ਦੂਸਰਾ ਪਰਕਰਨ
ਸਿੱਖਿਆ ਦਾ ਉਦੇਸ਼
ਸਿਖਿਆ ਦੇ ਜਾਣਕਾਰਾਂ ਸਿਖਿਆ ਦੇ ਵੱਖ ਵੱਖ ਉਦੇਸ਼ ਦੱਸੇ ਹਨ। ਕਿਸੇ ਦਾ ਖਿਆਲ ਹੈ ਕਿ ਸਿੱਖਿਆ ਦਾ ਮਨੋਰਥ ਆਚਰਨ ਦੀ ਉਸਾਰੀ ਹੈ ਅਤੇ ਕਿਸੇ ਦੇ ਖਿਆਲ ਵਿਚ ਸੁਖੀ ਜੀਵਨ, ਕਿਸੇ ਦੇ ਮੱਤ ਵਿਚ ਬੱਚੇ ਨੂੰ ਸਮਾਜ ਲਈ ਲੋੜੀਂਦਾ ਬਨਾਉਣਾ ਹੈ ਅਤੇ ਕਿਸੇ ਅਨੁਸਾਰ ਸ਼ਖਸ਼ੀਅਤ ਦੀ ਨਿਪੁੰਨਤਾ। ਸਿਖਿਆ ਦੇ ਉਦੇਸ਼, ਸਿਖਿਆ ਦੇ ਜਾਣਕਾਰੀ ਦੇ ਜੀਵਨ ਆਦਰਸ਼ ਅਨੁਸਾਰ ਵੱਖ ਵੱਖ ਮੰਨੇ ਗਏ ਹਨ। ਜਿਸ ਸਿਖਿਆ ਦੇ ਜਾਣਕਾਰ ਦੇ ਜੀਵਨ ਦਾ ਆਦਰਸ਼ ਅਧਿਆਤਮਕ ਉੱਨਤੀ ਰਿਹਾ ਹੈ ਉਸ ਨੇ ਸਿਖਿਆ ਵਿਚ ਆਚਰਨ ਦੀ ਉਸਾਰੀ ਨੂੰ ਪਰਧਾਨ ਥਾਂ ਦਿਤਾ ਹੈ ਅਤੇ ਜਿਸ ਸਿਖਿਆ ਦੇ ਜਾਣਕਾਰ ਦੇ ਜੀਵਨ ਦਾ ਉਦੇਸ਼ ਬਾਹਰ ਮੁਖੀ ਜਗਤ ਦੀ ਪੂਰਨਤਾ ਰਿਹਾ ਹੈ ਉਸ ਨੇ ਸਿਖਿਆ ਦਾ ਮੁਖ ਨਿਸ਼ਾਨਾ ਸੰਪੂਰਨ ਜੀਵਨ ਅਥਵਾ ਜੀਵਨ ਨੂੰ ਸੁਖੀ ਬਣਾਉਣਾ ਮੰਨਿਆ ਹੈ। ਜਿਸ ਵਿਦਵਾਨ ਦੇ ਖਿਆਲ ਵਿਚ ਜੀਵਨ ਦਾ ਨਿਸ਼ਾਨਾ ਸਮਾਜ ਦੀ ਭਲਿਆਈ ਹੈ, ਉਸ ਨੇ ਸਿਖਿਆ ਦਾ ਉਦੇਸ਼ ਸਮਾਜ ਸੇਵਕ ਵਿਅਕਤੀ ਪੈਦਾ ਕਰਨਾ ਦਸਿਆ। ਇਸੇ ਤਰ੍ਹਾਂ ਜਿਸ ਦੇ ਖਿਆਲ ਵਿਚ ਜੀਵਨ ਦਾ ਨਿਸ਼ਾਨਾ ਜੀਵਨ ਦੀ ਪੂਰਨਤਾ ਪਰਾਪਤ ਕਰਨਾ ਹੈ, ਉਸ ਅਨੁਸਾਰ ਸਿਖਿਆ ਦਾ ਉਦੇਸ਼ ਸ਼ਖਸੀਅਤ ਦੀ ਉਸਾਰੀ ਅਤੇ ਪੂਰਨਤਾ ਦੀ ਪਰਾਪਤੀ ਹੈ।
ਦੇਸ਼ ਕਾਲ ਦਾ ਸਿਖਿਆ ਦੇ ਉਦੇਸ਼ ਉਤੇ ਪਰਭਾਵ:-ਸਿਖਿਆ ਦੇ ਉਦੇਸ਼ ਦੇਸ਼ ਅਤੇ ਕਾਲ ਅਨੁਸਾਰ ਵੀ ਬਦਲਦੇ ਰਹਿੰਦੇ ਹਨ। ਜਿਹੋ ਜਿਹਾ ਵਾਤਾਵਰਨ ਕਿਸੇ ਦੇਸ਼ ਵਿਚ ਹੁੰਦਾ ਹੈ ਉਹੋ ਜਿਹਾ ਸਿਖਿਆ ਦਾ ਉਦੇਸ਼ ਬਣ ਜਾਂਦਾ ਹੈ। ਅਧੁਨਿਕ ਸਮੇਂ ਵਿਚ ਅਸੀਂ ਵੇਖਦੇ ਹਾਂ ਕਿ ਕਿਸੇ ਦੇਸ਼ ਵਿਚ ਸਮਾਜਵਾਦ ਨੂੰ ਉੱਚੀ ਥਾਂ ਦਿਤੀ ਜਾਂਦੀ ਹੈ ਅਤੇ ਕਿਸੇ ਵਿਚ ਫਾਸਿਜ਼ਮ ਨੂੰ ਪਰਧਾਨ ਥਾਂ ਮਿਲਦਾ ਹੈ। ਜਿਥੇ ਫਾਸਿਜ਼ਮ ਦਾ ਜ਼ੋਰ ਹੈ ਉਥੇ ਸਿਖਿਆ ਦਾ ਮਨੋਰਥ ਅਜਿਹੇ ਵਿਅਕਤੀ ਤਿਆਰ ਕਰਨਾ ਹੈ ਜਿਹੜੇ ਆਪਣੇ ਜੀਵਨ ਵਿਚ ਸੁਤੰਤਰ ਵਿਚਾਰਾਂ ਨੂੰ ਪਰਧਾਨ ਥਾਂ ਦੇਣ ਦੀ ਥਾਂ ਜ਼ਬਤ ਨੂੰ ਹੀ ਫਰਜ਼ ਸਮਝਣ। ਜਿੱਥੇ ਸਮਾਜਵਾਦ ਦਾ ਵਾਤਾਵਰਨ ਹੈ, ਉਥੇ ਸਿਖਿਆ ਦਾ ਮੰਤਵ ਇਕ ਅਜਿਹੇ ਵਿਅਕਤੀ ਨੂੰ ਤਿਆਰ ਕਰਨਾ ਹੈ ਜਿਹੜਾ ਸਮਾਜ ਦੇ ਸਾਰੇ ਲੋਕਾਂ ਨੂੰ ਬਰਾਬਰ ਦਾ ਸਮਝੇ, ਜਿਹੜਾ ਆਪਣੇ ਵਿਚਾਰਾਂ ਅਤੇ ਅਮਲਾਂ ਵਿਚ ਊਚ ਨੀਚ ਦੇ ਫਰਕ ਨੂੰ ਹਰ ਤਰ੍ਹਾਂ ਮਿਟਾ ਦੇਵੇ। ਇਸੇ ਤਰ੍ਹਾਂ ਪਰਜਾ-ਤੰਤਰਵਾਦ ਦੇ ਮੰਨਣ ਵਾਲੇ ਦੇਸਾਂ ਦੇ ਸਿਖਿਆ ਦੇ ਸਿਧਾਂਤ ਤਾਨਾਸ਼ਾਹੀ ਦੇਸ਼ਾਂ ਦੇ ਸਿਧਾਤਾਂ ਤੋਂ ਵਖਰੇ ਹਨ। ਪਰਜਾ-ਤੰਤਰਵਾਦ ਅਜਿਹੇ ਨਾਗਰਿਕਾਂ ਨੂੰ ਤਿਆਰ ਕਰਨਾ ਚਾਹੁੰਦਾ ਹੈ ਜਿਹੜੇ ਆਪਣੇ ਨਾਗਰਿਕਤਾ ਦੇ ਅਧਿਕਾਰਾਂ ਦੀ ਚੰਗੀ ਵਰਤੋਂ ਕਰ ਸਕਣ ਅਤੇ ਜਿਹੜੇ ਸੁਤੰਤਰ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਥਾਂ ਦੇਣ। ਇਸ ਦੇ ਉਲਟ ਫਾਸਿਜ਼ਮ ਅਜਿਹੇ ਨਾਗਰਿਕਾਂ ਨੂੰ ਤਿਆਰ ਕਰਨਾ ਚਾਹੁੰਦਾ ਹੈ ਜਿਹੜੇ ਆਪਣੇ ਹਾਕਮਾਂ ਲਈ ਸ਼ਰਧਾ ਰਖਦੇ ਹੋਣ
੩੪