ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੫

ਜੋੜਾਂ ਨੂੰ ਚੰਗੀ ਤਰ੍ਹਾਂ ਕਰ ਸਕਦੇ ਹਨ। ਦਸਮਲਵ ਦੇ ਜੋੜ ਨੂੰ ਸਮਝਾਉਣ ਤੋਂ ਪਹਿਲਾਂ ਉਸ ਨੂੰ ਬਾਲਕਾਂ ਦੇ ਭਿੰਨ ਦੇ ਜੋੜ ਦੇ ਗਿਆਨ ਨੂੰ ਕੁਝ ਪ੍ਰਸ਼ਨ ਪੁਛਕੇ ਯਾਦ ਕਰਵਾ ਲੈਣਾ ਚਾਹੀਦਾ ਹੈ। ਫਿਰ ਇਸ ਗਿਆਨ ਦੇ ਅਧਾਰ ਉਤੇ ਨਵਾਂ ਗਿਆਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪਦਾਰਥ ਵਿਗਿਆਨ ਪੜ੍ਹਾਉਣ ਸਮੇਂ ਜਦੋਂ ਉਸਤਾਦ ਆਰਕਮਿਡੀਜ਼ ਦੇ ਸਿਧਾਂਤ ਨੂੰ ਬਚਿਆਂ ਨੂੰ ਸਮਝਾਵੇਗਾ ਤਾਂ ਉਸ ਨੂੰ ਕੁਝ ਪ੍ਰਸ਼ਨ ਪੁਛ ਕੇ ਬਚਿਆਂ ਦੇ ਅਜਿਹੇ ਅਨੁਭਵ ਦਾ ਚੇਤਾ ਕਰਾਉਣਾ ਹੋਵੇਗਾ ਜਿਸ ਵਿਚ ਉਨ੍ਹਾਂ ਪਦਾਰਥ ਨੂੰ ਪਾਣੀ ਵਿਚ ਪਾਇਆ ਉਸ ਦਾ ਵਜ਼ਨ ਘਟਦਿਆਂ ਵੇਖਿਆ ਹੋਵੇਗਾ।

ਇਤਿਹਾਸ ਦੇ ਉਸਤਾਦ ਨੂੰ ਪਾਠ ਨੂੰ ਪੜ੍ਹਾਉਣ ਸਮੇਂ ਇਹ ਜਾਨਣਾ ਜ਼ਰੂਰੀ ਹੈ ਕਿ ਬੱਚੇ ਪਹਿਲੇ ਪੜ੍ਹਾਏ ਗਏ ਪਾਠ ਨੂੰ ਕਿਥੋਂ ਕੁ ਤਕ ਯਾਦ ਕੀਤੇ ਹੋਏ ਹਨ। ਨਵੇਂ ਪਾਠ ਦਰ ਬਚਿਆਂ ਦੀ ਯਾਦ ਵਿਚ ਤਾਜ਼ਾ ਕਰਨਾ ਹੋਵੇਗਾ। ਫਿਰ ਉਨ੍ਹਾਂ ਨੂੰ ਨਵਾਂ ਗਿਆਨ ਇਸ ਤਰ੍ਹਾਂ ਦਿੱਤਾ ਜਾਵੇਗਾ ਜਿਸ ਨਾਲ ਉਹ ਨਵੇਂ ਗਿਆਨ ਦਾ ਸਬੰਧ ਆਪਣੇ ਪਹਿਲੇ ਗਿਆਨ ਨਾਲ ਸੌਖੀ ਤਰ੍ਹਾਂ ਜੋੜ ਸਕਣ।

ਸਰਲ ਤੋਂ ਜਟੀਲ ਵਲ:-ਸਿਖਾਈ-ਵਿਧੀ ਦਾ ਚੌਥਾ ਨਿਯਮ ਇਹ ਹੈ ਕਿ ਬਚਿਆ ਨੂੰ ਸਰਲ ਗਲਾਂ ਦਾ ਗਿਆਨ ਪਹਿਲਾਂ ਕਰਾਇਆ ਜਾਵੇ, ਫਿਰ ਜਟੀਲ (ਗੁੰਝਲਦਾਰ) ਗਲਾਂ ਦਾ ਗਿਆਨ ਕਰਾਇਆ ਜਾਵੇ। ਇਹ ਨਿਯਮ ਇੱਨਾ ਸਪਸ਼ਟ ਹੈ ਕਿ ਇਸ ਨੂੰ ਸਮਝਾਉਣ ਦੀ ਲੋੜ ਵਿਅਰਥ ਜਹੀ ਦਿਖਾਈ ਦਿੰਦੀ ਹੈ। ਪਰ ਜਿਨ੍ਹਾਂ ਉਸਤਾਦਾਂ ਨੂੰ ਬਾਲ-ਮਨੋਵਿਗਿਆਨ ਦਾ ਕਾਫੀ ਗਿਆਨ ਨਹੀਂ ਹੁੰਦਾ ਉਹ ਇਸ ਨਿਯਮ ਠੀਕ ਤਰ੍ਹਾਂ ਆਪਣੀ ਸਿਖਾਈ ਦੇ ਕੰਮ ਵਿਚ ਵਰਤੋ ਨਹੀਂ ਕਰਦੇ। ਇਸ ਨਿਯਮ ਨੂੰ ਸਮਝਣ ਵਿਚ ਇਕ ਭੁਲ ਇਹ ਹੋ ਸਕਦੀ ਹੈ ਕਿ ਅਸੀਂ ਬੱਚੇ ਦੇ ਦ੍ਰਿਸ਼ਟੀਕੋਣ ਨੂੰ ਭੁਲ ਜਾਈਏ। ਬਹੁਤ ਸਾਰੀਆਂ ਅਜੇਹੀਆਂ ਗਲਾਂ ਹਨ ਜਿਹੜੀਆਂ ਸਾਡੀ ਦ੍ਰਿਸ਼ਟੀ ਵਿਚ ਬੜੀਆਂ ਸਰਲ ਹਨ, ਪਰ ਬਚਿਆ ਦੀ ਦ੍ਰਿਸ਼ਟੀ ਵਿਚ ਬੜੀਆਂ ਕਠਨ ਹਨ। ਜਿਹੜੀਆਂ ਗਲਾਂ ਕਿਸੇ ਵਿਦਿਆ ਵਿਚ ਪਰਬੀਨ ਨੂੰ ਸਰਲ ਜਾਪਦੀਆਂ ਹਨ ਉਹ ਗਲਾਂ ਉਸ ਵਿਦਿਆਂ ਵਿਚ ਪਰਵੇਸ਼ ਕਰਨ ਵਾਲੇ ਵਿਅਕਤੀ ਨੂੰ ਬੜੀਆਂ ਔਖੀਆਂ ਪਰਤੀਤ ਹੁੰਦੀਆਂ ਹਨ। ਰੇਖਾ ਗਣਿਤ ਦਾ ਗਿਆਨ ਰਖਣ ਵਾਲੇ ਵਿਅਕਤੀ ਨੂੰ ਸਭ ਤੋਂ ਸਰਲ ਬਿੰਦੂ ਰੇਖਾ ਤੇ ਦਾਇਰਾ ਆਦਿ ਹਨ, ਪਰ ਅਸਲ ਵਿਚ ਇਹ ਬੜੀਆਂ ਸੂਖ਼ਮ ਗਲਾਂ ਹਨ, ਜਿਨ੍ਹਾਂ ਦਾ ਗਿਆਨ, ਰੇਖਾ ਗਣਿਤ ਵਿਚ ਚੰਗਾ ਪੈਰ ਰਖਣ ਨਾਲ ਹੀ, ਠੀਕ ਤਰ੍ਹਾਂ ਸਮਝ ਵਿਚ ਬੈਠਦਾ ਹੈ। ਬੱਚੇ ਨੂੰ ਉਪਰਲੀਆਂ ਗਲਾਂ ਦੀ ਪਰਿਭਾਸ਼ਾ ਦੀ ਥਾਂ ਇਹ ਚੰਗਾ ਹੋਵੇਗਾ ਕਿ ਪਹਿਲਾਂ ਉਸ ਤੋਂ ਕਈ ਤਰ੍ਹਾਂ ਦੇ ਰੇਖਾ ਗਣਿਤ ਦੇ ਚਿਤ੍ਰ ਤੋਂ ਖਿਚਵਾਏ ਜਾਣ ਅਤੇ ਇਨ੍ਹਾਂ ਚਿਤ੍ਰਾਂ ਦੇ ਲੱਛਣਾਂ ਨੂੰ ਹੌਲੀ ਹੌਲੀ ਸਮਝਾਇਆ ਜਾਵੇ, ਫਿਰ ਸੂਖਮ ਗਲਾਂ ਨੂੰ ਸਮਝਾਉਣ ਦਾ ਯਤਨ ਕੀਤਾ ਜਾਵੇ। ਬੱਚੇ ਨੂੰ ਜਿਨ੍ਹਾਂ ਗੱਲਾਂ ਦਾ ਗਿਆਨ ਹੁੰਦਾ ਹੈ ਉਹ ਕੋਈ ਠੁਕ ਸਿਰ ਦਾ ਨਹੀਂ ਹੁੰਦਾ, ਪਰ ਇਸੇ ਤਰ੍ਹਾਂ ਦਾ ਗਿਆਨ ਉਸ ਨੂੰ ਸਰਲ ਜਾਪਦਾ ਹੈ। ਇਸ ਗਿਆਨ ਤੋਂ ਚਲ ਕੇ ਉਸ ਨੂੰ ਜਟੀਲ ਗਲਾਂ ਦਾ ਗਿਆਨ ਕਰਵਾਉਣਾ ਚਾਹੀਦਾ ਹੈ। ਬਚਿਆਂ ਨੂੰ ਓਹੋ ਗਲ ਸਰਲ ਜਾਪਦੀ ਹੈ ਜਿਨ੍ਹਾਂ ਦਾ ਥੋੜਾ ਬਹੁਤ ਗਿਆਨ ਉਨ੍ਹਾਂ ਨੂੰ ਹੋਵੇ। ਇਸ ਲਈ ਜਿਹੜਾ ਉਸਤਾਦ ਬੱਚੇ ਦੇ ਅਧੂਰੇ ਗਿਆਨ ਨੂੰ ਧਿਆਨ ਵਿਚ ਰਖਦਿਆਂ ਹੋਰ ਗਿਆਨ ਦੇਣ ਦਾ ਅਤੇ ਉਸਦੇ ਗਿਆਨ ਨੂੰ ਠੁਕ ਸਿਰ ਕਰਨ ਦਾ ਯਤਨ