ਇਹੀ ਗੱਲ ਵਿਰਕ ਦੀ ਕਹਾਣੀ ਦੇ ਬਣਤਰੀ-ਗੁਣਾਂ ਤੋਂ ਵੀ ਸਿੱਧ ਹੁੰਦੀ ਹੈ, ਜਿਹੜੇ ਨਿੱਕੀ ਕਹਾਣੀ ਦੇ ਟਕਸਾਲੀ ਗੁਣਾਂ ਨਾਲੋਂ ਵੱਖਰੇ ਹਨ ਵਿਰਕ ਦੀ ਕੋਈ ਵੀ ਕਹਾਣੀ ਸ਼ਾਇਦ ਐਸੀ ਨਹੀਂ ਜਿਸ ਨੂੰ ਆਦਿ-ਮੱਧ-ਅੰਤ ਦੇ ਪੜਾਵਾਂ ਵਿਚ ਵੰਡਿਆ ਜਾ ਸਕੇ। ਜਿਸ ਵਿਚ ਕੋਈ ਗੁੰਝਲ ਪਵੇ, ਕੋਈ ਸਮੱਸਿਆ ਖੜੀ ਹੋਵੇ, ਜਿਸ ਨਾਲ ਉਤਸੁਕਤਾ ਪੈਦਾ ਹੋਵੇ ਅਤੇ ਤੀਖਣ ਹੁੰਦੀ ਜਾਏ ਅਤੇ ਜਿਸ ਦੇ ਅਖ਼ੀਰ ਉਤੇ ਗੁੰਝਲ ਖੁਲ੍ਹੇ, ਸਮੱਸਿਆ ਦਾ ਸਮਾਧਾਨ ਹੋ ਜਾਏ, ਉਤਸੁਕਤਾ ਸਿਖਰ ਨੂੰ ਛੂਹ ਕੇ ਸੰਤੁਸ਼ਟਤਾ ਦੀ ਮੰਜ਼ਿਲ ਉਤੇ ਪੁੱਜੇ। ਵਿਰਕ ਦੀਆਂ ਕਹਾਣੀਆਂ ਵਿਚ ਇਹਨਾਂ ਸਾਰੀਆਂ ਗੱਲਾਂ ਵਿਚੋਂ ਕੋਈ ਵੀ ਨਹੀਂ ਮਿਲੇਗੀ।
ਵਿਰਕ ਦੀ ਕਹਾਣੀ ਸਮੱਸਿਆ ਨਹੀਂ, ਤੱਥ ਪੇਸ਼ ਕਰਦੀ ਹੈ। ਇਸ ਵਿਚ ਉਤਸੁਕਤਾ ਪੈਦਾ ਕਰ ਕੇ ਆਪਣੇ ਆਪ ਨੂੰ ਖੋਲ੍ਹਣ ਦਾ ਸੁਭਾਅ ਨਹੀਂ, ਸਗੋਂ ਪੇਸ਼ ਕੀਤੇ ਤੱਥ ਦੇ ਵੱਖੋ ਵੱਖਰੇ ਪ੍ਰਗਟਾਵਿਆਂ ਨੂੰ ਪੇਸ਼ ਕਰ ਕੇ ਇਹ ਤੱਥ ਸਾਡੇ ਮਨਾਂ ਵਿਚ ਬਿਠਾਉਣ ਦਾ ਸੁਭਾਅ ਹੈ। ਅਕਸਰ ਜਿਸ ਤੱਥ ਵਲ ਵਿਰਕ ਸਾਡਾ ਧਿਆਨ ਦੁਆਉਣਾ ਚਾਹੁੰਦਾ ਹੈ, ਉਹ ਤੱਥ ਸ਼ੁਰੂ ਵਿਚ ਹੀ ਜਾਂ ਬਹੁਤੀਆਂ ਸੂਰਤਾਂ ਵਿਚ ਕਹਾਣੀ ਦੇ ਅੱਧ ਤੋਂ ਪਹਿਲਾਂ ਪਹਿਲਾਂ ਪੇਸ਼ ਕਰ ਦੇਂਦਾ ਹੈ। ਬਾਕੀ ਕਹਾਣੀ ਉਸ ਤੱਥ ਦੀ ਵਿਆਖਿਆ, ਵਿਸਥਾਰ, ਜਾਂ ਉਸ ਦੇ ਵੱਖੋ ਵੱਖਰੇ ਪ੍ਰਗਟਾਵਾਂ ਦਾ ਵਰਨਣ ਹੁੰਦੀ ਹੈ। ਕਿਉਂਕਿ ਕੋਈ ਸਮੱਸਿਆ ਨਹੀਂ ਖੜੀ ਕੀਤੀ ਜਾਂਦੀ, ਇਸ ਲਈ ਉਸ ਨੂੰ ਹੱਲ ਕਰਨ ਲਈ ਕਿਸੇ ਚਾਨਣ ਦੇ ਝਲਕਾਰੇ ਦੀ ਲੋੜ ਵੀ ਮਹਿਸੂਸ ਨਹੀਂ ਕੀਤੀ ਜਾਂਦੀ। ਜ਼ਿੰਦਗੀ ਦੇ ਕਿਸੇ ਤੱਥ ਨੂੰ ਅਤੇ ਆਮ ਤੌਰ ਉਤੇ ਇਸ ਵਿਚ ਆਏ ਨਵੇਂ ਤੱਥ ਨੂੰ ਸਰਲਤਾਂ ਨਾਲ ਅਤੇ ਸਹਿਜ-ਭਾਅ ਪੇਸ਼ ਕਰ ਜਾਣਾ ਵਿਰਕ ਦੀ ਕਹਾਣੀ ਕਲਾ ਦੀ ਪੂਰਤੀ ਹੈ।
ਪਰ ਇਸ ਸਹਿਜ-ਸੁਭਾਅ ਪੇਸ਼ਕਾਰੀ ਦਾ ਖ਼ਾਸਾ ਇੰਨਾ ਅਚੇਤ, ਜਾਂ ਆਪੇ ਵਾਪਰਿਆਂ ਨਹੀਂ ਜਿੰਨਾ ਵਿਰਕ ਆਪਣੀ ਰਚਨਾ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਇਸ ਕਹਾਣੀ ਸੰਗ੍ਰਹਿ ਦੇ ਮੁੱਖਬੰਧ ਵਿਚ ਲਿਖਦਾ ਹੈ: "ਇਕ ਚੁੱਭੀਮਾਰ ਆਪਣੇ ਮਾਲਕ ਲਈ ਸਮੁੰਦਰ ਵਿਚ ਚੁੱਭੀ ਮਾਰਦਾ ਹੈ ਤੇ ਜੋ ਕੁਝ ਉਹਦੇ ਹੱਥਾਂ ਪੈਰਾਂ ਨੂੰ ਰੜਕੇ ਤੇ ਜਿਸ ਦੇ ਕੁਝ ਕੰਮ ਦਾ ਹੋਣ ਦਾ ਖ਼ਿਆਲ ਹੋਵੇ, ਉਹ ਉਨ੍ਹਾਂ ਨੂੰ ਚੁੱਕ ਲਿਆਉਂਦਾ ਹੈ। ਉਨ੍ਹਾਂ ਦੇ ਮੁੱਲ ਦਾ ਅਜੇ ਉਸ ਨੂੰ ਕੋਈ ਬਹੁਤਾ ਗਿਆਨ ਨਹੀਂ। ਇਹ ਉਸ ਦੀ ਮੂਰਖਤਾ ਹੋਵੇਗੀ ਕਿ ਜੋ ਚੀਜ਼ ਉਸ ਦੇ ਮਾਲਕ ਨੂੰ ਵਧੀਆ ਲੱਗੇ ਉਸ ਬਾਰੇ ਉਹ ਕਹੇ ਕਿ ਇਹ ਉਸ ਨੇ ਸਮਝ ਸੋਚ ਕੇ ਖ਼ਾਸ ਮਿਹਨਤ ਨਾਲ ਕੱਢ ਕੇ ਲਿਆਂਦੀ ਹੈ। ਤੇ ਇਹ ਉਸ ਤੋਂ ਵੀ ਵੱਡੀ ਮਰਖਤਾ ਹੋਵੇਗੀ ਕਿ ਉਹ ਹੋਰ ਚੁੱਭੀਮਾਰਾਂ ਵਿਚ ਤੇ ਆਮ ਲੋਕਾਂ ਵਿਚ ਇਹ ਪਰਚਾਰ ਕਰਨਾ ਆਰੰਭ ਦੇਵੇ ਕਿ ਵਧੀਆ ਚੀਜ਼ਾਂ ਕੱਢਣ ਦਾ ਫ਼ਲਾਣਾ ਤਰੀਕਾ ਹੈ। ਇਸ ਸਾਰੇ ਕੁਝ ਵਿਚੋਂ ਲੇਖਕ ਦੀ ਨਿਮਰਤਾ ਦਾ ਹੀ ਝਲਕਾਰਾ ਮਿਲਦਾ ਹੈ, ਰਚਨਾ ਪ੍ਰਕਿਰਿਆ ਦੇ ਆਪ-ਮਹਾਰੀ ਜਾਂ ਅਚੇਤ ਹੋਣ ਦਾ ਨਹੀਂ। ਇਸ ਤਰ੍ਹਾਂ ਕਰ ਕੇ ਵਿਰਕ ਨੇ ਪਰਖਣ ਦੀ ਗੇਂਦ ਆਲੋਚਕ ਵੱਲ ਸੁੱਟ ਦਿਤੀ ਹੈ।
ਪਰ ਲੇਖਕ ਸਿਰਫ਼ ਚੁੱਭੀਮਾਰ ਹੀ ਨਹੀਂ ਹੁੰਦਾ, ਸਗੋਂ ਉਹ ਆਪਣੇ ਲੱਭੋ