ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਤੀਆਂ ਤੇ ਕੀਮਤੀ ਪੱਥਰਾਂ ਨੂੰ ਲਿਸ਼ਕਾ ਕੇ, ਬਣਾ ਸੰਵਾਰ ਕੇ ਪੇਸ਼ ਕਰਨ ਵਾਲਾ ਜੋਹਰੀ ਹੁੰਦਾ ਹੈ। ਸਹਿਜ-ਸੁਭਾਵਕਤਾਂ ਅਸਲ ਵਿਚ ਕਲਾਹੀਣਤਾ ਦਾ ਨਾਂ ਨਹੀਂ, ਸਗੋਂ ਅਭਿਆਸ ਅਤੇ ਪ੍ਰੌਢਤਾ ਵਿਚੋਂ ਨਿਕਲਿਆ ਗੁਣ ਹੁੰਦਾ ਹੈ। ਲੇਖਕ ਵਲੋਂ ਸਾਧਾਰਣ ਵਿਅਕਤੀ ਨਾਲ ਸਾਂਝ ਪਾਉਣ ਦੇ ਚੇਤਨ ਯਤਨ ਦਾ ਸਿੱਟਾ ਹੁੰਦਾ ਹੈ। ਇਸ ਚੇਤਨ ਯਤਨ ਦਾ ਪਤਾ ਉਥੇ ਲੱਗਦਾ ਹੈ, ਜਿਥੇ ਇਹ ਕਲਾਤਮਕਤਾ ਦੀਆਂ ਸੀਮਾਂ ਤੋੜ ਦੇਂਦਾ ਹੈ।

ਵਿਰਕ ਵੀ ਇਸ ਚੇਤਨ ਯਤਨ ਤੋਂ ਖ਼ਾਲੀ ਨਹੀਂ, ਉਹ ਵੀ ਫ਼ਿਕਰਮੰਦ ਹੁੰਦਾ ਹੈ ਕਿ ਉਸ ਦੀ ਕਹਾਣੀ ਦੇ ਵਿਸ਼ੇ-ਵਸਤੂ ਨੂੰ ਠੀਕ ਚਾਨਣ ਵਿਚ ਲਿਆ ਜਾਏ। ਪਰ ਇਸ ਯਤਨ ਦਾ ਪਤਾ ਉਥੇ ਹੀ ਲੱਗਦਾ ਹੈ, ਜਿਥੇ ਉਹ ਕਹਾਣੀ ਦੇ ਬਾਹਰੋਂ ਹੋ ਕੇ ਬੋਲਣ ਲਗ ਪੈਂਦਾ ਹੈ। "ਮਿੱਨੀ ਦੀ ਸਲੇਟ" ਵਰਗੀ ਵਧੀਆ ਕਹਾਣੀ ਲੇਖਕ ਵਲੋਂ ਟਿੱਪਣੀ ਕਰਨ ਦੀ ਉਤਸੁਕਤਾ ਨੇ ਵਧੀਆ ਨਹੀਂ ਰਹਿਣ ਦਿਤੀ। ਕਹਾਣੀ ਦਾ ਆਖ਼ਰੀ ਫ਼ਿਕਰਾਂ - "ਹੋ ਸਕਦਾ ਹੈ ਕਿ ਮਿੱਨੀ ਦਾ ਵੀ ਚੁਪ-ਚੁਪੀਤੇ ਉਨ੍ਹਾਂ ਦੀ ਪ੍ਰਧਾਨਗੀ ਬਾਰੇ ਇਹ ਖ਼ਿਆਲ ਹੋਵੇ"-- ਪ੍ਰਤੱਖ ਤੌਰ ਉਤੇ ਲੇਖਕ ਵਲੋਂ ਕਿਹਾ ਗਿਆ ਹੈ, ਜਿਹੜਾ ਮਿੱਨੀ ਦੇ ਪਾਤਰ ਦੀ ਮਾਸੂਮੀਅਤ ਨੂੰ ਭੰਗ ਕਰਦਾ ਹੈ। ਇਸ ਤੋਂ ਪਹਿਲਾ ਫ਼ਿਕਰਾਂ - "ਬੱਚੀ ਦੀ ਇਹ ਗੱਲ ਸੁਣ ਕੇ ਗਿੱਲ ਸਾਹਿਬ ਹੱਸ ਪਏ। ਉਨ੍ਹਾਂ ਦਾ ਖ਼ਿਆਲ ਸੀ ਕਿ ਇੱਕ ਪੁਰਾਣੀ ਸਲੇਟ ਮਿਲਣ 'ਤੇ ਕਿਸੇ ਦਾ ਖ਼ੁਸ਼ ਹੋਣਾ ਇਕ ਬੜੀ ਹਾਸੇ ਵਾਲੀ ਗੱਲ ਸੀ" - ਵੀ ਲੇਖਕ ਵਲੋਂ ਕੀਤੀ ਗਈ ਟਿੱਪਣੀ ਹੈ, ਪਰ ਇਹ 'ਗਿੱਲ ਸਾਹਿਬ' ਦੇ ਖ਼ਿਆਲ ਨੂੰ ਪੇਸ਼ ਕਰਦੀ ਹੈ, ਉਹਨਾਂ ਦੇ ਸੁਭਾਅ ਦੇ ਅਨੁਕੂਲ ਹੈ, ਇਸ ਲਈ ਇਹ ਕਹਾਣੀ ਦੇ ਅੰਦਰ ਹੋ ਕੇ ਕੀਤੀ ਗਈ ਟਿੱਪਣੀ ਹੈ, ਜਿਹੜੀ ਲੇਖਕ ਵਲੋਂ ਲਿਖੇ ਗਏ ਆਖ਼ਰੀ ਵਾਕ ਦੇ ਅਰਥਾਂ ਨੂੰ ਵੀ ਸਮਾਈ ਬੈਠੀ ਹੈ। ਕਹਾਣੀ ਅਸਲ ਵਿਚ ਇਥੇ ਹੀ ਖ਼ਤਮ ਹੋ ਜਾਂਦੀ ਹੈ।

ਸਮੁੱਚੇ ਤੌਰ ਉਤੇ ਵਿਸ਼ੇ-ਵਸਤੂ ਦੇ ਪੱਖੋਂ ਵੀ ਅਤੇ ਇਸ ਦੇ ਨਿਭਾਹ ਦੇ ਪੱਖੋਂ ਵੀ ਇਸ ਸੰਗ੍ਰਹਿ ਵਿਚ ਕਈ ਕਹਾਣੀਆਂ ਹਨ, ਜਿਨ੍ਹਾਂ ਨਾਲ ਵਿਰਕ ਨੇ ਆਪਣੇ ਲਈ ਵੀ ਅਤੇ ਪੰਜਾਬੀ ਨਿੱਕੀ ਕਹਾਣੀ ਲਈ ਵੀ ਮਾਪ ਕਾਇਮ ਕਰ ਦਿਤਾ ਹੈ। ਇਸ ਪੱਖੋਂ ਖ਼ਾਸ ਕਰਕੇ "ਤੂੜੀ ਦੀ ਪੰਡ", "ਪੌਣਾ ਆਦਮੀ', 'ਦੋ ਆਨੇ ਦਾ ਘਰ" ਆਦਿ ਦਾ ਨਾਂ ਲਿਆ ਜਾ ਸਕਦਾ ਹੈ।

111