ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੯

ਕਰ ਰਿਹਾ ਹੈ ਕਿ ਨਹੀਂ। ਪਹਿਲਾਂ ਅਜਿਹੇ ਬੱਚੇ ਦੀ ਬੁਧੀ-ਮਾਪਕ ਪਰੀਖਿਆ ਕੀਤੀ ਜਾਂਦੀ ਹੈ। ਜੇ ਉਹ ਤਿੱਖੀ ਬੁਧੀ ਦਾ ਹੋਵੇ ਤੇ ਉਹ ਆਪਣੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੰਮ ਵਿਚ ਲਿਆ ਰਿਹਾ ਹੋਵੇ ਤਾਂ ਉਹ ਸਧਾਰਨ ਬਚਿਆਂ ਦੇ ਟਾਕਰੇ ਮਿਹਨਤ-ਮਾਪਕ ਪਰੀਖਿਆਵਾਂ ਵਿਚ ਜ਼ਰੂਰ ਵੱਧ ਨੰਬਰ ਲਵੇਗਾ।

ਉਸਤਾਦ ਦੀ ਰਾਏ ਦੀ ਮਹੱਤਾ

ਬੱਚਿਆਂ ਦੀ ਯੋਗਤਾ ਦਾ ਪਤਾ ਲਾਉਣ ਲਈ ਕਿਸੇ ਤਰ੍ਹਾਂ ਦੀ ਪਰੀਖਿਆ ਵੀ ਕਾਫੀ ਨਹੀਂ। ਇਸ ਦੇ ਲਈ ਬੱਚੇ ਦੇ ਨਿਤ ਦਿਨ ਦੇ ਕੰਮ ਨੂੰ ਵੇਖਣਾ ਵੀ ਜ਼ਰੂਰੀ ਹੈ। ਕਿੱਨੇ ਹੀ ਬੱਚੇ ਬੁਧੀ-ਮਾਪਕ ਪਰੀਖਿਆ-ਪੱਤਰਾਂ ਦੇ ਪ੍ਰਸ਼ਨ ਹੱਲ ਕਰਨ ਵਿਚ ਚਤੁਰਤਾ ਪਰਾਪਤ ਕਰ ਲੈਂਦੇ ਹਨ। ਅਜਿਹੇ ਬੱਚੇ ਅਸਲ ਵਿਚ ਘਟ ਯੋਗਤਾ ਰਖਦਿਆਂ ਵੀ ਪਰੀਖਿਆਵਾਂ ਵਿਚ ਵਧ ਨੰਬਰ ਲੈ ਜਾਂਦੇ ਹਨ। ਫਿਰ ਕਿੱਨੇ ਹੀ ਬੱਚੇ ਇਕ ਕਿਸਮ ਦੀ ਪਰੀਖਿਆ ਵਿਚ ਇਸ ਲਈ ਘਟ ਨੰਬਰ ਨਹੀਂ ਲੈਂਦੇ ਕਿ ਉਹ ਬੁਧੀ ਵਿਚ ਘਟੀਆ ਹਨ ਸਗੋਂ ਇਸ ਲਈ ਘਟ ਨੰਬਰ ਲੈਂਦੇ ਹਨ ਕਿ ਉਨ੍ਹਾਂ ਵਿਚ ਛੇਤੀ ਕੰਮ ਕਰਨ ਦੀ ਯੋਗਤਾ ਨਹੀਂ ਹੈ। ਬੁਧੀ-ਮਾਪਕ ਪਰੀਖਿਆਵਾਂ ਵਿਚ ਸਮੇਂ ਦੀ ਬੰਦਸ਼ ਉਸੇ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਦੀ ਸਾਧਾਰਨ ਪਰੀਖਿਆਵਾਂ ਵਿਚ। ਜਿਹੜਾ ਬਾਲਕ ਥੋੜ੍ਹੇ ਸਮੇਂ ਵਿਚ ਵਧੇਰੇ ਪ੍ਰਸ਼ਨ ਹਲ ਕਰ ਲੈਂਦਾ ਹੈ ਉਸ ਨੂੰ ਤੇਜ਼ ਬੁਧੀ ਦਾ ਮੰਨ ਲਿਆ ਜਾਂਦਾ ਹੈ ਅਤੇ ਜਿਹੜੇ ਉਸ ਸਮੇਂ ਵਿਚ ਥੋੜ੍ਹੇ ਪ੍ਰਸ਼ਨ ਹਲ ਕਰਦਾ ਹੈ ਉਸ ਨੂੰ ਘਟੀਆ ਬੁਧੀ ਦਾ। ਪਰ ਇਸ ਤਰ੍ਹਾਂ ਬਚਿਆਂ ਦੀ ਯੋਗਤਾ ਬਾਰੇ ਧਾਰਨਾ ਬਣਾਉਣਾ ਠੀਕ ਨਹੀਂ। ਇਹ ਗੱਲ ਸੱਚ ਹੈ ਕਿ ਆਮ ਤੌਰ ਤੋ ਤੇਜ਼ ਬੁਧੀ ਵਾਲਾ ਬੱਚਾ ਦੂਜੇ ਬੱਚਿਆਂ ਨਾਲੋਂ ਆਪਣੇ ਕੰਮ ਨੂੰ ਛੇਤੀ ਨਾਲ ਖਤਮ ਕਰ ਲੈਂਦਾ ਹੈ, ਪਰ ਕਿੱਨੇ ਹੀ ਬਚਿਆਂ ਵਿਚ ਕੰਮ ਨੂੰ ਖਤਮ ਕਰਨ ਦੀ ਯੋਗਤਾ ਤਾਂ ਹੁੰਦੀ ਹੈ ਪਰ ਉਹ ਸੋਚ ਸਮਝ ਕੇ ਸਭ ਕੰਮ ਕਰਦੇ ਹਨ। ਇਸ ਤਰ੍ਹਾਂ ਦੇ ਬੱਚੇ ਪੱਕੀ ਹੋਈ ਬੁਧੀ ਦੇ ਹੁੰਦੇ ਹਨ। ਇਹ ਸਮੱਸਿਆ ਨੂੰ ਹਲ ਕਰਨ ਵਿਚ ਦੇਰ ਜ਼ਰੂਰ ਲਾਉਂਦੇ ਹਨ, ਪਰ ਉਨ੍ਹਾਂ ਦੇ ਉੱਤਰ ਸਹੀ ਹੁੰਦੇ ਹਨ। ਉਹ ਭੁਲਾਂ ਬੜੀਆਂ ਘਟ ਕਰਦੇ ਹਨ। ਇਸ ਕਿਸਮ ਦੇ ਬੱਚਿਆਂ ਦੀ ਬੁਧੀ ਦਾ ਪਤਾ ਨਾ ਸਧਾਰਨ ਪਰੀਖਿਆਵਾਂ ਰਾਹੀਂ ਚਲਦਾ ਹੈ ਅਤੇ ਨਾ ਬੁਧੀ-ਮਾਪਕ ਪਰੀਖਿਆਵਾਂ ਰਾਹੀਂ। ਉਨ੍ਹਾਂ ਦੀ ਯੋਗਤਾ ਨੂੰ ਠੀਕ ਤਰ੍ਹਾਂ ਮਾਪਣ ਲਈ ਉਸਤਾਦ ਦੀ ਰਾਏ ਦੀ ਲੋੜ ਪੈਂਦੀ ਹੈ। ਇਹ ਰਾਏ ਉਸਤਾਦ ਉਨ੍ਹਾਂ ਦੇ ਨਿਤ ਦਿਨ ਦੇ ਕੰਮ ਦੇ ਅਧਾਰ ਤੇ ਬਣਾਉਂਦਾ ਹੈ।

ਅਧੁਨਿਕ ਸਿਖਿਆ-ਵਿਦਿਵਾਨ ਬੱਚਿਆਂ ਦੀ ਸਿਖਿਆ ਵਿਚ ਉਨ੍ਹਾਂ ਦੀ ਪਰੀਖਿਆ ਨੂੰ ਮਹੱਤਾ ਦਾ ਥਾਂ ਨਹੀਂ ਦਿੰਦੇ। ਉਹ ਬੱਚੇ ਦੇ ਨਿਤ ਦਿਨ ਦੇ ਕੰਮ ਨੂੰ ਮਹੱਤਾ ਦਾ ਥਾਂ ਦਿੰਦੇ ਹਨ। ਹਰ ਉਸਤਾਦ ਨੂੰ ਬੱਚੇ ਦੀ ਉੱਨਤੀ ਦਾ ਲੇਖਾ ਰਖਣਾ ਜ਼ਰੂਰੀ ਹੈ। ਬਾਲਕ ਜੋ ਕੁਝ ਕੰਮ ਕਰਦਾ ਹੈ ਉਸ ਦੀ ਰੀਪੋਰਟ ਉਸਤਾਦ ਕੋਲ ਰਹਿਣੀ ਚਾਹੀਦੀ ਹੈ। ਇਸ ਰੀਪੋਰਟ ਦੇ ਅਧਾਰ ਉਤੇ ਹੀ ਬਾਲਕ ਦੀ ਯੋਗਤਾ ਦਾ ਨਿਰਣਾ ਕਰਨਾ ਚਾਹੀਦਾ ਹੈ। ਜੇ ਕੋਈ ਬੱਚਾ ਸਲਾਨਾ ਪਰੀਖਿਆ ਵਿਚ ਕਿਸੇ ਕਾਰਨ ਕਰਕੇ ਫੇਲ ਹੋ ਜਾਂਦਾ ਹੈ, ਪਰ ਉਸਦਾ ਨਿਤ ਦਿਨ ਦਾ ਕੰਮ ਚੰਗਾ ਹੈ ਤਾਂ ਉਸਨੂੰ ਅਗਲੀ ਜਮਾਤ ਵਿਚ ਜਾਣ ਤੋਂ ਕਦੇ ਵੀ ਨਹੀਂ ਰੋਕਣਾ ਚਾਹੀਦਾ।