ਪੰਨਾ:ਸਿੱਖ ਗੁਰੂ ਸਾਹਿਬਾਨ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਗੀ ਸਿੰਘ ਕੀਰਤਨ ਕਰਦੇ ਹਨ, ਪਰ ਨਾ ਤਾਂ ਕੋਈ ਪਾਠ ਸੁਣਦਾ ਹੈ ਤਾਂ ਨਾ ਹੀ ਕੀਰਤਨ। ਮੈਨੂੰ ਲੱਗਦਾ ਹੈ ਕਿ ਸਿੱਖ ਸੰਸਥਾਵਾਂ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਮਹਾਨ ਬਾਬੇ ਨਾਨਕ ਦਾ ਧਰਮ ਜੋ ਅਗਲੇਰੇ ਗੁਰੂਆਂ ਨੇ ਹਰ ਤਰਾਂ ਦੇ ਸੁਚੱਜੇ ਯਤਨਾਂ ਨਾਲ ਅਤੇ ਮਹਾਨ ਕੁਰਬਾਨੀਆਂ ਨਾਲ ਪ੍ਰਫੁਲਿਤ ਕੀਤਾ, ਉਸ ਨੂੰ ਸੰਭਾਲਿਆ ਜਾ ਸਕੇ ਅਤੇ ਲੋਕਾਂ ਨੂੰ ਫਿਰ ਤੋਂ ਸ਼ਬਦ-ਗੁਰੂ ਨਾਲ ਜੋੜਿਆ ਜਾਵੇ।

ਮਹਾਨ ਗ੍ਰੰਥ 'ਗੁਰੂ ਗਰੰਥ ਸਾਹਿਬ' ਜੀ ਦੀਆਂ ਧਾਰਮਿਕ ਤੇ ਅਧਿਆਤਮਕ ਸੇਧਾਂ ਤੋਂ ਇਲਾਵਾ ਸਮਾਜਿਕ ਜੀਵਨ ਦੇ ਬਹੁਤ ਸਾਰੇ ਪੱਖਾਂ ਦੀਆਂ ਸੱਚਾਈਆਂ ਬਾਰੇ ਵੀ ਇਸ ਤੋਂ ਸੇਧ ਮਿਲਦੀ ਹੈ, ਜੋ ਅੱਜ ਦੇ ਸਮੇਂ ਵੀ ਪੂਰੀ ਢੁੱਕਦੀ ਹੈ। ਇਸ ਪਦਾਰਥਕ ਯੁੱਗ ਵਿੱਚ ਜਿੱਥੇ ਲੋਕ ਪੈਸੇ ਦੀ ਦੌੜ ਵਿੱਚ ਲੱਗੇ ਹੋਏ ਹਨ, ਨਿੱਕੀ-ਨਿੱਕੀ ਗੱਲ ਤੇ ਸ਼ਹਿਨਸ਼ੀਲਤਾ ਗੁਆ ਬਹਿੰਦੇ ਹਨ, ਉੱਥੇ ਜੇਕਰ ਜ਼ਿੰਦਗੀ ਦੇ ਕੁਝ ਪਲ ਇਸ ਪਵਿੱਤਰ ਬਾਣੀ ਦੇ ਲੇਖੇ ਲਾਉਣ ਤਾਂ ਕੁਝ ਸਕੂਨ ਹਾਸਲ ਕਰ ਸਕਦੇ ਹਨ।

ਇਸ ਉਦੇਸ਼ ਨੂੰ ਮੁੱਖ ਰੱਖ ਕੇ ਮੈਂ ਗੁਰੂ ਹਰ ਰਾਇ ਅਤੇ ਹਰ ਕ੍ਰਿਸ਼ਨ ਸਾਹਿਬ ਜੀ ਦੀ ਸਿੱਖ ਧਰਮ ਨੂੰ ਦੇਣ ਦੇ ਨਾਲ ਬਾਕੀ ਸਿੱਖ ਗੁਰੂਆਂ ਬਾਰੇ ਵੀ ਲਿਖਣ ਦਾ ਮਨ ਬਣਾਇਆ ਬੇਸ਼ੱਕ ਬਾਕੀ ਸਿੱਖ ਗੁਰੂਆਂ ਬਾਰੇ ਮਹਾਨ ਵਿਦਵਾਨਾਂ ਨੇ ਬਹੁਤ ਕੁਝ ਲਿਖ ਕੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਤੇ ਭਰਪੂਰ ਰੌਸ਼ਨੀ ਪਾਈ ਹੋਈ ਹੈ। ਮੈਂ ਵੀ ਕੁੱਝ ਤੱਥ ਲਿਖ ਕੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਗੁਰੂਆਂ ਨੇ ਸਾਡੇ ਸਾਹਮਣੇ ਅਜਿਹੇ ਧਰਮ ਦੀ ਸਥਾਪਨਾ ਕੀਤੀ ਹੈ ਜਿਸ 'ਤੇ ਚੱਲ ਕੇ ਮਨੁੱਖ ਇਸ ਧਰਤੀ 'ਤੇ ਆਪਣਾ ਪੰਧ ਸੁਖੇਰਾ ਕਰ ਸਕਦਾ ਹੈ। ਖੋਖਲੇ ਰੀਤੀ ਰਿਵਾਜਾਂ ਤੇ ਕਰਮ-ਕਾਂਡਾ ਤੋਂ ਬਚ ਸਕਦਾ ਹੈ, ਅੱਜ ਦੀ ਕਾਹਲੀ ਤੇ ਭੱਜ ਦੌੜ ਦੀ ਜ਼ਿੰਦਗੀ ਵਿੱਚ ਵੀ ਸਾਵੀਂ ਪੱਧਰੀ ਜ਼ਿੰਦਗੀ ਜਿਉਂ ਸਕਦਾ ਹੈ। ਮਨਮੁਖ ਨਾ ਹੋ ਕੇ ਗੁਰਮੁਖ ਬਣ ਸਕਦਾ ਹੈ। ਆਪਣੀ ਜ਼ਿੰਦਗੀ ਰੌਸ਼ਨ ਕਰ ਸਕਦਾ ਹੈ। ਰੌਸ਼ਨ ਦਿਮਾਗ ਆਦਮੀ ਵਧੀਆ ਸਮਾਜ ਦੀ ਸਿਰਜਣਾ ਕਰਦਾ ਹੈ ਤੇ ਵਧੀਆ ਸਮਾਜ ਧਰਤੀ ਨੂੰ ਸਵਰਗ ਬਣਾ ਸਕਦਾ ਹੈ। ਮੇਰੀ ਇਸ ਕੋਸ਼ਿਸ਼ ਵਿੱਚ ਮੇਰੇ ਪਤੀ ਸ. ਸੁਰਿੰਦਰ ਸਿੰਘ ਨੇ ਮੇਰਾ ਬੜਾ ਸਾਥ ਦਿੱਤਾ ਹੈ। ਉਹਨਾਂ ਦੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਉਹਨਾਂ ਦੀ ਮਦਦ ਨਾਲ ਹੀ ਇਹ ਕਿਤਾਬ ਛਪ ਸਕੀ ਹੈ। ਮੇਰੇ ਬੱਚਿਆਂ ਹਰਜੀਤ ਸਿੰਘ ਤੇ ਨਵਜੋਤਪਾਲ ਸਿੰਘ ਦੀ ਹੱਲਾ ਸ਼ੇਰੀ ਨੇ ਮੇਰਾ ਹੌਂਸਲਾ ਵਧਾਇਆ।

ਗੁਰਸ਼ਰਨ ਕੌਰ।
26-9-2019

10