੩
ਵਾਧਾ ਕਰਨਾ ਲੋੜਦਾ ਹੈ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਇਸ ਤਰ੍ਹਾਂ ਮੋੜਦਾ ਹੈ ਜਿਸ ਨਾਲ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ਼ ਹੋਵੇ।
ਜਿਵੇਂ ਜਿਵੇਂ ਬਾਲ ਮਨੋ-ਵਿਗਿਆਨ ਦੀਆਂ ਖੋਜਾਂ ਰਾਹੀਂ ਬੱਚੇ ਦੇ ਮਾਨਸਿਕ ਕੰਮਾਂ ਬਾਰੇ ਸਾਡਾ ਗਿਆਨ ਵਧਦਾ ਜਾਂਦਾ ਹੈ, ਉਸੇ ਤਰ੍ਹਾਂ ਹੀ ਉਸਦੇ ਸਿਖਿਆ-ਢੰਗ ਵਿਚ ਤਬਦੀਲੀ ਆਉਂਦੀ ਜਾਂਦੀ ਹੈ। ਬੱਚਿਆਂ ਦੀ ਸਿਖਿਆ ਦਾ ਢੰਗ ਉਹ ਨਹੀਂ ਜਿਹੜਾ ਦੋ ਸਦੀਆਂ ਪਹਿਲਾਂ ਸੀ। ਜਿਹੜਾ ਸਿਖਿਆ ਦੇਣ ਵਾਲਾ ਪੁਰਾਣੇ ਢੰਗ ਨੂੰ ਬਚਿਆਂ ਦੇ ਪਾਠ ਯਾਦ ਕਰਾਉਣ ਲਈ ਵਰਤੋਂ ਵਿਚ ਲਿਆਉਂਦਾ ਹੈ ਉਹ ਮਨੋ-ਵਿਗਿਆਨ ਦੀਆਂ ਅਧੁਨਿਕ ਖੋਜਾਂ ਤੋਂ ਲਾਭ ਨਹੀਂ ਉਠਾਉਂਦਾ।
ਸਿਖਿਆ ਵਿਗਿਆਨ ਮਨੋ-ਵਿਗਿਆਨ ਦੀਆਂ ਨਵੀਆਂ ਖੋਜਾਂ ਨੂੰ ਧਿਆਨ ਵਿਚ ਰਖਕੇ ਸਿਖਿਆ ਦੇ ਕੰਮਾਂ ਵਿਚ ਨਵੇਂ ਨਵੇਂ ਸੁਝਾਓ ਦਿੰਦਾ ਰਹਿੰਦਾ ਹੈ। ਇਸ ਲਈ ਇਸ ਦਾ ਅਧਿਅਨ ਹਰ ਸਿਖਿਆ ਦੇਣ ਵਾਲੇ ਲਈ ਬੜਾ ਲੋੜੀਂਦਾ ਹੈ। ਬੱਚਿਆਂ ਨੂੰ ਉਨ੍ਹਾਂ ਦੀ ਹਾਲਤਾਂ ਅਨੁਸਾਰ ਕਿਹੜੇ ਕਿਹੜੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ, ਕਿਸ ਤਰਤੀਬ ਨਾਲ ਪੜ੍ਹਾਏ ਜਾਣੇ ਚਾਹੀਦੇ ਹਨ, ਅਤੇ ਕਿਹੜੇ ਢੰਗ ਵਰਤੋਂ ਵਿਚ ਲਿਆਉਣੇ ਚਾਹੀਦੇ ਹਨ, ਉਨ੍ਹਾਂ ਉਤੇ ਕਾਬੂ (ਕੰਟਰੋਲ) ਕਿਵੇਂ ਰੱਖਿਆ ਜਾ ਸਕਦਾ ਹੈ, ਕਿਸ ਤਰ੍ਹਾਂ ਦਾ ਕਾਬੂ ਉਨ੍ਹਾਂ ਲਈ ਲਾਭਦਾਇਕ ਹੋ ਸਕਦਾ ਹੈ ਆਦਿ ਵਿਸ਼ਿਆਂ ਦਾ ਗਿਆਨ ਸਖਿਆ-ਵਿਗਿਆਨ ਦੇ ਅਧਿਆਨ ਬਿਨਾਂ ਨਹੀਂ ਹੋ ਸਕਦਾ।
ਸਿਖਿਆ-ਵਿਗਿਆਨ ਦੀ ਵਿਸ਼ੇਸ਼ਤਾ
ਸਿਖਿਆ-ਵਿਗਿਆਨ ਇਕ ਵਰਤੋਂ ਵਿਚ ਲਿਆਂਦਾ ਜਾ ਸਕਣ ਵਾਲਾ ਵਿਗਿਆਨ ਹੈ। ਇਸ ਵਿਗਿਆਨ ਦੇ ਅਧਿਅਨ ਦਾ ਮਨੋਰਥ ਸਿਖਿਆ ਦੇ ਕੰਮ ਵਿਚ ਨਿਪੁੰਨਤਾ ਪਰਾਪਤ ਕਰਨਾ ਹੈ। ਸਿਖਿਆ-ਵਿਗਿਆਨ ਨਿਰਾ ਵਿਚਾਰਨ ਵਾਲਾ ਵਿਸ਼ਾ ਨਹੀਂ ਹੈ। ਸਗੋਂ ਇਸ ਦੇ ਅਧਿਅਨ ਦੇ ਸਮੇਂ ਵਿਚ ਹੀ ਇਸਦੀ ਸਦਾ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਅਧਾਰ ਹੀ ਕੰਮ ਹੈ। ਇਹ ਮੁਢ ਤੋਂ ਲੈ ਅੰਤ ਤਕ ਅਮਲ ਵਿਚ ਆਉਂਦਾ ਹੈ। ਜਿਹੜੇ ਵਿਅਕਤੀ ਸਿਖਿਆ ਦੇ ਕੰਮ ਵਿਚ ਲੱਗੇ ਹਨ ਉਹ ਇਸ ਦੇ ਅਧਿਅਨ ਦੀ ਮਹੱਤਾ ਨੂੰ ਉਨ੍ਹਾਂ ਲੋਕਾਂ ਦੇ ਟਾਕਰੇ ਤੇ ਜਿਹੜੇ ਸਿਖਿਆ ਦੇ ਕੰਮਾਂ ਵਿਚ ਨਹੀਂ ਪਏ, ਵਧੇਰੇ ਸਮਝ ਸਕਦੇ ਹਨ। ਬੱਚਿਆਂ ਨੂੰ ਪੜਾਉਂਦਿਆਂ, ਪੜ੍ਹਾਉਣ ਵਾਲਿਆਂ ਅੱਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ, ਉਨ੍ਹਾਂ ਸਮੱਸਿਆਂਵਾਂ ਨੂੰ ਸੁਲਝਾਉਣ ਲਈ ਉਹ ਕਿਸੇ ਪਰਬੀਨ ਦੀ ਸਹਾਇਤਾ ਦੀ ਇੱਛਾ ਰਖਦੇ ਹਨ। ਅਜਿਹੇ ਲੋਕਾਂ ਨੂੰ ਹੀ ਸਿਖਿਆ-ਵਿਗਿਆਨ ਦਾ ਅਧਿਅਨ ਲਾਭਦਾਇਕ ਰਹਿੰਦਾ ਹੈ। ਸਿਖਿਆ-ਵਿਗਿਆਨ ਦਾ ਅਧਿਅਨ ਫਿਲਾਸਫੀ, ਅਰਥ ਵਿਗਿਆਨ,ਰਾਜਨੀਤੀ ਵਿਗਿਆਨ ਵਾਂਗ ਕਿਤਾਬਾਂ ਰਾਹੀਂ ਕਰਨਾ ਵਿਅਰਥ ਹੈ। ਇਸ ਤਰ੍ਹਾਂ ਦੇ ਅਧਿਅਨ ਨਾਲ ਸੁਬਕੀ ਜਾਣਕਾਰੀ ਹੋ ਸਕਦੀ ਹੈ। ਸਿਖਿਆ ਵਿਗਿਆਨ ਦੀ ਅਸਲੀ ਜਾਣਕਾਰੀ ਸਿੱਖਿਆ ਦਾ ਕੰਮ ਕਰਨ ਨਾਲ ਹੀ ਹੁੰਦੀ ਹੈ। ਜਦੋਂ ਤਕ ਸਿਖਿਆ ਵਿਗਿਆਨ ਦੇ ਦੱਸੇ ਕਿਸੇ ਸਿਧਾਂਤ ਨੂੰ ਸਿਖਿਆ ਦੇਣ ਵਾਲਾ ਆਪਣੇ ਸਿਖਿਆ ਦੇ ਕੰਮ ਵਿਚ ਵਰਤੋਂ ਵਿਚ ਨਹੀਂ ਲਿਆਉਂਦਾ, ਉਸਦੀ ਸਚਿਆਈ ਦੀ ਪਰਖ ਨਹੀਂ ਹੁੰਦੀ। ਰਟੇ ਹੋਏ ਸਿਧਾਂਤ ਵਿਅਰਥ ਸਿੱਧ ਹੁੰਦੇ ਹਨ, ਉਹ ਲੋੜ ਪੈਣ ਤੇ ਕੰਮ ਨਹੀਂ ਆਉਂਦੇ।