ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੮

ਰਹਿੰਦਾ ਹੈ। ਜਿਹੜੀ ਵਿਦਿਆ ਖੁਸ਼ੀ ਨਾਲ ਸਿੱਖੀ ਜਾਂਦੀ ਹੈ ਉਹ ਹੀ ਪੱਕੀ ਤਰ੍ਹਾਂ ਉਕਰੀ ਜਾਂਦੀ ਹੈ। ਜਿਹੜੀ ਬਝਿਆਂ ਰੁਝਿਆਂ ਸਿਖੀ ਜਾਵੇ ਉਹ ਭੁਲ ਜਾਂਦੀ ਹੈ ਅਤੇ ਲੋੜ ਪੈਣ ਤੇ ਨਹੀਂ ਆਉਂਦੀ।

ਉਪਰ ਕਹੀਆਂ ਗਲਾਂ ਨੂੰ ਧਿਆਨ ਵਿਚ ਰਖਕੇ ਹਰ ਉਸਤਾਦ ਨੂੰ ਬਚਿਆਂ ਨੂੰ ਆਪਣਾ ਪਾਠ ਪੜ੍ਹਾਉਂਣਾ ਅਰੰਭ ਕਰਨਾ ਚਾਹੀਦਾ ਹੈ। ਪਾਠ ਨੂੰ ਚੰਗੀ ਤਰ੍ਹਾਂ ਪੜ੍ਹਾਉਣ ਦੀਆਂ ਦੋ ਵਡੀਆਂ ਲੋੜਾਂ ਹਨ-ਪਾਠ ਦੀ ਪੂਰੀ ਤਿਆਰੀ ਅਤੇ ਉਸ ਨੂੰ ਵਿਧੀ ਪੂਰਬਕ ਪੜ੍ਹਾਉਂਣਾ। ਇਨ੍ਹਾਂ ਦੋਹਾਂ ਗਲਾਂ ਉੱਤੇ ਹੁਣ ਅਸੀਂ ਇਕ ਇਕ ਕਰਕੇ ਵਿਚਾਰ ਕਰਗੇ।

ਪਾਠ ਦੀ ਤਿਆਰੀ

ਹਰ ਯੋਗ ਉਸਤਾਦ ਆਪਣੇ ਪਾਠ ਨੂੰ ਚੰਗੀ ਤਰ੍ਹਾਂ ਤਿਆਰ ਕਰਦਾ ਹੈ। ਕਿਸੇ ਵਿਸ਼ੇ ਨੂੰ ਜਮਾਤ ਵਿਚ ਪੜ੍ਹਾਉਣ ਲਈ ਪਹਿਲੀ ਜ਼ਰੂਰੀ ਗਲ ਇਹ ਹੈ ਕਿ ਉਸਦਾ ਉਸਤਾਦ ਨੂੰ ਕਾਫੀ ਗਿਆਨ ਹੋਵੇ। ਜਿਸ ਉਸਤਾਦ ਨੂੰ ਵਿਸ਼ੇ ਦਾ ਕਾਫੀ ਗਿਆਨ ਨਹੀਂ ਹੈ ਉਹ ਕਿਵੇਂ ਆਪਣੀ ਪੜ੍ਹਾਈ ਦੀ ਘੰਟੀ ਬਤੀਤ ਕਰਨ ਦਾ ਯਤਨ ਕਰਦਾ ਹੈ। ਉਸ ਨੂੰ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਕੋਈ ਬੱਚਾ ਜਮਾਤ ਵਿਚ ਸੁਆਲ ਨਾ ਪੁੱਛ ਲਵੇ। ਉਚੀਆਂ ਜਮਾਤਾਂ ਵਿਚ ਇਸ ਤਰ੍ਹਾਂ ਦਾ ਡਰ ਬਹੁਤ ਸਾਰੇ ਉਸਤਾਦਾਂ ਨੂੰ ਹੁੰਦਾ ਹੈ। ਕਿੰਨੇ ਹੀ ਉਸਤਾਦ ਬਚਿਆਂ ਨੂੰ ਸੁਆਲ ਪੁੱਛਣ ਦਾ ਉਤਸ਼ਾਹ ਹੀ ਨਹੀਂ ਦਿੰਦੇ। ਜੋ ਕਿਸੇ ਕੋਈ ਸੁਆਲ ਪੁਛ ਲਿਆ ਤਾਂ ਉਸ ਦਾ ਚੰਗੀ ਤਰ੍ਹਾਂ ਉੱਤਰ ਦੇਣ ਦੀ ਥਾਂ ਊਟ ਪਟਾਂਗ ਚਲਾਕੇ ਬੱਚੇ ਨੂੰ ਚੁਪ ਕਰਾ ਦਿੰਦੇ ਹਨ। ਕਈ ਉਸਤਾਦ ਤਾਂ ਸੁਆਲ ਪੁਛਣ ਉੱਤੇ ਬੱਚੇ ਨੂੰ ਡਾਂਟ ਹੀ ਦਿੰਦੇ ਹਨ। ਉਨ੍ਹਾਂ ਦਾ ਇਸ ਤਰ੍ਹਾਂ ਦਾ ਵਰਤਾਉ ਉਨ੍ਹਾਂ ਦੀ ਅਯੋਗਤਾ ਦਾ ਵਿਖਾਲਾ ਹੁੰਦਾ ਹੈ। ਇਸ ਦਾ ਵਡਾ ਕਾਰਨ ਸੰਥਾ ਦੀ ਤਿਆਰੀ ਦੀ ਘਾਟ ਅਰਥਾਤ ਵਿਸ਼ੇ ਦਾ ਕਾਫੀ ਗਿਆਨ ਦਾ ਨਾ ਹੋਣਾ ਹੁੰਦਾ ਹੈ।

ਜਿਹੜਾ ਉਸਤਾਦ ਨਿਤ ਦਿਨ ਆਪਣੀ ਸੰਥਾ ਤਿਆਰ ਨਹੀਂ ਕਰਦਾ ਉਸ ਵਿਚ ਸ੍ਵੈ-ਭਰੋਸੇ ਦੀ ਘਾਟ ਆ ਜਾਂਦੀ ਹੈ। ਇਸੇ ਘਾਟ ਦੇ ਕਾਰਨ ਜਦ ਅਜਿਹਾਂ ਉਸਤਾਦ ਕਿਸੇ ਸੰਥਾ ਦੀ ਚੰਗੀ ਤਰ੍ਹਾਂ ਤਿਆਰੀ ਕਰ ਵੀ ਲੈਂਦਾ ਹੈ ਤਾਂ ਵੀ ਉਹ ਬਚਿਆਂ ਦੇ ਪ੍ਰਸ਼ਨਾਂ ਤੋਂ ਘਬਰਾਉਂਦਾ ਹੈ। ਉਹ ਉਸਤਾਦ ਹੀ ਬਚਿਆਂ ਦੇ ਪ੍ਰਸ਼ਨਾਂ ਤੋਂ ਖੁਸ਼ੀ ਲੈਂਦਾ ਹੈ ਜਿਸ ਨੂੰ ਆਪਣੇ ਪਾਠ-ਵਿਸ਼ੇ ਦਾ ਪੂਰਾ ਗਿਆਨ ਹੋਵੇ ਅਤੇ ਜਿਹੜਾ ਉਸ ਗਿਆਨ ਨੂੰ ਬਚਿਆਂ ਨੂੰ ਦੇਣਾ ਚਾਹੁੰਦਾ ਹੈ। ਇਸਦੇ ਲਈ ਉਸਤਾਦ ਨੂੰ ਸੰਥਾ ਦੀ ਪੂਰੀ ਤਿਆਰੀ ਕਰਨੀ ਪੈਂਦੀ ਹੈ। ਉਸਨੂੰ ਉਨ੍ਹਾਂ ਗਲਾਂ ਦੇ ਜਾਨਣ ਦਾ ਯਤਨ ਕਰਨਾ ਪੈਂਦਾ ਹੈ ਜਿਹੜੀਆਂ ਬਚਿਆਂ ਦੇ ਜਾਨਣ ਯੋਗ ਹਣ। ਯੋਗ ਉਸਤਾਦ ਆਪਣੇ ਗਿਆਨ ਨੂੰ ਨਿਤ ਦਿਨ ਵਧਾਉਂਦਾ ਰਹਿੰਦਾ ਹੈ। ਉਹ ਆਪਣੇ ਵਿਸ਼ੇ ਉਤੇ ਨਵੀਆਂ ਨਵੀਆਂ ਪੁਸਤਕਾਂ ਇਸ ਦ੍ਰਿਸ਼ਟੀ ਤੋਂ ਪੜ੍ਹਦਾ ਰਹਿੰਦਾ ਹੈ ਕਿ ਉਸ ਨੂੰ ਬਚਿਆਂ ਨੂੰ ਦਸਣ ਦੀ ਕੋਈ ਨਾ ਕੋਈ ਸਮਗਰੀ ਮਿਲ ਜਾਵੇ। ਉਸਤਾਦ ਦਾ ਫਰਜ਼ ਹੈ ਕਿ ਆਪਣੇ ਵਿਸ਼ੇ ਦੀਆਂ ਪੁਸਤਕਾਂ ਨਿਰੀਆਂ ਆਪਣੇ ਅਨੰਦ ਲਈ ਹੀ ਨਾ ਪੜ੍ਹੇ ਸਗੋਂ ਬਚਿਆਂ ਦੇ ਲਾਭ ਨੂੰ ਵੀ ਧਿਆਨ ਵਿਚ ਰਖਕੇ ਪੜ੍ਹੇ। ਇਸਦੇ ਲਈ ਕਦੋਂ ਕਦੇ ਰੁਖੀ ਪੁਸਤਕ ਨੂੰ ਵੀ ਪੜ੍ਹਾਉਣਾ ਪੈਂਦਾ ਹੈ।

ਜਮਾਤ ਵਿਚ ਜਾਣ ਤੋਂ ਪਹਿਲਾਂ ਹਰ ਉਸਤਾਦ ਨੂੰ ਬਚਿਆਂ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਉਤੇ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ ਚਾਹੀਦਾ ਹੈ। ਜਿਹੜੀਆਂ ਗੱਲਾਂ ਉਨ੍ਹਾਂ ਨੂੰ