ਪੰਨਾ:ਸਿੱਖੀ ਸਿਦਕ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

ਬੜਾ ਭਾਰਾ ਸੀ ਸ਼ਮਿਆਨਾ ਇਕ ਬੇ ਕੀਮਤੀ,
ਜਿਸ ਵਿਚ ਲੌਂਦੇ ਸਤਿਗੁਰ ਖਾਸ ਦੀਵਾਨ।
ਮਿਲਨੇ ਆਇਆ ਰਾਜਾ ਭੀਮ ਚੰਦ ਦਸਮੇਸ਼ ਨੂੰ,
ਸੇਵਾ ਗੁਰਾਂ ਦੀ ਉਹ ਵੇਖਕੇ ਹੋਇਆ ਹੈਰਾਨ।
ਹਾਥੀ ਸ਼ਸਤਰ ਤੇ ਸ਼ਮਿਆਨਾ ਮੰਗਿਆ ਗੁਰਾਂ ਤੋਂ,
ਐਪਰ ਕਲਗੀਧਰ ਨੇ ਸਚੇ ਜਾਣੀ ਜਾਨ।
ਰਾਜੇ ਦੇ ਦਿਲ ਸੀ ਇਹ ਖੋਟ ਨਾ ਮੈਂ ਫਿਰ ਮੋੜਾਂਗਾ,
'ਪਾਤਰ' ਇਹਨਾਂ ਤੋਂ ਵਧ ਜਾਏ ਮੇਰੀ ਸ਼ਾਨ।

ਭੀਮਚੰਦ, ਦਸਮੇਸ਼ ਜੀ ਨੂੰ ਭੀ ਆਪ ਤੋਂ ਛੋਟੇ ਦੂਜੇ ਰਾਜਿਆਂ ਵਾਂਗ ਹੀ ਸਮਝਦਾ ਹੋਇਆ, ਮਾਣ ਰਖਦਾ ਸੀ, ਕਿ ਇਹ ਭੀ ਉਹਨਾਂ ਰਾਜਿਆਂ ਵਾਂਗ ਮੇਰੇ ਵਡਪੁਣੇ ਨੂੰ ਸਮਝਕੇ, ਇਹ ਚੀਜ਼ਾਂ ਮੈਨੂੰ ਮੰਗਵੀਆਂ ਦੇ ਦੇਣਗੇ। ਫੇਰ ਮੈਂ ਇਹਨਾਂ ਨੂੰ ਕਿਹੜੀਆਂ ਮੋੜਨੀਆਂ ਨੇ। ਦੂਜੇ ਰਾਜੇ ਮੇਰੀ ਹੋਰ ਭੀ ਇਜ਼ਤ ਕਰਨਗੇ ਤੇ ਉਹਨਾਂ ਪੁਰ ਮੇਰਾ ਹੋਰ ਭੀ ਪ੍ਰਭਾਵ ਪਵੇਗਾ।


ਸੇਠ ਦੁਨੀ ਚੰਦ ਕਾਬਲੀਏ ਨੇ ਦਿਆਲ ਦਾਸ ਮਸੰਦ ਪਾਸੋਂ ਪੁਤ੍ਰ ਹੋਣ ਦੀ ਸਤਿਗੁਰਾਂ ਅਗੇ ਅਰਦਾਸ ਕਰਵਾਈ। ਸਮਾਂ ਪਾਕੇ ਉਸ ਦੇ ਘਰ ਦੋ ਪੁਤ੍ਰ ਹੋਏ। ਉਸਨੇ ਇਸ ਖੁਸ਼ੀ ਵਿਚ ਪਸ਼ਮੀਨੇ ਦਾ ਦੂਹਰਾ ਸ਼ਮਿਆਨਾ ਬਣਵਾਇਆ ਜਿਸ ਵਰਗਾ ਇਕ ਸ਼ਮਿਆਨਾ ਦੋ ਸਾਲ ਪਹਿਲਾਂ ਔਰੰਗਜੇਬ ਦੇ ਸ਼ਾਹੀ ਦਰਬਾਰ ਲਈ ਤਿਆਰ ਹੋਇਆ ਸੀ ਪਰ ਇਸਦੀ ਸ਼ਾਨ ਤੇ ਪਕਿਆਈ ਉਸ ਨਾਲੋਂ ਵੀ ਵਧ ਸੀ। ਸੰਮਤ ੧੭੩੬ ਬਿ: ਨੂੰ ਵੈਸਾਖੀ ਦੇ ਮੇਲੇ ਪੁਰ ਕਾਬਲ ਦੀ ਸੰਗਤ ਵਲੋਂ ਭੇਟਾ ਕੀਤਾ ਗਿਆ ਸੀ।