੧੨੦
ਅਵਸਥਾ ਵਿਚ ਉਹ ਕਾਫੀ ਭੁਲਾਂ ਕਰ ਕੇ ਹੌਲੀ ਹੌਲੀ ਹੀ ਕਿਸੇ ਨਵੀਂ ਗਲ ਨੂੰ ਲਭਦਾ ਹੈ। ਸਾਨੂੰ ਇਸ ਗਲ ਨੂੰ ਨਹੀਂ ਭੁਲਣਾ ਚਾਹੀਦਾ ਕਿ ਬੱਚੇ ਨੇ ਜਿਹੜੀਆਂ ਗਲ ਸਮਝਣੀਆਂ ਹਨ ਉਹ ਅਨੇਕ ਹਨ ਅਤੇ ਉਸ ਦੀ ਪੜਾਈ ਦਾ ਸਮਾਂ ਥੋੜਾ ਹੈ। ਜੇ ਕੋਈ ਬਾਲਕ ਪੜ੍ਹਾਈ ਦੇ ਸਮੇਂ ਵਿਚ ਹੀ ਕਾਫੀ ਗਿਆਨ ਪਰਾਪਤ ਨਹੀਂ ਕਰ ਲੈਂਦਾ ਤਾਂ ਉਹ ਆਪਣੇ ਜੀਵਨ ਨੂੰ ਸਫਲ ਨਹੀਂ ਬਣਾ ਸਕਦਾ। ਇਸ ਲਈ ਬੱਚੇ ਦੇ ਮਾਨਸਿਕ ਵਿਕਾਸ ਵਿਚ ਦੂਜਿਆਂ ਤੋਂ ਨਵੀਆਂ ਗਲਾਂ ਸਿਖਣਾ ਉੱਨੀ ਹੀ ਮਹੱਤਾ ਰਖਦਾ ਹੈ ਜਿੱਨੀ ਨਵੀਆਂ ਗਲਾਂ ਦੀ ਆਪ ਖੋਜ ਕਰਨਾ। ਖੋਜ ਅਤੇ ਨਕਲ ਦੋਵੇਂ ਹੀ ਬੱਚੇ ਵਿਚ ਪਾਈਆਂ ਜਾਂਦੀਆਂ ਹਨ। ਇਨ੍ਹਾਂ ਦੋਵਾਂ ਦਾ ਉਸ ਦੇ ਜੀਵਨ ਵਿਚ ਮਹੱਤਾ ਵਾਲਾ ਥਾਂ ਹੈ। ਇਹ ਇਕ ਦੂਜੇ ਵਿਰੋਧੀ ਨਹੀਂ ਹਨ, ਸਗੋਂ ਇਕ ਦੂਜੇ ਦੇ ਪੂਰਕ ਸਨ। ਨਕਲ ਖੋਜ ਦੀ ਪੌੜੀ ਹੀ ਬਣ ਜਾਂਦੀ ਹੈ। ਦੂਜੇ, ਥੋੜੇ ਹੀ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਇੱਨੀ ਪਰਤਿਭਾ ਹੁੰਦੀ ਹੈ ਕਿ ਉਹ ਨਵੀਆਂ ਗਲਾਂ ਦੀ ਖੋਜ ਕਰ ਸਕਣ ਜਾਂ ਖੋਜ ਦੇ ਕੰਮ ਵਿਚ ਰੁਚੀ ਰਖਣ। ਬਹੁਤੇ ਬੱਚੇ ਦੂਜੇ ਦੇ ਦੱਸੇ ਰਾਹ ਤੇ ਚਲਣ ਦੀ ਯੋਗਤਾ ਹੀ ਰਖਦੇ ਹਨ। ਉਨ੍ਹਾਂ ਕੋਲੋਂ ਵਧੇਰੇ ਖੋਜ ਦੀ ਆਸ ਰਖਣਾ ਬਿਅਰਥ ਹੈ। ਬਚਿਆਂ ਦੀ ਯੋਗਤਾ ਅਨੁਸਾਰ ਹੀ ਉਨ੍ਹਾਂ ਨੂੰ ਕੰਮ ਦੇਣਾ ਚਾਹੀਦਾ ਹੈ।
###