ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੨

ਕਰਦਾ ਹੈ।

ਜਿਸ ਤਰ੍ਹਾਂ ਕਿੰਡਰਗਾਰਟਨ ਵਿਚ ਛੋਟੇ ਬਚਿਆਂ ਵਿਚ ਇਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨ ਦੀ ਮਨ-ਬਿਰਤੀ ਨੂੰ ਵਧਾਇਆ ਜਾਂਦਾ ਹੈ ਉਸੇ ਤਰ੍ਹਾਂ ਡਾਲਟਨ ਸਿਖਿਆ ਢੰਗ ਵਿਚ ਅਤੇ ਪ੍ਰਾਜੈਕਟ-ਸਿਖਿਆ ਢੰਗ ਵਿਚ ਵੀ ਆਪਸ ਵਿਚ ਇਕ ਦੂਜੇ ਦੀ ਸਹਾਇਤਾ ਕਰ ਕੇ ਆਪਣੇ ਕੰਮ ਨੂੰ ਪੂਰਾ ਕਰਨ ਅਥਵਾ ਸਮੱਸਿਆਵਾਂ ਨੂੰ ਹਲ ਕਰਨ ਦੀ ਬਿਰਤੀ ਨੂੰ ਵਧਾਇਆ ਜਾਂਦਾ ਹੈ। ਬਚਿਆਂ ਨੂੰ ਸੁਝਾਇਆ ਜਾਂਦਾ ਹੈ ਕਿ ਉਹ ਪੈਰ ਪੈਰ ਉਤੇ ਉਸਤਾਦ ਵੀ ਸਹਾਇਤਾ ਲੈਣ ਲਈ ਉਸ ਦੇ ਮੂੰਹ ਵਲ ਨਾ ਝਾਕਣ ਸਗੋਂ ਜਿੱਥੇ ਲੋੜ ਜਾਪੇ ਆਪਣੇ ਸਾਥੀਆਂ ਤੋਂ ਸਹਾਇਤਾ ਲੈਣ। ਇਸ ਤਰ੍ਹਾਂ ਬਚਿਆਂ ਵਿਚ ਇਕ ਤਾਂ ਸਮਾਜਕਤਾ ਦੇ ਭਾਵ ਦਾ ਵਾਧਾ ਹੁੰਦਾ ਹੈ ਵਜੇ ਉਨ੍ਹਾਂ ਅੰਦਰ ਸ੍ਵੇ-ਆਸਰੇ ਹੋਣ ਦੇ ਭਾਵ ਪੈਦਾ ਹੋ ਜਾਂਦੇ ਹਨ।

ਰਚਨਾਤਮਕ ਕੰਮਾਂ ਵਿਚ ਵਾਧਾ

ਰਚਨਾਤਮਕ ਕੰਮ ਉਹ ਹੈ ਜਿਸ ਨੂੰ ਕਰਨ ਵਿਚ ਬੱਚਾ ਸ਼ੌਕ, ਸੁਤੰਤਰਤਾ ਅਤੇ ਖੁਸ਼ੀ ਅਨੁਭਵ ਕਰਦਾ ਹੈ। ਬੱਚਾ ਇਸ ਤਰ੍ਹਾਂ ਦੇ ਭਾਵਾਂ ਦਾ ਅਨੁਭਵ ਆਪਣੀ ਖੇਡ ਵਿਚ ਕਰਦਾ ਹੈ। ਵਰਤਮਾਨ ਕਾਲ ਵਿਚ ਇਸ ਗੱਲ ਉਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਬੱਚੇ ਦੀ ਸਿਖਿਆ ਇਸ ਤਰ੍ਹਾਂ ਹੋਵੇ ਕਿ ਉਹ ਸਕੂਲ ਦੇ ਕੰਮ ਨੂੰ ਭਾਰ ਸਮਝਣ ਦੀ ਥਾਂ ਉਸ ਨੂੰ ਉਸੇ ਤਰ੍ਹਾਂ ਖੁਸ਼ੀ ਖੁਸ਼ੀ ਕਰੇ ਜਿਵੇਂ ਉਹ ਖੁਸ਼ੀ ਖੁਸ਼ੀ ਖੇਡਾਂ ਖੇਡਦਾ ਹੈ। ਇਸ ਦੇ ਲਈ ਸਿਖਿਆ ਵਿਚ ਖੇਡ ਦੇ ਢੰਗ ਨੂੰ ਲਿਆਉਣ ਉਤੇ ਜ਼ੋਰ ਦਿਤਾ ਜਾਂਦਾ ਹੈ। ਬੱਚਾ ਖੇਡਣ ਵਿਚ ਸੁਤੰਤਰ ਰਹਿੰਦਾ ਹੈ। ਜਦ ਤਕ ਉਹ ਚਾਹੁੰਦਾ ਹੈ ਉਦੋਂ ਤਕ ਉਹ ਖੇਡ ਖੇਡਦਾ ਹੈ ਅਤੇ ਜਦ ਉਹ ਥੱਕ ਜਾਂਦਾ ਹੈ ਤਾਂ ਆਪਣੀ ਖੇਡ ਬੰਦ ਕਰ ਦਿੰਦਾ ਹੈ। ਕਿਸੇ ਸਿਹਤਮੰਦ ਬੱਚੇ ਨੂੰ ਖੇਡਣ ਲਈ ਮਿੰਨਤ ਨਹੀਂ ਕਰਨੀ ਪੈਂਦੀ। ਬੱਚੇ ਦੀ ਸਿੱਖਿਆ ਵੀ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੇ ਆਪ ਉਨ੍ਹਾਂ ਕੰਮਾਂ ਨੂੰ ਕਰਨ ਲੱਗ ਜਾਵੇ ਜਿਹੜੇ ਉਸ ਦੇ ਮਾਨਸਿਕ ਵਿਕਾਸ ਲਈ ਲਾਭਦਾਇਕ ਹਨ।

ਇਸ ਦੇ ਲਈ ਬਚਿਆਂ ਦੀ ਰੁਚੀ ਦਾ ਅਧਿਆਨ ਕਰਨਾ ਜ਼ਰੂਰੀ ਹੈ। ਜਦ ਬੱਚਿਆਂ ਦੀ ਸਿਖਿਆ ਉਨ੍ਹਾਂ ਦੀ ਰੁਚੀ ਦੇ ਅਨੁਸਾਰ ਹੁੰਦੀ ਹੈ ਤਾਂ ਉਹ ਸਿਖਿਆ ਦੇ ਕੰਮ ਵਿਚ ਉਸੇ ਤਰ੍ਹਾਂ ਮਨ ਲਾਉਂਦੇ ਹਨ ਜਿਸ ਤਰ੍ਹਾਂ ਆਪਣੀਆਂ ਖੇਡਾਂ ਵਿਚ। ਫਰੋਬੇਲ ਨੇ ਛੋਟੇ ਬਚਿਆਂ ਲਈ ਅਜਿਹੀਆਂ ਕਈ ਖੇਡਾਂ ਦੀ ਕਾਢ ਕਢੀ ਹੈ ਜਿਨ੍ਹਾਂ ਨਾਲ ਇਕ ਤਾਂ ਬਚਿਆਂ ਦੀ ਖੁਸ਼ੀ ਵਿਚ ਵਾਧਾ ਹੁੰਦਾ ਹੈ ਅਤੇ ਦੂਜੇ ਉਹ ਆਪਣੇ ਜੀਵਨ ਵਿਚ ਕੰਮ ਆਉਣ ਵਾਲੀਆਂ ਕਈ ਜਰੂਰੀ ਗਲਾਂ ਸਿੱਖ ਲੈਂਦੇ ਹਨ। ਉਸ ਦੇ ਸਿਖਿਆ ਢੰਗ ਵਿਚ ਨੱਚਣਾ, ਗਾਉਣਾ, ਐਕਟਿੰਗ ਕਰਨਾ, ਕਹਾਣੀ ਸੁਣਾਉਣਾ, ਕਈ ਤਰ੍ਹਾਂ ਦੇ ਖਿਡੌਣੇ ਬਣਾਉਣਾ, ਚਿਤਰਕਾਰੀ ਕਰਨਾ ਆਦਿ ਕਈ ਰਚਨਾਤਮਕ ਕੰਮਾਂ ਉਤੇ ਕਾਫੀ ਜ਼ੋਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਮਾਨਟਸੇਰੀ ਸਿਖਿਆ-ਪਰਨਾਲੀ ਵਿਚ ਵੀ ਬੱਚੇ ਨੂੰ ਆਪਣੇ ਸ਼ੌਕ ਨਾਲ ਕੰਮ ਕਰਨ ਦੀ ਬਿਰਤੀ ਅਤੇ ਰਚਨਾਤਮਕ ਕੰਮ ਉਤੇ ਜ਼ੋਰ ਦਿੱਤਾ ਗਿਆ ਹੈ। ਡਾਲਟਨ ਅਤੇ ਪ੍ਰਾਜੈਕਟ ਸਿਖਿਆ-ਢੰਗ ਵਿਚ ਵੀ ਰਚਨਾਤਮਕ ਕੰਮ ਨੂੰ ਵਿਸ਼ੇਸ਼ ਮਹੱਤਾ ਦਿਤੀ ਜਾਂਦੀ ਹੈ ਪਰ ਇਨ੍ਹਾਂ ਢੰਗਾਂ ਦੇ ਰਚਨਾਤਮਕ ਕੰਮ ਬਹੁਤੇ ਬੌਧਿਕ ਹੁੰਦੇ ਹਨ। ਛੋਟੇ ਬੱਚਿਆਂ ਦੇ ਰਚਨਾਤਮਕ ਕੰਮਾਂ ਵਿਚ ਹੱਥ ਦੇ ਕੰਮਾਂ ਦੀ ਪਰਧਾਨਤਾ ਰਹਿੰਦੀ ਹੈ।