ਪੰਨਾ:ਸਿੱਖ ਗੁਰੂ ਸਾਹਿਬਾਨ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੱਖ ਧਰਮ

ਸਿੱਖ ਧਰਮ ਅਜੋਕਾ ਅਤੇ ਦੂਸਰੇ ਧਰਮਾਂ ਤੋਂ ਅਲੱਗ ਕਿਸਮ ਦਾ ਧਰਮ ਹੈ, ਜੋ ਗੁਰੂ ਗਰੰਥ ਸਾਹਿਬ ਵਿੱਚ ਸੰਕਲਿਤ ਸਿੱਖਿਆਵਾਂ 'ਤੇ ਅਧਾਰਿਤ ਹੈ। ਦੇਖਿਆ ਗਿਆ ਹੈ ਕਿ ਸਿੱਖ ਧਰਮ ਜ਼ਿੰਦਗੀ ਜਿਊਣ ਦਾ ਰਸਤਾ ਦਿਖਾਉਂਦਾ ਹੈ, ਜ਼ਿੰਦਗੀ ਦੇ ਮਾਅਨੇ ਸਮਝਾਉਦਾਂ ਹੈ, ਸਚਾਈ ਦੇ ਰੂਬਰੂ ਕਰਦਾ ਹੈ ਅਤੇ ਸਧਾਰਣ ਲੋਕਾਂ ਲਈ ਸੁਨੇਹਾ ਵੀ ਦਿੰਦਾ ਹੈ। ਇਹ ਹਿੰਦੂ ਧਰਮ ਤੇ ਇਸਲਾਮ ਤੋਂ ਵੱਖਰਾ ਧਰਮ ਹੈ। ਇਹ ਲੋਕਾਂ ਦਾ ਧਰਮ ਹੈ- ਜਿਸ ਵਿੱਚ ਊਚ-ਨੀਚ, ਭੇਦ-ਭਾਵ, ਆਦਮੀ-ਇਸਤਰੀ, ਜਾਤ-ਪਾਤ ਦੀ ਕੋਈ ਥਾਂ ਨਹੀਂ ਹੈ। ਇਸ ਧਰਮ ਵਿੱਚ ਪ੍ਰਮਾਤਮਾ ਦੀ ਸਰਵਉੱਚਤਾ ਦਾ ਗੁਣਗਾਣ ਕੀਤਾ ਗਿਆ ਹੈ, ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਗਿਆ ਹੈ, ਭਾਈਚਾਰੇ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ-

'ਨਾ ਕੋ ਹਿੰਦੂ ਨਾ ਮੁਸਲਮਾਨ, ਅਲਹਿ ਰਾਮ ਕੇ ਪਿੰਡ ਪੁਰਾਨ'।।

ਇਹ ਇੱਕ ਨਵਾਂ ਧਰਮ ਹੈ ਜਿਸਦੀਆਂ ਅਲੱਗ-ਅਲੱਗ ਰਸਮਾਂ, ਅਲੱਗ- ਅਲੱਗ ਅਵਸਰਾਂ 'ਤੇ ਨਿਭਾਈਆਂ ਜਾਂਦੀਆਂ ਹਨ। ਇਸ ਧਰਮ ਨੇ ਵੱਖ-ਵੱਖ ਪੜਾਵਾਂ ਵਿੱਚੋਂ ਗੁਜ਼ਰ ਕੇ, ਵਿਕਸਿਤ ਹੋ ਕੇ, ਖਾਸ ਕਿਸਮ ਦੀ ਸੋਚ ਤੇ ਦਾਰਸ਼ਕਿਤਾ ਆਪਣਾ ਲਈ ਹੈ ਜਿਸ 'ਤੇ ਅਮਲ ਕਰਕੇ ਸਿੱਖ ਅਧਿਆਤਮਕਵਾਦ ਨੂੰ ਸਮਝਿਆ ਤੇ ਪਰਖਿਆ ਜਾ ਸਕਦਾ ਹੈ। ਇਸਦੀ ਸੋਚ ਦਾ ਅਧਾਰ ਗੁਰੂ ਤੇ ਸਿੱਖ ਦੀ ਪਰੰਪਰਾ ਹੈ। ਗੁਰੂ ਦੇ ਰਾਹੀਂ ਹੀ ਸੱਚੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸੱਚਾ ਗੁਰੂ ਆਪਣੀ ਪੂਰੀ ਵਾਹ ਲਾ ਕੇ ਆਪਣੇ ਚੇਲੇ ਦੀ ਜ਼ਿੰਦਗੀ ਵਿੱਚ ਪੂਰਨਤਾ ਲਿਆਉਂਦਾ ਹੈ। ਚੇਲਾ ਸੱਚਾਈ ਦੇ ਮਾਰਗ 'ਤੇ ਚੱਲਦਾ ਹੋਇਆ ਅਧਿਆਤਮਕਵਾਦ ਵੱਲ ਵਧਦਾ ਹੈ ਅਤੇ ਪ੍ਰਮਾਤਮਾ ਨਾਲ ਉਸਦਾ ਮੇਲ ਹੁੰਦਾ ਹੈ। ਇੱਥੇ ਆ ਕੇ ਸਾਰੇ ਭੇਦ-ਭਾਵ ਮਿਟ ਜਾਂਦੇ ਹਨ ਤੇ ਮਨ ਸ਼ਾਂਤ ਹੋ ਜਾਂਦਾ ਹੈ। ਇਹ ਪਰਮ-ਅਨੰਦ ਦੀ ਸਥਿਤੀ ਕਹੀ ਗਈ ਹੈ।

ਸਿੱਖ ਧਰਮ ਵਿੱਚ 'ਪ੍ਰਮਾਤਮਾ ਇੱਕ ਹੈ' ਮੰਨਿਆ ਗਿਆ ਹੈ। ਉਹੀ ਸਾਰੇ ਸੰਸਾਰ ਦੀ ਤਾਕਤ ਦਾ ਸੋਮਾ ਹੈ ਅਤੇ ਪ੍ਰਮਾਤਮਾ ਤੋਂ ਬਿਨਾਂ ਮਨੁੱਖ ਕੁਝ ਵੀ ਨਹੀਂ ਹੈ। ਉਹ ਜਲ-ਥਲ, ਜੀਵ-ਜੰਤੂ ਸਭ ਦਾ ਸਿਰਜਣਹਾਰ ਹੈ ਅਤੇ ਪਾਲਣਹਾਰ ਹੈ।

12