ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧

ਇਕ ਹੀ ਵਾਰ ਸੁਣਨ ਜਾਂ ਸਮਝਣ ਨਾਲ ਕੋਈ ਗਿਆਨ ਮਨ ਵਿਚ ਨਹੀਂ ਬੈਠਦਾ। ਗਿਆਨ ਦੇ ਸੰਸਕਾਰਾਂ ਨੂੰ ਦ੍ਰਿੜ੍ਹ ਕਰਨ ਲਈ ਉਨ੍ਹਾਂ ਨੂੰ ਘੜੀ ਮੁੜੀ ਚੇਤੇ ਕਰਨ ਦੀ ਲੋੜ ਹੁੰਦੀ ਹੈ। ਇਹ ਯਾਦ ਘਰ ਹੀ ਕੀਤਾ ਜਾ ਸਕਦਾ ਹੈ। ਜੇ ਬੱਚੇ ਦੇ ਮਾਪੇ ਪੜ੍ਹੇ ਲਿਖੇ ਹੋਣ ਅਤੇ ਬੱਚੇ ਦੇ ਯਾਰ ਦੋਸਤ ਸਿਆਣੇ ਹੋਣ, ਤਾਂ ਬੱਚਾ ਸਕੂਲ ਤੋਂ ਲਏ ਗਿਆਨ ਉਤੇ ਮਨ ਵਿਚ ਵਿਚਾਰ ਕਰੇਗਾ ਅਤੇ ਉਥੋਂ ਸਿਖੀਆਂ ਗਲਾਂ ਦਾ ਅਭਿਆਸ ਕਰੇਗਾ। ਨਹੀਂ ਤਾਂ ਉਹ ਇਨ੍ਹਾਂ ਗਲਾਂ ਨੂੰ ਤੋਤੇ ਵਾਂਗ ਰਟ ਭਾਵੇਂ ਲਏ, ਆਪਣੇ ਜੀਵਨ ਵਿਚ ਉਨ੍ਹਾਂ ਤੋਂ ਮੌਲਿਕ ਲਾਭ ਨਹੀਂ ਉਠਾ ਸਕੇਗਾ।

ਸਕੂਲ ਦਾ ਪਾਠ ਕਰਮ ਬਣਾਉਣ ਵੇਲੇ ਸਿਖਿਆ ਦੇਣ ਵਾਲਿਆਂ ਨੂੰ ਇਹ ਧਿਆਨ ਰਖਣਾ ਜ਼ਰੂਰੀ ਹੈ ਕਿ ਬਚਿਆਂ ਦਾ ਕਿਹੜੇ ਕਿਹੜੇ ਵਿਸ਼ਿਆਂ ਨੂੰ ਸਿਖਣਾ ਲਾਭਦਾਇਕ ਹੈ। ਜਿਸ ਬੱਚੇ ਦੇ ਘਰ ਕੋਈ ਖਾਸ ਤਰ੍ਹਾਂ ਦੀ ਕਾਰੀਗਰੀ ਹੁੰਦੀ ਹੈ ਉਸ ਨੂੰ ਉਸੇ ਤਰ੍ਹਾਂ ਦੀ ਸਿਖਿਆ ਦੇਣ ਨਾਲ ਅਥਵਾ ਅਜਿਹੀ ਸਿਖਿਆ ਦੇਣ ਨਾਲ ਜਿਹੜੀ ਉਸਨੂੰ ਘਰ ਦੇ ਕੰਮ ਵਿਚ ਸਹਾਇਕ ਹੈ, ਸਿਖਿਆ ਦਾ ਕੰਮ ਬਹੁਮੁੱਲਾ ਹੋ ਜਾਂਦਾ ਹੈ। ਕਿਸਾਨ ਦੇ ਬਾਲਕ ਨੂੰ ਵਾਹੀ ਖੇਤੀ ਦੀਆਂ ਗਲਾਂ ਦਸਣਾ ਅਤੇ ਕਾਰੀਗਰ ਦੇ ਬਾਲਕ ਨੂੰ ਕਾਰਗਰੀ ਦੀਆਂ ਗੱਲਾਂ ਸਮਝਾਉਣਾ ਲਾਭਦਾਇਕ ਹੈ। ਇਸ ਨਾਲ ਬਾਲਕ ਦੀ ਬੁਧੀ ਦਾ ਵਿਕਾਸ ਛੇਤੀ ਹੁੰਦਾ ਹੈ, ਦੂਜੇ ਜਿਹੜਾ ਗਿਆਨ ਉਸ ਨੂੰ ਮਿਲਦਾ ਹੈ ਉਹ ਵੀ ਉਸਦੇ ਲਾਭਦਾ ਹੁੰਦਾ ਹੈ।

ਇਥੇ ਇਹ ਧਿਆਨ ਰਖਣਾ ਜ਼ਰੂਰੀ ਹੈ ਕਿ ਜਿਸ ਦੇਸ਼ ਵਿਚ ਉਦਯੋਗਿਕ ਧੰਦਿਆਂ ਵਿਚ ਵਾਧਾ ਨਹੀਂ ਹੋਇਆ ਹੈ ਉਥੇ ਉਥੋਂ ਦੀਆਂ ਸਿਖਿਆ ਸੰਸਥਾਵਾਂ ਅਤੇ ਘਰ ਦੇ ਵਾਤਾਵਰਨ ਵਿਚ ਵਿਰੋਧ ਹੋਣਾ ਸੁਭਾਵਕ ਹੈ। ਅਸੀਂ ਜਦੋਂ ਵੀ ਬੱਚੇ ਨੂੰ ਉਦਯੋਗਿਕ ਸਿਖਿਆ ਦੇਵਾਂਗੇ ਉਹ ਉਸ ਨੂੰ ਨਵੀਂ ਹੀ ਜਾਪੇਗੀ ਅਤੇ ਉਸ ਦੇ ਘਰ ਦਾ ਵਾਤਾਵਰਨ ਇਸ ਸਿਖਿਆ ਦੇ ਉਲਟ ਹੋਵੇਗਾ। ਪਰ ਇਸ ਦੇ ਕਾਰਨ ਅਸੀਂ ਇਸ ਤਰ੍ਹਾਂ ਦੀ ਸਿਖਿਆ ਨੂੰ ਨਹੀਂ ਰੋਕਾਂਗੇ। ਜਿਥੋਂ ਤਕ ਸੰਭਵ ਹੋਵੇ ਘਰ ਦੇ ਵਾਤਾਵਰਨ ਤੋਂ ਸਹਾਇਤਾ ਲਈ ਜਾਣੀ ਚਾਹੀਦੀ ਹੈ। ਵਿਧਾਨਿਕ ਸਿਖਿਆ ਨੂੰ ਘਰ ਦੇ ਵਾਤਾਵਰਨ ਉਤੇ ਹੀ ਨਿਰਭਰ ਨਹੀਂ ਕਰ ਦੇਣਾ ਚਾਹੀਦਾ।

ਵਿਧਾਨਿਕ ਸਿਖਿਆ ਨਾ ਸਿਰਫ ਨਿੱਕੇ ਨਿੱਕੇ ਬਚਿਆਂ ਦੇ ਜੀਵਨ ਦੇ ਅਧਾਰ ਦਾ ਉਪਾ ਹੈ ਸਗੋਂ ਉਨ੍ਹਾਂ ਦੇ ਘਰ ਦੇ ਵਾਤਾਵਰਨ ਨੂੰ ਸੁਧਾਰਨ ਦਾ ਵੀ ਉਪਾ ਹੈ। ਵਿਧਾਨਿਕ ਸਿਖਿਆ ਰਾਹੀਂ ਹੀ ਘਰ ਦਾ ਵਾਤਾਵਰਨ ਸੁਧਾਰਿਆ ਜਾ ਸਕਦਾ ਹੈ। ਜਦ ਦੇਸ਼ ਦੇ ਸਾਰੇ ਮਰਦ ਇਸਤਰੀਆਂ ਸਿਖਿਅਤ ਹੋ ਜਾਣਗੇ ਤਾਂ ਘਰ ਦੇ ਵਾਤਾਵਰਨ ਅਤੇ ਸਕੂਲ ਦੇ ਵਾਤਾਵਰਨ ਵਿਚ ਏਕਤਾ ਲਿਆਉਣਾ ਸਹਿਲ ਹੋ ਜਾਵੇਗਾ। ਜਦ ਤਕ ਇਹ ਸੰਭਵ ਨਹੀਂ ਉਦੋਂ ਤਕ ਘਰ ਦੇ ਵਾਤਾਵਰਨ ਤੋਂ ਜਿਹੜੀ ਵੀ ਸਹਾਇਤਾ ਹੋ ਸਕੇ ਉਸ ਨੂੰ ਸਕੂਲ ਦੇ ਅਧਿਆਪਕਾਂ ਨੂੰ ਲੈਣਾ ਚਾਹੀਦਾ ਹੈ।

ਬੱਚੇ ਦੀ ਸਿਖਿਆ ਸੁਚੱਜੀ ਤਰ੍ਹਾਂ ਕਰਨ ਲਈ ਇਹ ਜ਼ਰੂਰੀ ਹੈ ਕਿ ਸਿਖਿਆ ਦੇਣ ਵਾਲਾ ਹਰ ਬੱਚੇ ਦਾ ਨਿੱਜੀ ਅਧਿਅਨ ਕਰੇ। ਉਹ ਉਸ ਦੇ ਘਰ ਦੇ ਵਾਤਾਵਰਨ ਨੂੰ ਜਾਨਣ ਦੀ ਚਾਹ ਕਰੇ ਅਤੇ ਇਹ ਜਾਨਣ ਦੀ ਚਾਹ ਕਰੇ ਕਿ ਬੱਚੇ ਦੇ ਯਾਰ ਦੋਸਤ ਕਿਹੋ ਜਹੇ ਹਨ ਅਤੇ ਉਸ ਦੀ ਰੁਚੀ ਕਿਸ ਤਰ੍ਹਾਂ ਦੇ ਕੰਮਾਂ ਵਿਚ ਹੈ। ਇਨ੍ਹਾਂ ਗਲਾਂ ਦੇ ਜਾਣੇ ਬਿਨਾਂ ਸਿਖਿਆ ਦੇਣ ਵਾਲਾ ਬੱਚੇ ਨੂੰ ਸਿਖਿਅਤ ਨਹੀਂ ਬਣਾ ਸਕਦਾ। ਅਵਿਧਾਨਿਕ ਸਿਖਿਆ ਦੇ ਪਰਭਾਵ ਦਾ ਅਧਿਅਨ ਕਰਨ ਦਾ ਇਹੀ ਲਾਭ ਹੈ ਕਿ ਸਿਖਿਆ ਦੇਣ ਵਾਲਾ ਇਹ ਜਾਣ