ਕਰਤਾਰ ਸਿੰਘ ਦੁੱਗਲ ਅਤੇ 1947
1947 ਨਾਲ ਸਿੱਧੀ ਤਰ੍ਹਾਂ ਸੰਬੰਧਿਤ ਕਰਤਾਰ ਸਿੰਘ ਦੁੱਗਲ ਦੀਆਂ ਰਚਨਾਵਾਂ ਵਿਚ ਇਕ ਕਹਾਣੀ-ਸੰਗ੍ਰਹਿ ਅੱਗ ਖਾਣ ਵਾਲੇ ਅਤੇ ਇਕ ਦਰਜਨ ਦੇ ਕਰੀਬ ਮਗਰੋਂ ਲਿਖੀਆਂ ਕਹਾਣੀਆਂ ਅਉਂਦੀ ਹਨ। ਇਕ ਨਾਵਲ ਨਹੁੰ ਤੇ ਮਾਸ ਅਤੇ ਇਕ ਛੋਟਾ ਜਿਹਾ ਨਾਵਲ ਉਸ ਦੀਆਂ ਚੂੜੀਆਂ, ਅੱਧੀ ਕੁ ਦਰਜਨ ਤੋਂ ਘੱਟ ਇਕਾਂਗੀ, ਇੰਨੀਆਂ ਕੁ ਹੀ ਕਵਿਤਾਵਾਂ ਵੀ ਇਸ ਵਿਸ਼ੇ ਨਾਲ ਸਿੱਧੀ ਤਰ੍ਹਾਂ ਸੰਬੰਧਿਤ ਹਨ। ਪੂਰੇ ਨਾਟਕ ਮਿੱਠਾ ਪਾਣੀ ਦਾ ਦੁਖਾਂਤਕ ਪੱਖ 1947 ਦੇ ਪਿਛੋਕੜ ਕਾਰਨ ਹੈ। ਕੋਹਕਨ 1947 ਦੇ ਅੰਸ਼ਾਂ ਨੂੰ ਨਾਲ ਲੈ ਕੇ ਕਹਾਣੀ ਨੂੰ ਦੇਸ਼ ਦੀ ਉਸਾਰੀ ਵਲ ਤੋਰਦਾ ਹੈ। ਇਕ ਦਿਲ ਵਿਕਾਉ ਹੈ ਦਾ ਆਖ਼ਰੀ ਕਾਂਡ 1947 ਵਿਚ ਖ਼ਤਮ ਹੁੰਦਾ ਹੈ। ਮੇਰਾ ਦਿਲ ਮੋੜ ਦੇ ਦਾ ਇਥੋਂ ਆਰੰਭ ਹੁੰਦਾ ਹੈ।
ਸਮੁੱਚੇ ਦੁੱਗਲ ਸਾਹਿਤ ਦੇ ਪਿਛੋਕੜ ਵਿਚ ਲਿਆਂ, 1947 ਨਾਲ ਸਿੱਧੀ ਤਰ੍ਹਾਂ ਸੰਬੰਧਿਤ ਉਸ ਦੀਆਂ ਰਚਨਾਵਾਂ ਦੀ ਗਿਣਤੀ ਬਹੁਤ ਘੱਟ ਹੈ। ਪਰ ਇਹ ਥੋੜ੍ਹੀ ਜਿਹੀ ਗਿਣਤੀ ਵੀ, ਕਿਸੇ ਦੂਜੇ ਸਥਾਪਤ ਪੰਜਾਬੀ ਲੇਖਕ ਵਲੋਂ ਇਸ ਵਿਸ਼ੇ ਉਤੇ ਰਚੇ ਗਏ ਸਾਹਿਤ ਨਾਲੋਂ ਕਿਤੇ ਜ਼ਿਆਦਾ ਹੈ।
ਤਾਂ ਵੀ, ਦੁੱਗਲ ਦੀ ਵਿਲੱਖਣਤਾ ਇਸ ਅੰਕਿਕ ਪ੍ਰਮੁਖਤਾ ਕਰਕੇ ਨਹੀਂ। 1947 ਸੰਬੰਧੀ ਦੁੱਗਲ ਦੀਆਂ ਸਾਰੀਆਂ ਰਚਨਾਵਾਂ ਦੇ ਪਿੱਛੇ ਕੁਝ ਬੁਨਿਆਦੀ ਧਾਰਨਾਵਾਂ ਕੰਮ ਕਰ ਰਹੀਆਂ ਦੇਖੀਆਂ ਜਾ ਸਕਦੀਆਂ ਹਨ, ਜਿਹੜੀਆਂ ਦੁੱਗਲ ਨੂੰ ਬਾਕੀ ਪੰਜਾਬੀ ਸਾਹਿਤਕਾਰਾਂ ਨਾਲੋਂ ਨਿਖੇੜਦੀਆਂ ਹਨ।
1947 ਸੰਬੰਧੀ ਸਾਹਿਤ ਰਚਣ ਵਿਚ ਦੋ ਠੋਸ ਸਥਿਤੀਆਂ ਦੁੱਗਲ ਲਈ ਪ੍ਰੇਰਨਾ ਦਾ ਕੰਮ ਕਰ ਰਹੀਆਂ ਹਨ। ਆਪਣੀ ਜਨਮ-ਭੂਮੀ ਨਾਲ ਜਿਹੜਾ ਲਗਾਵ ਦੁੱਗਲ ਵਿਚ ਦੇਖਣ ਨੂੰ ਆਉਂਦਾ ਹੈ, ਉਹ ਹੋਰ ਕਿਸੇ ਵੀ ਪੰਜਾਬੀ ਸਾਹਿਤਕਾਰ ਵਿਚ ਨਹੀਂ ਮਿਲਦਾ। ਪੋਠੋਹਾਰ ਦੇ ਸੁਹਾਵੇ ਧਰਤ-ਦ੍ਰਿਸ਼, ਪੋਠੋਹਾਰ ਦਾ ਇਤਿਹਾਸ, ਮਿਥਿਹਾਸ, ਸਭਿਆਚਾਰ, ਲੋਕਯਾਨ, ਪੋਠੋਹਾਰ ਦੀ ਸਰੀਰਕ ਅਤੇ ਇਖ਼ਲਾਕੀ ਸੁੰਦਰਤਾ ਅਤੇ ਕਰੂਰਤਾ - ਸਭ ਕੁਝ ਦੁੱਗਲ ਦੇ ਰਚਨਾ-ਸੰਸਾਰ ਦਾ ਜਿਊਂਦਾ-ਜਾਗਦਾ ਹਿੱਸਾ ਹੈ। ਪੋਠੋਹਾਰ ਉਹ ਸ਼ਬਦ ਹੈ, ਜਿਹੜਾ ਜੀਭ ਉਤੇ ਆਉਂਦਿਆਂ ਦੁੱਗਲ ਨੂੰ ਅਜੇ ਵੀ ਵਜਦ ਵਿਚ ਸੁੱਟ