ਪੰਨਾ:ਸਿੱਖੀ ਸਿਦਕ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੮ )

ਵਾਰ।

ਡਿਠਾ ਕੌਤਕ ਨਿਰਾਲਾ ਸਤਿਗੁਰਾਂ ਦਾ,
ਬਾਹਰੋਂ ਖੇਡਕੇ ਜਾਂ ਆਏ ਨੇ ਸ਼ਿਕਾਰ।
ਕਈ ਜੀਊਂਦੇ ਜਨੌਰ ਲਿਆਏ ਫੜਕੇ,
ਦੋ ਚਿਤਰੇ ਲਿਆਂਦੇ ਨੇ ਮਾਰ।
ਜੀਉਂਦਾ ਤਿਤਰ ਮੰਗਾਇਆ ਇਕ ਉਹਨਾਂ ਚੋਂ,
ਬੈਠੇ ਆਪ ਨੇ ਸੰਗਤ ਵਿਚਕਾਰ।
ਓਸ ਤਿਤਰ ਨੂੰ ਫੜ ਸਤਿਗੁਰਾਂ ਨੇ,
ਕਿਹਾ ਬਾਜ਼ ਨੂੰ ਸੀ ਇਉਂ ਪੁਚਕਾਰ।
ਬੈਠਾ ਸਾਹਮਣੇ ਜੋ ਤੇਰੇ ਤਿੱਤਰ ਵੇਖ ਲੈ,
ਕਰ ਛੇਤੀ ਤੂੰ ਇਸ ਉਤੇ ਵਾਰ।
ਸੁਣ ਬਾਜ਼ ਇਹ ਝਟ ਪਟ ਝਪਟਿਆ,
ਕੀਤਾ ਪਲ ਵਿਚ ਬੇੜਾ ਉਹਦਾ ਪਾਰ।
ਵੇਖ ਸਭੇ ਹੈਰਾਨ ਹੋ ਕੇ ਪੁਛਦੇ,
ਖੋਲ ਦਸਿਆ ਸੀ ਇਉਂ ਸਮਾਚਾਰ।
ਪਹਿਲੇ ਜਨਮ ਦਾ ਬਿਪਾਰੀ ਤਿਤਰ ਇਹੋ ਸੀ,
ਕਰਦਾ ਦੇਸੀ ਦੇਸੀ ਬਿਓਪਾਰ।
ਪਿਆ ਇਕ ਵੇਰੀ ਘਾਟਾ ਇਹਨੂੰ ਬਹੁਤ ਹੀ,
ਇਹ ਬਾਜ਼ ਤਦੋਂ ਹੈ ਸੀ ਸ਼ਾਹੂਕਾਰ।
ਬਿਨਾਂ ਲਿਖੇ ਤੋਂ ਉਧਾਰ ਦਿਤਾ, ਲੈ ਲਿਆ,
ਜਾਮਨ ਰਖਿਆ ਸੀ 'ਗੁਰੂ' ਨਿਰੰਕਾਰ।
ਨਫਾ ਹੋਇਆ ਜਦ, ਕਰਜ਼ ਉਹਨੇ ਮੰਗਿਆ,
ਨਾਵਾਂ ਦੇਣੋ ਇਸ ਕੀਤਾ ਇਨਕਾਰ।