੪
ਸਿਖਿਆ ਵਿਗਿਆਨ ਅਤੇ ਹੋਰ ਵਿਦਿਆਵਾਂ
ਸਿਖਿਆ ਵਿਗਿਆਨ ਕੋਈ ਸੁਤੰਤਰ ਵਿਗਿਆਨ ਨਹੀਂ ਹੈ। ਸਿਖਿਆ ਵਿਗਿਆਨ ਇਕ ਪਾਸੇ ਫਿਲਾਸਫੀ ਹੈ ਅਤੇ ਦੂਜੇ ਪਾਸੇ ਵਿਗਿਆਨ। ਸਿਖਿਆ-ਵਿਗਿਆਨ ਜਦੋਂ ਸਿਖਿਆ ਦੇ ਨਿਸ਼ਾਨੇ ਦਾ ਵਰਣਨ ਕਰਦਾ ਹੈ ਤਾਂ ਇਹ ਫਿਲਾਸਫੀ ਬਣ ਜਾਂਦਾ ਹੈ ਅਤੇ ਜਦ ਇਹ ਸਿਖਿਆ ਦੀ ਵਿਧੀ ਉਤੇ ਵਿਚਾਰ ਕਰਦਾ ਹੈ ਤਾਂ ਵਿਗਿਆਨ ਬਣ ਜਾਂਦਾ ਹੈ। ਸਿਖਿਆ-ਵਿਗਿਆਨ ਦਾ ਵਿਸ਼ੇਸ਼ ਸਬੰਧ ਦੋ ਵਿਦਿਆਵਾਂ ਨਾਲ ਹੈ-ਨੀਤੀ ਵਿਦਿਆ ਅਤੇ ਮਨੋਵਿਗਿਆਨ।
ਸਿਖਿਆ-ਵਿਗਿਆਨ ਅਤੇ ਨੀਤੀ ਵਿਦਿਆ-ਸਿਖਿਆ ਦਾ ਸਧਾਰਨ ਨਿਸ਼ਾਨਾ ਬਾਲਕ ਨੂੰ ਸੁਯੋਗ (ਸਿਆਣਾ) ਬਨਾਉਣਾ ਹੈ। ਅਸੀਂ ਸੁਯੋਗ ਵਿਅਕਤੀ ਕਿਸ ਨੂੰ ਕਹੀਏ, ਇਹ ਦਸਣਾ ਨੀਤੀ ਵਿਦਿਆ ਦਾ ਕੰਮ ਹੈ। ਸਮਾਜ ਦੇ ਆਗੂ ਜਿਹੋ ਜਿਹਾ ਆਪਣੇ ਜੀਵਨ ਦਾ ਆਦਰਸ਼ ਬਣਾਉਂਦੇ ਹਨ, ਉਸੇ ਅਨੁਸਾਰ ਬਚਿਆਂ ਨੂੰ ਸਿਖਿਆ ਦਿਤੀ ਜਾਂਦੀ ਹੈ। ਕਦੇ ਪਰਲੋਕ ਦੇ ਸੁਖ ਲਈ ਹੀ ਸਮਾਜ ਦੇ ਲੋਕ ਇੱਛਾ ਰਖਦੇ ਹਨ, ਸੰਸਾਰੀ ਜੀਵਨ ਉਨ੍ਹਾਂ ਲਈ ਭਾਰ ਪਰਤੀਤ ਹੁੰਦਾ ਹੈ। ਅਜਿਹੀ ਹਾਲਤ ਵਿਚ ਸਿਖਿਆ ਦਾ ਨਿਸ਼ਾਨਾ ਮਨੁਖ ਨੂੰ ਸੰਸਾਰੀ ਜੀਵਨ ਤੋਂ ਮੁਕਤ ਕਰਨਾ ਹੋ ਜਾਂਦਾ ਹੈ। ਸਮਾਜ ਦੇ ਪਰਧਾਨ ਸਿਖਿਆ ਦੇਣ ਵਾਲੇ ਭਿਖਸ਼ੂ ਜਾਂ ਸੰਨਿਆਸੀ ਲੋਕ ਹੁੰਦੇ ਹਨ। ਉਹ ਮੁਢ ਤੋਂ ਹੀ ਬੱਚੇ ਦੇ ਮਨ ਵਿਚ ਸੰਸਾਰ ਤੋਂ ਭੱਜ ਜਾਣ ਦੇ ਭਾਵ ਪੈਦਾ ਕਰ ਦਿੰਦੇ ਹਨ। ਬੱਚਿਆਂ ਨੂੰ ਕਥਾ ਕਹਾਣੀਆਂ ਹੀ ਸੁਣਾਈਆਂ ਜਾਂਦੀਆਂ ਹਨ ਜਿਸ ਨਾਲ ਉਨ੍ਹਾਂ ਨੂੰ ਧਨ ਦੌਲਤ ਦੇ ਜੋੜਣ ਦੀ ਥਾਂ ਅਧਿਆਤਮਕ ਉਨਤੀ ਵਲ ਲਗਣ ਲਗ ਜਾਵੇ।
ਕਦੇ ਕਦੇ ਸਮਾਜ ਦੇ ਆਗੂ ਸੰਸਾਰਿਕ ਉਨਤੀ ਨੂੰ ਹੀ ਜੀਵਨ ਦਾ ਵੱਡਾ ਨਿਸ਼ਾਨਾ ਮੰਨ ਲੈਂਦੇ ਹਨ। ਉਨ੍ਹਾਂ ਦਾ ਪਰਲੋਕ ਵਿਚ ਵਿਸ਼ਵਾਸ਼ ਹੀ ਨਹੀਂ ਹੁੰਦਾ। ਅਜਿਹੀਆਂ ਹਾਲਤਾਂ ਵਿਚ ਉਹ ਬੱਚੇ ਦੇ ਮਨ ਵਿਚ ਕਦੇ ਵੀ ਅਜਿਹੇ ਸੰਸਕਾਰ, ਪੈਦਾ ਨਹੀਂ ਹੋਣ ਦੇਣਗੇ ਜਿਨ੍ਹਾਂ ਨਾਲ- ਉਸ ਦਾ ਮਨ ਆਪਣੇ ਇਸ ਜੀਵਨ ਦੀਆਂ ਜ਼ਿਮੇਵਾਰੀਆਂ ਤੋਂ ਉਦਾਸ ਹੋਵੇ। ਪਰਲੋਕ ਦੀਆਂ ਗਲਾਂ ਕਰਨਾ, ਅਜਿਹੀ ਹਾਲਤ ਵਿਚ, ਸਮਾਜ ਵਿਰੁਧ ਬਗ਼ਾਵਤ ਮੰਨੀ ਜਾਵੇਗੀ। ਰੂਸ ਦੇ ਸਕੂਲਾਂ ਵਿਚ ਧਰਮ ਬਾਰੇ ਚਰਚਾ ਕਰਨੀ ਮਨ੍ਹਾਂ ਹੈ। ਸਾਮਵਾਦੀ ਵਿਚਾਰ ਅਨੁਸਾਰ ਧਰਮ ਮਨੁਖ ਨੂੰ ਸੰਸਾਰ ਵਲੋਂ ਉਪਰਾਮ ਕਰ ਦਿੰਦਾ ਹੈ। ਧਾਰਮਕ ਖਿਆਲਾਂ ਵਾਲੀ ਜਨਤਾ ਆਪਣੇ ਅਧਿਕਾਰਾਂ ਲਈ ਘੋਲ ਕਰਨ ਦੇ ਅਸਮਰੱਥ ਹੁੰਦੀ ਹੈ। ਉਹ ਡੋਰੀ ਭਾਗਾਂ ਉਤੇ ਛਡ ਦਿੰਦੀ ਹੈ। ਜਨਤਾ ਦੀ ਇਸ ਉਪਰਾਮਤਾ ਦਾ, ਸਮਾਜ ਦੇ ਚਲਾਕ ਲੋਕ, ਅਯੋਗ ਲਾਭ ਉਠਾਉਂਦੇ ਹਨ। ਉਹ ਉਨ੍ਹਾਂ ਦੀ ਮਿਹਨਤ ਤੇ ਡਾਕਾ ਮਾਰਦੇ ਹਨ। ਇਸ ਤਰ੍ਹਾਂ ਸਮਾਜ ਦੇ ਕੁਝ ਲੋਕੀਂ ਅਮੀਰ ਹੋ ਜਾਂਦੇ ਹਨ ਅਤੇ ਬਾਕੀ ਗਰੀਬ ਰਹਿ ਜਾਂਦੇ ਹਨ। ਇਸ ਕਰਕੇ ਧਰਮ ਦਾ ਪਰਚਾਰ ਹੋਣ ਦੇਣਾ ਹੀ ਭੈੜਾ ਹੈ। ਰੂਸ ਦੇ ਸਿਖਿਆ ਢੰਗ ਵਿਚ ਬੱਚੇ ਨੂੰ ਸਿਆਣਾ ਕਾਰੋਬਾਰੀ ਅਤੇ ਆਪਣੇ ਅਧਿਕਾਰਾਂ ਲਈ ਲੜਨ ਵਾਲਾ ਵਿਅਕਤੀ ਬਣਾਇਆ ਜਾਂਦਾ ਹੈ।
ਸਿਖਿਆ ਦਾ ਅਸਲ ਆਦਰਸ਼ ਕੀ ਹੋਣਾ ਚਾਹੀਦਾ ਹੈ? ਇਸ ਵਿਸ਼ੇ ਉਤੇ ਫਿਲਸਫੇ ਅਤੇ ਨੀਤੀ ਸ਼ਾਸਤਰ ਦੀ ਸਹਾਇਤਾ ਤੋਂ ਬਗੈਰ ਵਿਚਾਰ ਨਹੀਂ ਕੀਤਾ ਜਾ ਸਕਦਾ। ਨੀਤੀ ਸ਼ਾਸਤਰ ਦੇ ਵਿਚਾਰ ਬੱਚੇ ਨੂੰ ਕਾਬੂ ਰਖਣ ਦੇ ਪ੍ਰਸ਼ਨ ਨੂੰ ਹਲ ਕਰਨ ਵਿਚ ਵੀ ਸਹਾਇਤਾ ਦਿੰਦੇ ਹਨ। ਬੱਚੇ ਨੂੰ ਕਿਵੇਂ ਕਾਬੂ ਵਿਚ ਰੱਖਿਆ ਜਾਵੇ, ਉਸ ਨੂੰ