ਕਿਸੇ ਦੇ ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਵਿਚ ਨਹੀਂ ਦੇਖਦਾ, ਜਿਵੇਂ ਕਿਸੇ ਦਾ ਸ਼ਰੀਫ਼ ਜਾਂ ਬਦਮਾਸ਼ ਹੋਣਾ ਉਸ ਦੇ ਧਰਮ ਉਤੇ ਨਿਰਭਰ ਨਹੀਂ ਕਰਦਾ। ਸ਼ਰਾਫ਼ਤ ਜਾਂ ਬਦਮਾਸ਼ੀ ਵਾਂਗ ਹੀ ਉਹ ਮਜ਼੍ਹਬੀ ਕੱਟੜਤਾ ਨੂੰ ਵੀ ਖ਼ਾਸ ਹਾਲਤਾਂ ਵਿਚ ਉਪਜੇ ਮਨੁੱਖੀ ਵਿਹਾਰ ਵਜੋਂ, ਗ਼ਲਤ-ਮਨੁੱਖੀ ਵਿਹਾਰ ਵਜੋਂ ਹੀ ਦੇਖਦਾ ਹੈ। ਧਰਮ ਦੇ ਦਵੰਦ ਵਲ ਉਸ ਨੇ ਧਿਆਨ ਦੁਆਇਆ ਹੈ, ਪਰ ਕਿਸੇ ਖਾਸ ਧਰਮ ਦੇ ਚੌਖਟੇ ਵਿਚ ਨਹੀਂ, ਸਗੋਂ ਸੰਸਥਾ ਵਜੋਂ ਧਰਮ ਵਿਚ ਮਿਲਦੇ ਦਵੰਦ ਵਲ। ਮਿੱਠਾ ਪਾਣੀ ਵਿਚ ਉਹ ਦੇਵੀ ਦੀ ਮਾਂ ਦੇ ਲਫਜ਼ਾਂ ਵਿਚ ਇਸ ਦਵੰਦ ਨੂੰ 'ਰੱਬ ਦੇ ਬੰਦਿਆਂ' ਅਤੇ 'ਰੱਬ ਦੇ ਰਾਖਿਆਂ' ਵਿਚਲੇ ਦਵੰਦ ਵਜੋਂ ਪੇਸ਼ ਕਰਦਾ ਹੈ। ਦੇਵੀ ਦੀ ਮਾਂ ਸਕੀਨਾ ਸਾਹਮਣੇ ਗਿਲਾ ਕਰਦੀ ਹੈ ਕਿ ਹੁਣ ਸਾਰੇ 'ਰੱਬ ਦੇ ਰਾਖੇ' ਬਣ ਗਏ ਹਨ, 'ਰੱਬ ਦਾ ਬੰਦਾ' ਕੋਈ ਦੇਖਣ ਵਿਚ ਨਹੀਂ ਆਉਂਦਾ। ਅਸਲ ਵਿਚ ਧਰਮ ਜੇ ਜੀਊਂਦਾ ਹੈ ਤਾਂ ਉਹਨਾਂ ਗੁਣਾਂ ਕਰਕੇ ਜਿਹੜੇ 'ਰੱਬ ਦੇ ਬੰਦਿਆਂ' ਵਿਚ ਹੁੰਦੇ ਹਨ। ਪਰ ਜਦੋਂ ਧਰਮ ਜਨੂੰਨ ਹੋ ਨਿਬੜਦਾ ਹੈ, ਤਾਂ ਇਹ ਇਹਨਾਂ 'ਬੰਦਿਆਂ' ਨੂੰ ਹੀ ਪਹਿਲਾਂ ਖਾਂਦਾ ਹੈ। ਧਰਮ ਦੇ ਇਹੀ ਗੁਣ, ਜਿਹੜੇ ਬੰਦਿਆਂ ਨੂੰ ਪ੍ਰਭਾਵਤ ਕਰ ਕੇ ਧਰਮ ਦੀਆਂ ਜੜ੍ਹਾ ਪੱਕੀਆਂ ਕਰਦੇ ਹਨ, ਉਦੋਂ ਵੀ ਸ਼ਾਂਤ, ਅਡੋਲ, ਨਿਰਲੇਪ ਰਹਿੰਦੇ ਹਨ, ਜਦੋਂ ਧਰਮ ਦੇ ਰਾਖੇ ਆਪਣੀਆਂ ਕਰਤੂਤਾਂ ਕਰ ਰਹੇ ਹੁੰਦੇ ਹਨ ("ਤੈਂ ਕੀ ਦਰਦ ਨਾ ਆਇਆ")
ਸੋ 1947 ਨਾਲ ਸੰਬੰਧਿਤ ਸਾਰਾ ਦੁੱਗਲ ਸਾਹਿਤ ਇਕ ਤਰ੍ਹਾਂ ਨਾਲ ਧਰਮ ਦੀ ਆਲੋਚਨਾ ਹੋ ਨਿਬੜਦਾ ਹੈ।
ਅਤੇ ਜੇ ਅਸੀਂ ਵਿਸ਼ੇ ਤੋਂ ਲਾਂਭੇ ਜਾ ਕੇ ਇਥੇ ਇਕ ਟਿੱਪਣੀ ਕਰਨ ਦੀ ਖੁਲ੍ਹ ਲਈਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਧਰਮ ਦਾ ਪ੍ਰਚਾਰ ਦੁੱਗਲ ਕਿਤੇ ਵੀ ਨਹੀਂ ਕਰਦਾ, ਬਾਵਜੂਦ ਇਸ ਦੇ ਕਿ ਉਹ ਆਪਣੇ ਆਪ ਨੂੰ ਇਕ ਧਾਰਮਿਕ ਵਿਅਕਤੀ ਸਮਝਦਾ ਹੈ। ਜੇ ਅਸੀਂ ਉਸ ਦੀਆਂ ਉਹਨਾਂ ਰਚਨਾਵਾਂ ਦਾ ਵੀ ਡੂੰਘਾ ਵਿਸ਼ਲੇਸ਼ਣ ਕਰੀਏ, ਜਿਨ੍ਹਾਂ ਵਿਚ ਉਹ ਆਪਣੇ ਕਹਿਣ ਅਨੁਸਾਰ ਰੱਬ ਅਤੇ ਧਰਮ ਨਾਲ ਸੰਬੰਧਿਤ ਮਸਲੇ ਸੁਲਝਾ ਰਿਹਾ ਹੁੰਦਾ ਹੈ, ਤਾਂ ਪਤਾ ਇਹ ਲੱਗੇਗਾ ਕਿ ਅਜੇਹੀਆਂ ਰਚਨਾਵਾਂ, ਰੱਬ ਅਤੇ ਧਰਮ ਦੀ ਹੋਂਦ ਅਤੇ ਸਾਰਥਕਤਾ ਨਾਲੋਂ ਇਹਨਾਂ ਦੋਹਾਂ ਬਾਰੇ ਸਮਾਜ-ਵਿਗਿਆਨੀਆਂ ਦੇ ਦ੍ਰਿਸ਼ਟੀਕੋਨ ਨੂੰ ਸਮਝਣ ਵਿਚ ਵਧੇਰੇ ਸਹਾਈ ਹੁੰਦੀਆਂ ਹਨ।
ਧਾਰਮਿਕਤਾ ਅਤੇ ਨੈਤਿਕਤਾ ਦੇ ਵੱਖ ਵੱਖ ਸੰਕਲਪ ਹਨ। ਨੈਤਿਕਤਾ ਧਰਮ ਦੇ ਚੌਖਟੇ ਤੋਂ ਬਾਹਰ ਵੀ ਅਰਥ ਰਖਦੀ ਹੈ। ਦੁੱਗਲ ਆਪਣੇ ਧਰਮ ਦੀਆਂ ਜੋ ਪ੍ਰੀਭਾਸ਼ਤ ਕਰਨ ਵਾਲੀਆਂ ਸਿਫ਼ਤਾਂ ਦੱਸਦਾ ਹੈ (ਕਿਰਤ ਕਰਨਾ ਅਤੇ ਵੰਡ ਛਕਣਾ), ਉਹ ਅਸਲ ਵਿਚ ਕਿਸੇ ਵੀ ਚੰਗੀ ਤੋਂ ਚੰਗੀ ਨੈਤਿਕਤਾ ਦਾ ਹਿੱਸਾ ਹੋ ਸਕਦੀਆਂ ਹਨ, ਜਦ ਕਿ ਧਾਰਮਿਕਤਾ ਕਿਸੇ ਦੈਵੀ ਸ਼ਕਤੀ ਵਿਚ ਵਿਸ਼ਵਾਸ ਤੋਂ ਬਿਨਾਂ ਨਹੀਂ ਤੁਰਦੀ। ਜੇ ਇਸ ਗੱਲ ਨੂੰ ਧਿਆਨ ਵਿਚ ਰਖੀਏ ਤਾਂ ਉਹ ਵਿਰੋਧਾਭਾਸ ਸਮਝ ਵਿਚ ਆ ਜਾਂਦਾ ਹੈ, ਜਿਸ ਵਲ ਉਤੇ ਸੰਕੇਤ ਕੀਤਾ ਗਿਆ ਹੈ-ਕਿ ਦੁੱਗਲ ਧਾਰਮਿਕ ਹੁੰਦਾ ਹੋਇਆ ਵੀ ਧਰਮ ਦਾ ਪ੍ਰਚਾਰਕ ਨਹੀਂ, ਸਗੋਂ ਆਲੋਚਕ ਹੋ ਨਿਬੜਦਾ ਹੈ।