ਪੰਨਾ:ਸਿੱਖੀ ਸਿਦਕ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩ )

ਤੂੰ ਐਨਾਂ ਬੁਢਾ ਹੋ ਗਿਆ ਹੈਂ ਤੇ ਅਜੇ ਤਕ ਰਬ ਰੂਪ ਗੁਰੂ ਨਾਨਕ ਨੂੰ ਨਹੀਂ ਜਾਣਦਾ ? ਮੈਂ ਤਾਂ ਸਮਝਦੀ ਸਾਂ ਕਿ ਤੂੰ ਅੰਦਰੋਂ ਬਾਹਰੋਂ ਭਰਪੂਰ ਏਂ । ਪਰ ਤੇਰੀ ਇਸ ਗਲ ਤੋਂ ਪਤਾ ਲਗਾ ਏ ਕਿ ਤੂੰ ਤਾਂ ਨਿਰਾ ਸਖਣਾ ਭਾਂਡਾ ਏਂ ।

ਹਮਜਾ ਗੌਂਸ ਜਾਂ ਵਲੀ ਕੰਧਾਰੀ ਵਰਗਾ ਜੇ ਇਹ ਸਾਈਂ ਭੀ ਹੁੰਦਾ ਤਾਂ ਇਹ ਬਚਨ ਸੁਣਕੇ ਪਤਾ ਨਹੀਂ ਕੀ ਕਰਦਾ । ਪਰ ਇਸ ਸਾਈਂ ਨੂੰ ਬੀਬੀ ਦੇ ਮੂੰਹੋਂ ਆਪਣੀ ਅਸਲੀਅਤ ਬਾਰੇ ਸੁਤੇ ਇਹ ਅਖਰ ਸੁਣਕੇ ਸਗੋਂ ਸ਼ਰਮਿੰਦਗੀ ਹੋਈ ਤੇ ਸੋਚਣ ਲੱਗਾ "ਮਨਾ ਭਾਵੇਂ ਤੂੰ ਕਮਾਈ ਤੇ ਬੰਦਗੀ ਬੜੀ ਕੀਤੀ ਹੈ ਪਰ ਅਜ ਮੰਨਣਾ ਪਿਆ ਹੈ ਕਿ ਸਚੀਂ ਮੁੱਚੀਂ ਮੈਂ ਅਜੇ ਸਖਣਾ ਈ ਹਾਂ ।" ਕੁਝ ਸ਼ਰਮਿੰਦਗੀ ਪ੍ਰਗਟ ਕਰਨ ਵਾਲਾ ਹਾਸਾ ਹਸਕੇ ਮੁਸਕ੍ਰਾਇਆ ।

"ਪਰ ਉਹ ਸਖਣਿਆਂ ਨੂੰ ਭਰਨ ਵਾਲਾ ਏ, ਤੂੰ ਉਸਦੇ ਪਰਤਾਪ ਨੂੰ ਸੁਣਕੇ ਦਿਲ ਵਿਚ ਅਰਦਾਸ ਕਰ, ਉਹ ਖੁਦ ਆਪਣਿਆਂ ਪਿਆਰਿਆਂ ਕੋਲ ਚਲਕੇ ਆਂਵਦਾ ਏ ਮੇਰੀ ਨਿਕੀ ਜਿਹੀ ਜੀਭ ਉਸਦੀ ਪੂਰੀ ਸਿਫਤ ਨਹੀਂ ਦਸ ਸਕਦੀ ਲੈ ਆਹ ਥੋੜੀ ਜਹੀ ਉਸਦੀ ਵਡਿਆਈ ਸੁਣਾਨੀ ਆਂ ।

ਝੋਕ

ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ ।

ਕੌਤਕ ਤੇ ਚੋਜ ਉਸਦੇ ਬੜੇ ਬੇਅੰਤ ਨੇ ।
ਚੁੰਮਦੇ ਹਨ ਚਰਨ ਝੁਕ ਝੁਕ ਸਾਧੂ ਤੇ ਸੰਤ ਨੇ ।
ਜਿਸਦੀ ਕਿਰਪਾ ਦੇ ਧਾਰੇ ਸਾਰੇ ਜੀਅ ਜੰਤ ਨੇ ।
ਜਾਣੇ ਨ ਕੌਣ ਪੂਰਨ ਰਬੀ ਅਵਤਾਰ ਨੂੰ ।