ਼ ਵਾਲੀਆਂ ਪ੍ਰਸਥਿਤੀਆਂ ਬਦਲ ਜਾਂਦੀਆਂ ਹਨ। ਵਾਜਪਾਈ ਜੀ ਤੋਂ ਬਾਅਦ ਮੋਰਾਰ ਜੀ ਡਿਸਾਈ ਜੀ ਦਾ ਦਾਅ ਲੱਗ ਗਿਆ।ਡਿਸਾਈ ਸਾਹਿਬ ਜੀ ਤੇ ਹੋਰ ਭਾਵੇਂ ਕੋਈ ਉਲੇਖਨੀਯ ਕਾਰਨਾਮਾ ਤਾਂ ਨਹੀਂ ਹੋ ਸਕਿਆ ਚਲੋ ਆਪਣੀ ‘ਟਾਨਿਕ’ ਦੀ ਮਸ਼ਹੂਰੀ ਤਾਂ ਕਰ ਹੀ ਗਿਆ।

ਇਸ ਨੂੰ ਤੀਜੇ ਮੋਰਚੇ ਦਾ ਕਰਿਸ਼ਮਾ ਹੀ ਆਖਿਆ ਜਾ ਸਕਦਾ ਹੈ। ਪੰਜਾਹ ਸਾਲਾਂ ਤੱਕ ਦੇਸ਼ ਤੇ ਰਾਜ ਕਰਨ ਵਾਲੀ ਕੌਮੀ ਪਾਰਟੀ ਕਾਂਗਰਸ ਨੂੰ ਉਸ ਸਮੇਂ ਦੀ ਸਭ ਤੋਂ ਘੱਟ ਉਮਰ ਵਾਲੀ ਅਤੇ ਘੱਟ ਗਿਣਤੀ ਸਰਕਾਰ ਦੀ ਮੁਖੀ ਬਸਪਾ ਦੀ ਮਾਇਆਵਤੀ ਦੇ ਪੋਟਿਆਂ 'ਤੇ ਨੱਚਣਾ ਪਿਆ ਅਤੇ ਕਦੀ ਦੇਵਗੜਾ ਆਦਿ ਦੇ ਤੇਵਰ ਦੇਖਣੇ ਪਏ। ਨਰਸਿਮਾਂ ਰਾਓ ਦੇ ਹਵਾਲਾ ਘੁਟਾਲੇ ਵਿੱਚ ਫਸ ਜਾਣ ਕਾਰਨ ਪਾਰਟੀ ਪ੍ਰਧਾਨਗੀ ਤੋਂ ਹੱਥ ਧੋਣੇ ਪਏ ਅਤੇ ਵਾਰੀ ਆਈ ਚਾਚਾ ਸੀਤਾ ਰਾਮ ਕੇਸਰੀ ਦੀ। ਦੇਵਗੌੜਾ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਪ੍ਰੰਤੂ ਸੁਬਾ ਸ਼ਾਮ ਚਾਚਾ ਜੀ ਦੀ ਹਾਜ਼ਰੀ ਨਹੀਂ ਸੀ ਲਵਾਉਂਦਾ। ਇਸ ਲਈ ਚਾਚਾ ਜੀ ਨੂੰ ਦੇਸ਼ ਦਾ ਭਵਿਖ ਖਤਰੇ ਵਿੱਚ ਜਾਪਿਆ ਅਤੇ ਉਹਨਾਂ ਦੇਵਗੌੜਾ ਨੂੰ ਧੋਬੀ ਪਟਕਾ ਲਾ ਦਿੱਤਾ ਅਤੇ ਵਾਰੀ ਆਈ ਇੰਦਰ ਕੁਮਾਰ ਗੁਜਰਾਲ ਜੀ ਦੀ। ਚਲੋ ਇਸੇ ਬਹਾਨੇ ਇੱਕ ਸੁਲਝੇ ਹੋਏ, ਬੇਦਾਗ ਅਤੇ ਦਰਵੇਸ਼ ਸਿਆਸਤਦਾਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਣ ਦਾ ਮੌਕਾ ਤਾਂ ਮਿਲਿਆ। ਅਸ਼ਕੇ ਜਾਈਏ ਸ੍ਰੀ ਗੁਜਰਾਲ ਜੀ ਦੇ ਜਿਨ੍ਹਾਂ ਨੇ,

ਸੁੱਧ ਵੈਸ਼ਨੂੰ ਢਾਬਾ/53