੯੯
ਬਣਾ ਦਿੰਦਾ ਹੈ।
ਪਰਭਾਵ-ਪਾਊ ਜ਼ਬਤ
ਪਰਭਾਵ-ਪਾਊ ਜ਼ਬਤ ਉਹ ਜਿਸ ਨਾਲ ਬੱਚਾ ਦੰਡ ਦੇ ਡਰ ਦੀ ਥਾਂ, ਉਸਤਾਦ ਦਾ ਕਹਿਣਾ, ਉਸ ਵਿਚ ਸ਼ਰਧਾ ਹੋ ਜਾਣ ਕਰ ਕੇ ਮੰਨਦਾ ਹੈ। ਉਸਤਾਦ ਜੋ ਕੁਝ ਕਹਿੰਦਾ ਹੈ ਉਸ ਨੂੰ ਬੜੀ ਸ਼ਰਧਾ ਨਾਲ ਸੁਣਦਾ ਹੈ ਤੇ ਚਾਈਂ ਚਾਈਂ ਯਾਦ ਕਰਦਾ ਹੈ। ਆਪਣੇ ਉਸਤਾਦ ਦੀ ਵਿਦਿਆ ਵੇਖ ਵੇਖ ਬੱਚੇ ਦੰਗ ਰਹਿ ਜਾਂਦੇ ਹਨ, ਅਤੇ ਉਸ ਦੇ ਆਦਰਸ਼ਕ ਚਲਣ ਅੱਗੇ ਸਦਾ ਆਪਣਾ ਮੱਥਾ ਝੁਕਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਦੇ ਇਕ ਆਦਰਸ਼ਕ ਉਸਤਾਦ ਬਾਰੇ ਸਿਨਕਲੇਅਰ ਲਿਖਦਾ ਹੈ ਕਿ ਉਸ ਦੇ ਵਿਦਿਆਰਥੀਆਂ ਨੂੰ ਉਸ ਦੀ ਵਿਦਵਤਾ ਵਿਚ ਇੰਨਾ ਵਿਸ਼ਵਾਸ਼ ਸੀ ਅਤੇ ਉਸ ਦੇ ਵਿਚਾਰਾਂ ਲਈ ਇੰਨੀ ਸ਼ਰਧਾ ਸੀ ਕਿ ਜਦ ਉਸ ਤੋਂ ਨਿਖੜਦੇ ਤਾਂ ਆਪ ਸੋਚਣ ਦੀ ਪਰਵਾਹ ਨਹੀਂ ਕਰਦੇ ਸਨ। ਉਹ ਆਪਣੇ ਗੁਰੂ ਦੇ ਕਢੇ ਨਿਚੋੜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੁੰਦੇ ਸਨ ਕਿਉਂ ਜੁ ਉਸ ਦੀ ਬੁਧੀ ਉਨ੍ਹਾਂ ਤੋਂ ਇੰਨੀ ਵਧ ਚੜ੍ਹ ਕੇ ਸੀ ਕਿ ਉਹ ਜਾਣਦੇ ਸਨ ਕਿ ਉਸ ਦੀ ਚਤੁਰ ਬੁਧੀ ਨੂੰ ਉਹ ਕਦੇ ਵੀ ਨਹੀਂ ਪਹੁੰਚ ਸਕਦੇ। ਇਸ ਹਾਲਤ ਵਿਚ ਜ਼ਬਤ ਨੂੰ ਬਣਾਈ ਰਖਣ ਵਿਚ ਉਸਤਾਦ ਦੀ ਵਿਦਿਆ ਅਤੇ ਚਲਣ ਦਾ ਭਾਰੀ ਪਰਭਾਵ ਹੁੰਦਾ ਹੈ। ਉਸਤਾਦ ਜਿੰਨਾ ਵਧੇਰੇ ਬਚਿਆਂ ਵਿਚ ਆਪਣੇ ਲਈ ਸ਼ਰਧਾ ਪੈਦਾ ਕਰ ਸਕਦਾ ਹੈ ਉੱਨਾ ਵਧੇਰੇ ਉਹ ਜ਼ਬਤ ਕਾਇਮ ਰਖਣ ਵਾਲਾ ਹੁੰਦਾ ਹੈ। ਅਜ ਦੇ ਸਮੇਂ ਵਿਚ ਡਰ-ਪਾਊ ਜ਼ਬਤ ਮਨੋ-ਵਿਗਿਆਨ ਦੇ ਉਲਟ ਸਮਝਿਆ ਜਾਂਦਾ ਹੈ। ਪਰਭਾਵ-ਪਾਊ ਜ਼ਬਤ ਹੀ ਵਧੇਰੇ ਪਸੰਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਜ਼ਬਤ ਲਈ ਸਮੁਚੇ ਸਕੂਲ ਦਾ ਵਾਤਾਵਰਨ ਚੰਗਾ ਹੋਣਾ ਲੋੜੀਂਦਾ ਹੈ। ਕਿਸੇ ਵੀ ਉਸਤਾਦ ਦਾ ਕਿਸੇ ਵਿਸ਼ੇਸ਼ ਬਾਲਕ ਉਤੇ ਪਰਭਾਵ ਪਾਉਣਾ ਅਥਵਾ ਸਾਰੀ ਕਲਾਸ ਉਤੇ ਪਰਭਾਵ ਪਾਉਣਾ, ਉਸ ਦੀ ਸਕੂਲ ਵਿਚ ਬਣੀ ਸਮਾਜਿਕ ਹਾਲਤ ਉਤੇ ਨਿਰਭਰ ਹੈ। ਜੇ ਸਕੂਲ ਦਾ ਵਾਤਾਵਰਨ ਦੋਸ਼ ਵਾਲਾ ਹੈ ਤਾਂ ਉਸਤਾਦ ਦੀ ਵਿਦਿਆ ਅਤੇ ਚਲਣ ਨਿਰਦੋਸ਼ ਹੋਣ ਉਤੇ ਵੀ ਉਹ ਆਪਣੀ ਕਲਾਸ ਵਿਚ ਠੀਕ ਜ਼ਬਤ ਨਹੀਂ ਰਖ ਸਕਦਾ।
ਸਾਡੇ ਲਈ ਉਪਰ ਦੱਸੇ ਜ਼ਬਤ ਦੇ ਦੋਸ਼ਾਂ ਨੂੰ ਵੇਖਣਾ ਵੀ ਜ਼ਰੂਰੀ ਹੈ। ਪਰਭਾਵ- ਪਾਊ ਜ਼ਬਤ ਦਾ ਅਧਾਰ ਨਿਰਦੋਸ਼ਤਾ ਹੈ। ਜਦ ਬੱਚਾ ਉਸਤਾਦ ਨੂੰ ਆਪਣੇ ਤੋਂ ਸਭ ਗਲਾਂ ਵਿਚ ਵੱਡਾ ਵੇਖਦਾ ਹੈ ਤਾਂ ਉਹ ਉਸ ਦੇ ਕਹਿਣ ਵਿਚ ਚਲਦਾ ਹੈ ਉਸਦੇ ਮਨ ਉਤੇ ਉਸਦਾ ਸਿੱਕਾ ਬੈਠ ਜਾਂਦਾ ਹੈ। ਇਸ ਵਿਚ ਇਕ ਤਰ੍ਹਾਂ ਦੀ ਮਾਨਸਿਕ ਗੁਲਾਮੀ ਦੀ ਸੰਭਾਵਨਾ ਹੋ ਜਾਂਦੀ ਹੈ। ਜਦ ਬੱਚੇ ਵਿਚ ਆਪਣੇ ਆਪ ਸੋਚਣ, ਉਸਤਾਦ ਦੀਆਂ ਕਹੀਆਂ ਗਲਾਂ ਦੀ ਪੜਤਾਲ ਕਰਨ ਦੀ ਆਦਤ ਨਹੀਂ ਪੈਂਦੀ ਤਾਂ ਉਹ ਪਰਭਾਵਸ਼ਾਲੀ ਵਿਅਕਤੀ ਬਨਣ ਦੀ ਥਾਂ ਦੂਜਿਆਂ ਉੱਤੇ ਅੰਧ-ਵਿਸ਼ਵਾਸ ਰਖਣ ਵਾਲਾ ਵਿਅਕਤੀ ਬਣ ਜਾਂਦਾ ਹੈ। ਆਧੁਨਿਕ ਮਨੋ-ਵਿਗਿਆਨ ਦੇ ਕਥਨ ਅਨੁਸਾਰ ਪਰਭਾਵ-ਪਾਊ ਜ਼ਬਤ ਡਰ-ਪਾਊ ਜ਼ਬਤ ਤੋਂ ਵੀ ਭੈੜਾ ਹੈ। ਡਰ ਰਾਹੀਂ ਬੱਚੇ ਦੇ ਉਪਰਲੇ ਮਨ ਉੱਤੇ ਹੀ ਕਾਬੂ ਹੁੰਦਾ ਹੈ ਪਰ ਪਰਭਾਵ ਪਾਊ ਜ਼ਬਤ ਰਾਹੀਂ ਬੱਚੇ ਦੇ ਮਨ ਦੀਆਂ ਅੰਦਰਲੀਆਂ-ਤੈਹਾਂ ਗੁਲਾਮ ਬਣ ਜਾਂਦੀਆਂ ਹਨ। ਸਿਖਿਆ ਦਾ ਨਿਸ਼ਾਨਾ ਮਨੁੱਖ ਨੂੰ ਗੁਲਾਮ ਬਨਾਉਣਾ ਨਹੀਂ ਸਗੋਂ ਸੁਤੰਤਰ ਬਨਾਉਣਾ ਹੋਣਾ ਚਾਹੀਦਾ ਹੈ। ਦੂਜਿਆਂ ਦੇ ਵਿਚਾਰਾਂ ਦੀ ਗੁਲਾਮੀ ਕਰਨਾ ਸਰੀਰਕ ਗੁਲਾਮੀ ਕਰਨ ਨਾਲੋਂ ਕਿਤੇ ਵਧ ਭੈੜਾ ਹੈ।