ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧

ਦੇਵਤਿਆਂ ਨਾਲ ਕੀਤੀ ਜਾਂਦੀ ਹੈ।

ਬੱਚੇ ਨੂੰ ਦੋ ਖਾਸ ਕਾਰਨਾਂ ਕਰਕੇ ਸਿਖਿਆ ਦੇਣਾ ਬੜਾ ਲੋੜੀਂਦਾ ਹੈ। ਜਦ ਅਸੀਂ ਪਸ਼ੂਆਂ ਦੇ ਬਚਿਆਂ ਨਾਲ ਮਨੁੱਖ ਦੇ ਬੱਚੇ ਦੀ ਤੁਲਣਾ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਬਾਲਕ ਪਸ਼ੂਆਂ ਦੇ ਬਚਿਆਂ ਦੇ ਟਾਕਰੇ ਵਧੇਰੇ ਨਿਆਸਰਾ ਹੈ। ਕੁਦਰਤ ਨੇ ਜਨਮ ਤੋਂ ਹੀ ਮਨੁਖ ਦੇ ਬੱਚੇ ਨੂੰ ਉੱਨਾ ਯੋਗ ਨਹੀਂ ਬਣਾਇਆ ਜਿੱਨਾ ਜਾਨਵਰਾਂ ਦੇ ਬਚਿਆਂ ਨੂੰ। ਜੇ ਤੁਸੀਂ ਦੋ ਦਿਨ ਦੇ ਬਤੱਖ ਦੇ ਬੱਚੇ ਨੂੰ ਪਾਣੀ ਵਿਚ ਪਾ ਦਿਉ ਤਾਂ ਉਹ ਤੁਰਤ ਤਰਨ ਲਗ ਪਵੇਗਾ। ਉਹ ਬਿਨਾਂ ਸਿਖਾਏ ਹੀ ਤਰ ਲੈਂਦਾ ਹੈ। ਇਸੇ ਤਰ੍ਹਾਂ ਮੁਰਗੀ ਦਾ ਬੱਚਾ ਪੈਦਾ ਹੁੰਦਿਆਂ ਹੀ ਕਿਸੇ ਵੀ ਚਿੱਟੀ ਚਿੱਟੀ ਛੋਟੀ ਚੀਜ਼ ਨੂੰ ਚੁੰਝਾਂ ਮਾਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਉਹ ਆਪਣੀ ਖੁਰਾਕ ਨੂੰ ਪਛਾਣ ਲੈਂਦਾ ਹੈ। ਚਿੜੀਆਂ ਨੂੰ ਆਲ੍ਹਣਾ ਬਨਾਉਣਾ ਕੋਈ ਨਹੀਂ ਸਿਖਾਉਂਦਾ, ਪਰ ਆਂਡੇ ਦੇਣ ਦਾ ਸਮਾਂ ਜਦੋਂ ਆਉਂਦਾ ਹੈ ਤਾਂ ਸਾਰੀਆਂ ਚਿੜੀਆਂ ਸੁਰਖਿਅਤ ਥਾਂ ਉਤੇ ਆਲ੍ਹਣਾ ਪਾ ਲੈਂਦੀਆਂ ਹਨ। ਆਲ੍ਹਣਾ ਪਾਉਣ ਦੀ ਰੀਝ ਕੁਦਰਤ ਉਨ੍ਹਾਂ ਦੇ ਮਨ ਵਿਚ ਪੈਦਾ ਕਰਦੀ ਹੈ, ਅਤੇ ਨਾਲ ਹੀ ਬਿਨਾ ਕਿਸੇ ਦੀ ਸਹਾਇਤਾ ਦੇ ਆਲ੍ਹਣਾ ਬਨਾਉਣ ਦੀ ਯੋਗਤਾ ਵੀ ਦਿੱਤੀ ਹੈ। ਇਹ ਗਲ ਅਸੀਂ ਮਨੁਖ ਦੇ ਬੱਚੇ ਵਿਚ ਨਹੀਂ ਵੇਖਦੇ। ਬਿਨਾਂ ਸਿਖਾਏ ਮਨੁਖ ਦਾ ਬੱਚਾ ਕੁਝ ਵੀ ਕਰਨ ਦੇ ਯੋਗ ਨਹੀਂ ਹੁੰਦਾ। ਜੇ ਪਸ਼ੂਆਂ ਦੇ ਬਚਿਆਂ ਨੂੰ ਕੋਈ ਖਾਣ ਪੀਣ ਜਾਂ ਸਵੈ-ਰਖਿਆ ਦੀ ਸਿਖਿਆ ਨਾ ਦੇਵੇ ਉਹ ਆਪਣਾ ਖਾਣਾ ਦਾਣਾ ਆਪ ਢੂੰਡ ਲੈਂਦੇ ਹਨ ਅਤੇ ਸਵੈ-ਰਖਿਆ ਕਰ ਲੈਂਦੇ ਹਨ, ਪਰ ਮਨੁਖ ਦਾ ਬੱਚਾ ਕੁਝ ਵੀ ਨਹੀਂ ਕਰ ਸਕਦਾ। ਜੇ ਉਸ ਨੂੰ ਬਾਹਰੋਂ ਸਹਾਇਤਾ ਨਾ ਮਿਲੇ ਤਾਂ ਥੋੜੇ ਹੀ ਚਿਰ ਵਿਚ ਉਸਦਾ ਸਾਹ ਸਤ ਜਵਾਬ ਦੇ ਜਾਵੇ। ਇਸ ਲਈ ਬੱਚੇ ਦੇ ਵਿਕਾਸ ਲਈ ਹੀ ਨਹੀਂ ਸਗੋਂ ਉਸਦੇ ਜੀਊਣ ਮਾਤਰ ਲਈ ਸਿੱਖਿਆ ਬਹੁਤ ਜ਼ਰੂਰੀ ਹੈ।

ਜਿਹੜਾ ਬਾਲਕ ਸਿਖਿਆ ਦੀ ਅਣਹੋਂਦ ਕਰਕੇ ਪਸ਼ੂਆਂ ਦੇ ਬਚਿਆਂ ਤੋਂ ਵੀ ਨਿਆਸਰਾ ਰਹਿੰਦਾ ਹੈ ਉਹ ਸਿਖਿਆ ਲੈਕੇ ਜੀਵ ਮਾਤਰ ਦਾ ਰਾਜਾ ਬਣ ਜਾਂਦਾ ਹੈ। ਸਾਰੀ ਧਰਤੀ ਉਸ ਦੇ ਮਾਨਣ ਲਈ ਬਣ ਜਾਂਦੀ ਹੈ । ਉਹ ਸਿਖਿਆ ਦੀ ਸਹਾਇਤਾ ਨਾਲ ਬਾਕੀ ਦੇ ਜੀਵਾਂ ਉਤੇ ਰਾਜ ਕਰਨ ਦੇ ਸਮਰੱਥ ਹੋ ਜਾਂਦਾ ਹੈ । ਇਕ ਮਹੀਨੇ ਦਾ ਤੋਤੇ ਦਾ ਬੱਚਾ ਇਕ ਮਹੀਨੇ ਦੇ ਮਨੁਖ ਦੇ ਬੱਚੇ ਨਾਲੋਂ ਵਧੇਰੇ ਬੋਲ ਸਕਦਾ ਹੈ । ਉਹ ਮਨੁਖ ਦੀ ਬੋਲੀ ਦੀ ਨਕਲ ਕਰ ਲੈਂਦਾ ਹੈ। ਮਨੁਖ ਦਾ ਬੱਚਾ ਕੁਝ ਵੀ ਨਹੀਂ ਕਰ ਸਕਦਾ। ਪਰ ਜਿਥੇ ਤੋਤੇ ਦਾ ਬੱਚਾ ਜੀਵਨ ਭਰ ਵਿਚ ਦੋ ਚਾਰ ਸ਼ਬਦ ਬੋਲਣੇ ਹੀ ਸਿਖਦਾ ਹੈ ਅਤੇ ਉਨ੍ਹਾਂ ਦੇ ਅਰਥ ਤੋਂ ਵੀ ਅਣਜਾਣ ਰਹਿੰਦਾ ਹੈ, ਮਨੁਖ ਦਾ ਬੱਚਾ ਸੰਸਾਰ ਦੀਆਂ ਔਖੀਆਂ ਤੋਂ ਔਖੀਆਂ ਬੋਲੀਆਂ ਸਿਖ ਲੈਂਦਾ ਹੈ ਅਤੇ ਉਨ੍ਹਾਂ ਉਤੇ ਪੂਰਾ ਪੂਰਾ ਕਾਬੂ ਪਾ ਲੈਂਦਾ ਹੈ। ਇਹ ਚਮਤਕਾਰ ਸਿਖਿਆ ਦਾ ਹੀ ਹੈ।

ਬੱਚੇ ਨੂੰ ਸਿਖਿਆ ਦੀ ਲੋੜ ਇਸ ਲਈ ਵੀ ਹੈ ਕਿ ਕੋਈ ਵੀ ਪ੍ਰਾਪਤ ਗੁਣ ਵਿਰਸੇ ਵਿਚ ਪਿਤਾ ਤੋਂ ਪੁਤਰ ਤਕ ਨਹੀਂ ਅਪੜਦਾ । ਸਾਡੀਆਂ ਜਨਮ-ਜਾਤੀ ਦੀਆਂ ਯੋਗਤਾਵਾਂ ਹੀ ਪਰੰਪਰਾ ਕਰਕੇ ਪਿਤਾ ਤੋਂ ਪੁਤਰ ਕੋਲ ਅਪੜਦੀਆਂ ਹਨ । ਜੇ ਪਿਤਾ ਕੋਈ ਆਪਣੇ ਯਤਨਾਂ ਨਾਲ ਵਿਸ਼ੇਸ਼ ਗੁਣ ਪ੍ਰਾਪਤ ਕਰ ਲੈਂਦਾ ਹੈ ਤਾਂ ਉਸਦਾ ਲਾਭ ਉਸ ਦੇ ਪੁਤਰ ਨੂੰ ਨਹੀਂ ਹੁੰਦਾ । ਪੁੱਤਰ ਵਿਚ ਉਹ ਗੁਣ ਪੈਦਾ ਕਰਨ ਲਈ ਉਸ ਨੂੰ ਯੋਗ ਸਿਖਿਆ ਦੇਣੀ ਪੈਂਦੀ ਹੈ। ਕੋਈ ਵੀ ਆਚਰਨ ਵਿਚ ਪਾਇਆ ਜਾਂਦਾ ਗੁਣ ਜਾਂ ਵਿਦਿਆ ਦਾ ਗਿਆਨ ਹਰ ਵਿਅਕਤੀ ਕੋਲ ਉਸ ਦੇ ਆਪਣੇ ਯਤਨਾਂ ਨਾਲ ਹੀ ਆਉਂਦਾ ਹੈ।