੨੦੭
ਅੰਗਰੇਜ਼ੀ ਬਣਾਉਣ ਦਾ ਇਕ ਮੰਤਵ ਪੱਛਮੀ ਵਿਚਾਰਾਂ ਦਾ ਇਸ ਦੇਸ਼ ਵਿਚ ਪਰਚਾਰ ਕਰਨਾ ਵੀ ਸੀ। ਸੰਸਕ੍ਰਿਤ ਦੇ ਵਿਦਿਵਾਨ ਅੰਗਰੇਜ਼ਾਂ ਨੂੰ ਮਲੇਛ ਅਤੇ ਅਰਬੀ ਫਾਰਸੀ ਦੇ ਵਿਦਿਵਾਨ ਉਨ੍ਹਾਂ ਨੂੰ ਕਾਫਿਰ ਕਹਿੰਦੇ ਹਨ, ਇਸ ਲਈ ਇਨ੍ਹਾਂ ਬੋਲੀਆਂ ਵਿਚ ਦਸੇ ਵਿਚਾਰ ਅੰਗਰੇਜ਼ੀ ਦੀ ਨੀਂਹ ਨੂੰ ਬੋਦਿਆਂ ਕਰਨ ਵਾਲੇ ਹਨ। ਇਨ੍ਹਾਂ ਦੇ ਪਰਚਾਰ ਨੂੰ ਰੋਕਣਾ ਅਤੇ ਉਨ੍ਹਾਂ ਦੀ ਥਾਂ ਅੰਗਰੇਜ਼ੀ ਸੰਸਕ੍ਰਿਤੀ ਵਿਚ ਸ਼ਰਧਾ ਪੈਦਾ ਕਰਨਾ ਅੰਗਰੇਜ਼ੀ ਸਿਖਿਆ-ਪਰਨਲੀ ਦਾ ਵਿਸ਼ੇਸ਼ ਨਿਸ਼ਾਨਾ ਸੀ। ਇਸ ਤਰ੍ਹਾਂ ਇਹ ਸਿਖਿਆ-ਪਰਨਾਲੀ ਸਭ ਤਰ੍ਹਾਂ ਨਾਲ ਕੌਮੀਅਤ ਵਿਰੋਧੀ ਸੀ। ਇਸ ਰਾਹੀਂ ਪਰਾਪਤ ਕੀਤੇ ਗਿਆਨ ਦਾ ਲਾਭ ਵੀ ਥੋੜ੍ਹੇ ਲੋਕ ਹੀ ਉਠਾਉਂਦੇ ਰਹੇ।
ਬੇਸਿਕ ਸਿਖਿਆ-ਪਰਨਾਲੀ ਦੀ ਉਪਯੋਗਤਾ
ਬੇਸਿਕ ਸਿਖਿਆ-ਪਰਨਾਲੀ ਦਾ ਨਿਸ਼ਾਨਾ ਵਰਤਮਾਨ ਸਿਖਿਆ ਪਰਨਾਲੀ ਦੇ ਦੋਸ਼ਾਂ ਨੂੰ ਦੂਰ ਕਰਨਾ ਅਤੇ ਸੁਯੋਗ ਸਿਖਿਆ ਦਾ ਦੇਸ਼ ਵਿਚ ਪਰਚਾਰ ਕਰਨਾ ਹੈ। ਬੇਸਿਕ ਸਿਖਿਆ ਪਰਨਾਲੀ ਦੇ ਸਿਧਾਂਤਾਂ ਉਤੇ ਇਕ ਇਕ ਕਰਕੇ ਵਿਚਾਰ ਕਰਨ ਨਾਲ ਸਾਨੂੰ ਸਪਸ਼ਟ ਹੋ ਜਾਵੇਗਾ ਕਿ ਕਿਥੋਂ ਤਕ ਅਸੀਂ ਆਪਣੇ ਨਿਸ਼ਾਨੇ ਨੂੰ ਪਰਾਪਤ ਕਰਨ ਦੇ ਸਮਰੱਥ ਹੋਵਾਂਗੇ, ਅਰਥਾਤ ਕਿਥੋਂ ਤਕ ਇਸ ਦੇਸ਼ ਦੀ ਸਿਖਿਆ ਨੂੰ ਵਿਆਪਕ ਸੰਪੂਰਨ ਵਿਆਪਕ ਅਤੇ ਕੌਮੀ ਬਣਾਉਣ ਵਿਚ ਸਫਲ ਹੋ ਸਕਾਂਗੇ। ਇਥੇ ਬੇਸਿਕ ਸਿਖਿਆ ਪਰਨਾਲੀ ਦੇ ਉਪਰ ਦੱਸੇ ਸੱਤ ਸਿਧਾਤਾਂ ਦੀ ਉਪਯੋਗਤਾ ਉਤੇ ਵਿਚਾਰ ਕੀਤਾ ਜਾਵੇਗਾ।
ਲਾਜ਼ਮੀ ਸਿਖਿਆ:-ਬੇਸਿਕ ਸਿਖਿਆ-ਪਰਨਾਲੀ ਦਾ ਇਕ ਮੁਖ ਨਿਸ਼ਾਨਾ ਰਾਸ਼ਟਰ ਦੇ ਹਰ ਇਕ ਬੱਚੇ ਨੂੰ ਲਾਜ਼ਮੀ ਸਿਖਿਆ ਦੇਣਾ ਹੈ। ਇਹ ਸਿਖਿਆ ੭ ਤੋਂ ੧੪ ਸਾਲ ਦੀ ਉਮਰ ਵਿਚ ਹੋਵੇਗੀ। ਸੱਤ ਸਾਲ ਦੀ ਉਮਰ ਤੋਂ ਅਰੰਭ ਕਰਨ ਦਾ ਕਾਰਨ ਪੇਂਡੂ ਬੱਚਿਆਂ ਦੀ ਇਸ ਤੋਂ ਪਹਿਲਾਂ ਸਕੂਲ ਵਿਚ ਆਉਣ ਦੀ ਔਖ ਹੈ। ਸਧਾਰਨ ਤੋਰ ਤੇ ਪੇਂਡੂ ਬੱਚੇ ਸੱਤ ਸਾਲ ਦੀ ਉਮਰ ਵਿਚ ਹੀ ਸਕੂਲ ਆ ਸਕਦੇ ਹਨ। ਫਿਰ ਜਿਹੜੇ ਬੱਚੇ ਇਸ ਤੋਂ ਪਹਿਲਾਂ ਸਕੂਲ ਵਿਚ ਆ ਜਾਂਦੇ ਹਨ ਉਹ ਸਿਖਿਆ ਤੋਂ ਉੱਨਾ ਲਾਭ ਵੀ ਨਹੀਂ ਉਠਾਉਂਦੇ ਜਿੱਨਾ ਸੱਤ ਸਾਲ ਦੇ ਬੱਚੇ ਉਠਾਉਂਦੇ ਹਨ। ਇਸ ਤੋਂ ਬਿਨਾਂ ਸੱਤ ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਵਿਚ ਲਾਭਵੰਦੇ ਹੱਥ ਦੇ ਕੰਮ ਸਿਖਣ ਦੀ ਯੋਗਤਾ ਵੀ ਨਹੀਂ ਹੁੰਦੀ। ਬੇਸਿਕ ਸਿਖਿਆ ਪਰਨਾਲੀ ਵਿਚ ਲਾਭਵੰਦੇ ਹੱਥ ਦੇ ਕੰਮ ਨੂੰ ਬੜੀ ਮੱਹਤਾ ਵਾਲਾ ਥਾਂ ਦਿਤਾ ਗਿਆ ਹੈ ਅਤੇ ਇਸ ਰਾਹੀ ਬਚਿਆ ਦੀ ਬੌਧਿਕ ਸਿਖਿਆ ਦੀ ਯੋਜਨਾ ਬਣਾਈ ਗਈ ਹੈ। ਇਸ ਲਈ ਜਦੋਂ ਤਕ ਬਚਿਆਂ ਵਿਚ ਅਜਿਹੇ ਕੰਮ ਕਰਨ ਦੀ ਯੋਗਤਾ ਨਹੀਂ ਆ ਜਾਂਦੀ, ਉਨ੍ਹਾਂ ਦਾ ਸਕੂਲੇ ਆਉਣਾ ਕੋਈ ਵਧੇਰੇ ਲਾਭਦਾਇਕ ਨਹੀਂ। ਜੇ ਇਸ ਤੋਂ ਪਹਿਲਾਂ ਬਚਿਆਂ ਨੂੰ ਸਿਖਿਆ ਦੇਣੀ ਹੈ ਤਾਂ ਉਨ੍ਹਾਂ ਨੂੰ ਮਾਂਟਸੋਰੀ ਜਾਂ ਕਿੰਡਰਗਾਰਟਨ ਸਕੂਲਾਂ ਜਾਂ ਨਰਸਰੀ ਸਕੂਲਾਂ ਵਿਚ ਸਿਖਿਆ ਦੇਣੀ ਚਾਹੀਦੀ ਹੈ।
ਬੱਚੇ ਨੂੰ ਚੌਦਾਂ ਸਾਲ ਦੀ ਉਮਰ ਤਕ ਸਕੂਲ ਵਿਚ ਰਖਣ ਨਾਲ ਉਸ ਨੂੰ ਸਭ ਤਰ੍ਹਾਂ ਦੀ ਲਾਭਵੰਦੀ ਸਿਖਿਆ ਦਿੱਤੀ ਜਾ ਸਕਦੀ ਹੈ। ਬਾਰਾਂ ਸਾਲ ਪਿਛੋਂ ਬੱਚੇ ਦੀ ਕਿਸ਼ੋਰ ਅਵਸਥਾ ਅਰੰਭ ਹੁੰਦੀ ਹੈ। ਇਹ ਸਮਾਂ ਬੱਚੇ ਦੇ ਜੀਵਨ ਵਿਚ ਬੜੀ ਮੱਹਤਾ ਵਾਲਾ ਸਮਾਂ ਹੈ। ਬੱਚੇ ਦੇ ਮਨ ਵਿਚ ਜਿਹੜੇ ਸੰਸਕਾਰ ਇਸ ਸਮੇਂ ਪੈ ਜਾਂਦੇ ਹਨ, ਉਹ ਆਉਣ ਵਾਲੇ ਜੀਵਨ ਦੀ ਉਸਾਰੀ ਵਿਚ ਬੜੀ ਮਹੱਤਾ ਵਾਲੇ ਹੁੰਦੇ ਹਨ। ਜੇ ਅਸੀਂ ਬੱਚੇ ਦੀ ਜੀਵਨ ਧਾਰਾ ਨੂੰ ਕਿਸੇ ਵਿਸ਼ੇਸ਼ ਪਾਸੇ ਵਲ ਮੋੜਨਾ ਚਾਹੁੰਦੇ ਹਾਂ ਤਾਂ ਉਸਦੀ ਕਿਸ਼ੋਰ ਅਵਸਥਾ ਵਿਚ ਹੀ ਅਸੀਂ ਇਹ ਕੰਮ ਕਰ ਸਕਦੇ।