ਪ੍ਰਕਾਰ ਚੱਲਿਆ ਹੈ ਕਿ ਇਸ ਯੂਟੋਪੀਏ ਤੋਂ ਕਿਸੇ ਅਗਲੇ ਚਿੰਤਨ ਨਾਲ ਬਰ ਮੇਚਣਾ ਸਾਡੇ ਸਮਾਜ ਦੀ ਮਜਬੂਰੀ ਨਹੀਂ ਬਣੀ? ਮੇਰਾ ਖ਼ਿਆਲ ਹੈ ਕਿ ਗੱਲਾਂ ਦੋਵੇਂ ਠੀਕ ਹਨ। ਸਮਾਂ ਬਦਲਣ ਨਾਲ ਇਸ ਯੂਟੋਪੀਏ ਵਿਚ ਨਵੇਂ ਅੰਸ਼ ਮਿਲਦੇ ਰਹੇ ਹਨ। ਇਕ ਸਮਾਂ ਆਇਆ ਕਿ ਗੁਰਬਖ਼ਸ਼ ਸਿੰਘ ਨੇ ਐਲਾਨ ਕੀਤਾ ਕਿ ਮੈਂ ਕਮਿਊਨਿਸਟ ਅਤੇ ਸੋਸ਼ਲਿਸਟ ਲਹਿਰਾਂ ਦੇ ਨਾਲ ਹੋਵਾਂਗਾ। ਉਹ ਸੰਸਾਰ ਅਮਨ ਲਹਿਰ ਦਾ ਘੁਲਾਟੀਆਂ ਬਣ ਗਿਆ। ਉਹ ਕਿਸਾਨਾਂ, ਮਜ਼ਦੂਰਾਂ ਦੇ ਰਾਜ ਦਾ ਗਵੱਈਆ ਬਣ ਗਿਆ। ਪਰ ਹਰ ਯੂਟੋਪੀਆਈ ਆਦਰਸ਼ਵਾਦੀ ਚਿੰਤਕ ਵਾਂਗ, ਉਹ ਇਨ੍ਹਾਂ ਸਭ ਲਹਿਰਾਂ ਵਿਚ ਵੀ ਆਪਣੇ ਹੀ ਯੂਟੋਪੀਏ ਦੀ ਪੂਰਣਤਾ ਦੇਖਦਾ ਰਿਹਾ ਅਤੇ ਇਹ ਗੱਲ ਫਿਰ ਉਸ ਨੂੰ ਹਕੀਕਤ ਅਤੇ ਝਾਵਲੇ ਦੇ ਵਿਚਕਾਰ ਲਟਕਦਾ ਰਖਦੀ ਰਹੀ ਹੈ।
ਦੂਜੇ ਪਾਸੇ, ਪੰਜਾਬ ਦਾ ਸਾਰਾ ਆਰਥਕ ਵਿਕਾਸ ਕੁਝ ਇਸ ਢੰਗ ਨਾਲ ਚੱਲਿਆ ਕਿ ਇਸ ਨੇ ਉਸ ਸ਼ਰੇਣੀ ਨੂੰ ਵਧਾਇਆ ਅਤੇ ਅੱਗੇ ਖੜਿਆ ਹੈ, ਜਿਹੜੀ ਇਸ ਯੂਟੋਪੀਏ ਦੀ ਵਾਹਣ ਹੈ, ਭਾਵ ਮਧ-ਸ਼ਰੇਣੀ, ਅਤੇ ਉਸ ਸ਼ਰੇਣੀ ਦੇ ਪੈਦਾ ਹੋਣ ਅਤੇ ਵਧਣ ਨੂੰ ਰੋਕਿਆ ਹੈ ਜਾਂ ਬੇਹੱਦ ਧੀਮਾ ਕੀਤਾ ਹੈ, ਜਿਹੜੀ ਇਸ ਯੂਟੋਪੀਏ ਤੋਂ ਅਗਲੇ ਆਦਰਸ਼ ਦੀ ਟੇਕ ਬਣਦੀ ਹੈ, ਭਾਵ, ਪ੍ਰੋਲਤਾਰੀ (ਮਜ਼ਦੂਰ ਨਹੀਂ!) ਸ਼ਰੇਣੀ ਨੂੰ।
-6-
ਗੁਰਬਖ਼ਸ਼ ਸਿੰਘ ਨੇ ਖ਼ੁਦ ਹੀ ਲਿਖਿਆ ਹੈ - "ਅਗਾਂਹ ਤੁਰੋ ਤੇ ਅਗਾਂਹ ਵਧੋ।... ਬਜ਼ੁਰਗਾਂ ਦਾ ਸਤਿਕਾਰ ਕਰੋ, ਉਨ੍ਹਾਂ ਨੂੰ ਗਿਆਨ-ਪੌੜੀ ਦੇ ਸਤਿਕਾਰਯੋਗ ਡੰਡੇ ਸਮਝੋ, ਪਰ ਪੈਰ ਸਦਾ ਅਗਲੇ ਡੰਡੇ ਉਤੇ ਰੱਖੋ।"
ਅੱਜ ਅਸੀਂ ਜੋ ਵੀ ਹਾਂ, ਉਸ ਦਾ ਆਰੰਭਿਕ ਬਿੰਦੂ ਗੁਰਬਖ਼ਸ਼ ਸਿੰਘ ਹੈ। ਅੱਜ ਅਸੀਂ ਜਿਸ ਮਾਹੌਲ ਵਿਚ ਰਹਿ ਰਹੇ ਹਾਂ, ਉਸ ਵਿਚਲੀਆਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਗੁਰਬਖ਼ਸ਼ ਸਿੰਘ ਕਰ ਕੇ ਹਨ। ਗੁਰਬਖ਼ਸ਼ ਸਿੰਘ ਸਾਡੀ ਚੇਤਨਾ ਦਾ ਹਿੱਸਾ ਹੈ, ਉਸ ਚੇਤਨਾ ਦਾ ਵੀ ਜਿਹੜੀ ਗੁਰਬਖ਼ਸ਼ ਸਿੰਘ ਤੋਂ ਕਿਤੇ ਅੱਗੇ ਲੰਘ ਗਈ ਹੈ। ਗੁਰਬਖ਼ਸ਼ ਸਿੰਘ ਤੋਂ ਅੱਗੇ ਦੀ ਇਹ ਚੇਤਨਾ ਗੁਰਬਖ਼ਸ਼ ਸਿੰਘ ਨੂੰ ਨਫ਼ੀ ਨਹੀਂ ਕਰਦੀ, ਸਗੋਂ ਗੁਰਬਖ਼ਸ਼ ਸਿੰਘ ਦੀ ਵੰਗਾਰ ਹੈ।
ਗੁਰਬਖ਼ਸ਼ ਸਿੰਘ ਨਾਲ ਸ਼ੁਰੂ ਹੋਏ, ਪਰ ਉਸ ਦੇ ਝਾਵਲਿਆਂ ਕਰ ਕੇ, ਅਤੇ ਹੋਰ ਵੀ ਜ਼ਿਆਦਾ, ਸਮਾਜਕ ਹਾਲਤਾਂ ਕਰ ਕੇ ਅਧੂਰੇ ਰਹਿ ਗਏ ਪ੍ਰਬੁੱਧਤਾ ਦੇ ਅਮਲ ਨੂੰ ਅੱਗੇ ਤੋਰਨਾਂ ਇਕ ਐਸਾ ਫ਼ਰਜ਼ ਹੈ, ਜਿਹੜਾ ਉਸ ਤੋਂ ਮਗਰੋਂ ਸਾਡੇ ਸਭ ਦੇ ਸਿਰ ਆ ਪੈਂਦਾ ਹੈ।