ਪੰਨਾ:ਸਿੱਖ ਗੁਰੂ ਸਾਹਿਬਾਨ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਘਰੇਟਾ ਸਿੱਖ ਭਾਈ ਜੈਤਾ ਨੇ ਅਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਦਾ ਸੀਸ ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਰਾਏ ਨੂੰ ਸੌਂਪਿਆ ਅਤੇ ਉਹਨਾਂ ਨੇ ਅਦਬ ਪੂਰਬਕ ਸੀਸ ਗੋਦ ਵਿੱਚ ਲੈ ਕੇ ਉਸ ਦਾ ਸਸਕਾਰ ਕਰ ਦਿੱਤਾ। ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਸਿੱਖ ਮੁਗਲਾਂ ਤੋਂ ਬਦਲਾ ਲੈਣ ਦੀਆਂ ਯੋਜਨਾਵਾਂ ਬਣਾਉਣ ਲੱਗੇ। ਗੁਰੂ ਗੋਬਿੰਦ ਰਾਏ ਨੇ ਇਸ ਸਮੇਂ ਕਿਹਾ-

'ਤੇਗ ਬਹਾਦਰ ਕੇ ਚਲਤ ਭਇਓ ਜਗਤ ਮੇ ਸ਼ੋਕ
ਹਾਇ ਹਾਇ ਹਾਇ ਸਭ ਜਗ ਭਇਓ ਜੈ ਜੈ ਜੈ ਗੁਰ ਲੋਕ॥'
('ਬਚਿੱਤਰ ਨਾਟਕ')

ਸੰਸਾਰ ਵਿੱਚ ਅਨੇਕਾਂ ਲੋਕ ਹੋਣਗੇ ਜਿਹਨਾਂ ਨੇ ਆਪਣੇ ਧਰਮ ਪਿੱਛੇ ਕੁਰਬਾਨੀ ਕੀਤੀ ਹੋਵੇ ਪਰ ਗੁਰੂ ਤੇਗ ਬਹਾਦਰ ਇਕੱਲੇ ਅਜਿਹੇ ਗੁਰੂ ਸਨ ਜਿਹਨਾਂ ਨੇ ਦੂਸਰੇ ਧਰਮ ਦੀ ਖਾਤਰ ਜਾਨ ਵਾਰੀ। ਉਹ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਇਨਸਾਨ ਸਨ ਅਤੇ ਉਹਨਾਂ ਦਾ ਵਿਚਾਰ ਸੀ ਕਿ ਇਸ ਸੰਸਾਰ ਵਿੱਚ ਕੁੱਝ ਵੀ ਸਥਿਰ ਨਹੀਂ ਸਭ ਚੱਲਣਹਾਰ ਹੈ, ਸਿਰਫ ਰੱਬ ਦਾ ਨਾਮ ਹੀ ਅਟੱਲ ਹੈ, ਇਸ ਦਾ ਜਾਪ ਕਰੋ ਤੇ ਸੰਸਾਰ ਦੇ ਦੁੱਖਾਂ ਤੋਂ ਛੁਟਕਾਰਾ ਪਾਓ। ਸਰੀਰ ਨਾਸ਼ਵਾਨ ਹੈ। ਬੇਸ਼ੱਕ ਗੁਰੂ ਤੇਗ ਬਹਾਦਰ ਜੀ ਤੇਗ ਦੇ ਧਨੀ ਸਨ। ਉਹਨਾਂ ਨੇ ਕਰਤਾਰਪੁਰ ਦੀ ਲੜਾਈ ਵਿੱਚ ਤੇਗ ਦੇ ਜੌਹਰ ਦਿਖਾਏ ਸਨ, ਜਿਸ ਕਰਕੇ ਉਹਨਾਂ ਦਾ ਨਾਂ ਤੇਗ ਮੱਲ ਤੋਂ ਬਦਲ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਤੇਗ ਬਹਾਦਰ ਰੱਖ ਦਿੱਤਾ ਸੀ। ਪਰ ਫਿਰ ਵੀ ਉਹ ਮਸਲਿਆਂ ਨੂੰ ਸ਼ਾਂਤੀਪੂਰਣ ਢੰਗ ਨਾਲ ਨਿਬੇੜਨ ਨੂੰ ਤਰਜੀਹ ਦਿੰਦੇ ਸੀ। ਉਹਨਾਂ ਨੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਨਾਲ ਗਰੀਬਾਂ ਦੀ ਮਦਦ ਕਰਨ, ਜਰੂਰਤਮੰਦ ਦੀ ਲੋੜ ਪੂਰੀ ਕਰਨ, ਮਿੱਠਾ ਬੋਲਣ ਅਤੇ ਸ਼ਾਂਤੀ ਰੱਖਣ ਲਈ ਵੀ ਨਸੀਹਤ ਦਿੱਤੀ।

ਗੁਰੂ ਤੇਗ ਬਹਾਦਰ ਜੀ ਉੱਚ ਕੋਟੀ ਦੇ ਕਵੀ ਸਨ। ਉਹਨਾਂ ਦੇ 115 ਸ਼ਲੋਕ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ ਜੋ 1705 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਲ ਕੀਤੇ ਸਨ। ਇਹ ਸ਼ਲੋਕ ਦੁੱਖ ਦੇ ਸਮੇਂ ਆਦਮੀ ਨੂੰ ਵੱਡੀ ਰਾਹਤ ਦਿੰਦੇ ਹਨ। ਗੁਰੂ ਤੇਗ ਬਹਾਦਰ ਜੀ ਨੂੰ 'ਹਿੰਦ ਦੀ ਚਾਦਰ' ਦੇ ਨੂੰ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਦੀ ਸ਼ਹਾਦਤ ਦਾ ਸਿਧਾਂਤ ਤੇ ਪਰੰਪਰਾ ਸਿੱਖ ਧਰਮ ਦੀ ਨਿਵੇਕਲੀ ਪਹਿਚਾਣ ਬਣ ਗਈ ਹੈ। ਉਹਨਾਂ ਨੇ ਕੌਮ ਲਈ ਕੁਰਬਾਨੀ ਦੇ ਕੇ ਅਕਾਲ ਪੁਰਖ ਦੇ ਨੇੜੇ ਹੋਣ ਦਾ ਮੁਕਾਮ ਹਾਸਲ ਕੀਤਾ। ਇਹ ਸ਼ਹਾਦਤ ਧਾਰਮਕ ਨਿਆਂ ਲਈ ਸੀ ਮਾਨਵੀ ਕਦਰਾਂ ਕੀਮਤਾਂ ਅਤੇ ਜ਼ਮੀਰ ਦੀ ਅਜ਼ਾਦੀ ਲਈ ਸੀ, ਇਹ ਇੱਕ ਯੁੱਗ ਪਲਟਾਊ ਘਟਨਾ ਸੀ ਜੋ ਮੁਗਲ ਬਾਦਸ਼ਾਹ ਦੇ ਅੱਤਿਆਚਾਰ ਨੂੰ ਚੁੱਪ ਚਾਪ ਸਹਿਣ ਕਰ ਰਹੀ ਲੋਕਾਈ ਲਈ ਰਾਹ ਦਿਖਾਊ ਸੀ ਅਤੇ ਇੱਕ ਅਦੁੱਤੀ ਸਾਕਾ

132