ਪੰਨਾ:ਸਿੱਖ ਗੁਰੂ ਸਾਹਿਬਾਨ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਏ ਦੇ ਸ਼ਬਦਾਂ ਵਿੱਚ ਸਿਆਣਿਆਂ ਜਿਹੀ ਦ੍ਰਿੜਤਾ ਤੇ ਪਕਿਆਈ ਦਿਸੀ। ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਔਰੰਗਜੇਬ ਨੂੰ ਜਾ ਕੇ ਕਹੋ ਕਿ ਉਹ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਵੇ ਫਿਰ ਉਹ ਵੀ ਮੁਸਲਮਾਨ ਬਣਨ ਲਈ ਰਾਜ਼ੀ ਹੋ ਜਾਣਗੇ।

ਗੁਰੂ ਤੇਗ ਬਹਾਦਰ ਜੀ ਨੇ ਪੰਜ ਸਿੱਖਾਂ ਖਾਸ ਕਰਕੇ ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਆਦਿ ਨਾਲ ਦਿੱਲੀ ਨੂੰ ਚਾਲੇ ਪਾ ਦਿੱਤੇ। ਗੁਰੂ ਜੀ ਨੂੰ ਪਤਾ ਲੱਗ ਗਿਆ ਸੀ ਕਿ ਉਹ ਜਿਉਂਦੇ ਜੀ ਵਾਪਸ ਨਹੀਂ ਆ ਸਕਣਗੇ। ਇਸ ਲਈ ਤੁਰਨ ਤੋਂ ਪਹਿਲਾਂ ਗੁਰਗੱਦੀ ਬਾਲ ਗੋਬਿੰਦ ਰਾਏ ਨੂੰ ਸੌਂਪ ਦਿੱਤੀ ਸੀ, ਜਿਹਨਾਂ ਦੀ ਉਮਰ ਉਸ ਸਮੇਂ ਸਿਰਫ ਨੌਂ ਸਾਲ ਸੀ। ਰੋਪੜ ਦੇ ਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਸਰਕਾਰ ਦੇ ਕਰਮਚਾਰੀਆਂ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਦਿੱਲੀ ਲਿਜਾ ਕੇ ਔਰੰਗਜੇਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਔਰੰਗਜੇਬ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਜਾਂ ਧਰਮ ਬਦਲਣਾ ਕਬੂਲ ਕਰਨ ਜਾਂ ਮੌਤ। ਗੁਰੂ ਜੀ ਨੇ ਮੌਤ ਨੂੰ ਚੁਣਿਆ। ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੀ ਅੱਖਾਂ ਸਾਹਮਣੇ ਤਸੀਹੇ ਦੇ ਕੇ ਮਾਰਿਆ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਨੂੰ ਦੇਗ ਵਿੱਚ ਉਬਾਲਿਆ ਗਿਆ ਅਤੇ ਭਾਈ ਸਤੀ ਦਾਸ ਨੂੰ ਉਹਦੇ ਸਰੀਰ ਦੁਆਲੇ ਰੂੰ ਬੰਨ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ। ਪਰ ਉਹਨਾਂ ਗੁਰੂ ਦੇ ਸਿੱਖਾਂ ਨੇ ਸੀ ਨਾ ਕੀਤੀ ਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ।

ਹੁਣ ਗੁਰੂ ਜੀ ਦੀ ਵਾਰੀ ਸੀ। ਜੱਲਾਦ ਜਲਾਲੂਦੀਨ ਨੇ ਤਲਵਾਰ ਨਾਲ ਗੁਰੂ ਜੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਇਹ ਗਿਆਰਾਂ ਨਵੰਬਰ 1675 ਈ. ਦਿਨ ਸੀ। ਇਸ ਸਮੇਂ ਬਹੁਤ ਸਾਰੇ ਲੋਕਾਂ ਦਾ ਇਕੱਠ ਸੀ। ਦਿੱਲੀ ਦੇ ਚਾਂਦਨੀ ਚੌਂਕ ਨਾਮਕ ਸਥਾਨ 'ਤੇ ਇਹ ਦਿੱਲ ਕੰਬਾਊ ਹੱਤਿਆਵਾਂ ਕੀਤੀਆਂ ਗਈਆਂ। ਗੁਰੂ ਜੀ ਕੋਲੋ ਇਕ ਪਰਚੀ ਮਿਲੀ ਜਿਸ 'ਤੇ ਲਿਖਿਆ ਸੀ, "ਸੀਸ ਦੀਆ ਪਰੁ ਸਿਰਰੁ ਨਾ ਦੀਆ"। ਇਸਦਾ ਮਤਲਬ ਸੀ ਕਿ ਆਪਣਾ ਸਿਰ ਦੇ ਦਿੱਤਾ ਪਰ ਧਰਮ ਨਹੀਂ ਛੱਡਿਆ। ਇਸ ਸਮੇਂ ਭਾਈ ਜੈਤਾ ਸੀ ਨੇ, ਜੋ ਗੁਰੂ ਘਰ ਦਾ ਅਨਿਨ ਸਿੱਖ ਸੀ, ਕਾਹਲੀ ਨਾਲ ਗੁਰੂ ਤੇਗ ਬਹਾਦਰ ਦਾ ਸੀਸ ਉਠਾਇਆ ਤੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਭਾਈ ਲੱਖੀ ਸ਼ਾਹ ਵਣਜਾਰਾ ਨੇ ਬਾਕੀ ਸਰੀਰ ਨੂੰ ਚੁੱਕ ਕੇ ਆਪਣੇ ਗੱਡਿਆਂ ਵਿੱਚ ਰੱਖੇ ਮਾਲ ਵਿੱਚ ਛੁਪਾ ਦਿੱਤਾ। ਸ਼ਹਿਰ ਤੋਂ ਬਾਹਰਵਾਰ ਆ ਕਿ ਉਸਨੇ ਆਪਣੀ ਝੌਂਪੜੀ ਵਿੱਚ ਰੱਖ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕਰ ਦਿੱਤਾ ਜਿਸ ਵਿੱਚ ਝੌਂਪੜੀ ਨੂੰ ਵੀ ਅੱਗ ਲਾਉਣੀ ਪਈ। ਜਿਸ ਥਾਂ 'ਤੇ ਗੁਰੂ ਜੀ ਦੀ ਸ਼ਹੀਦੀ ਹੋਈ ਉਥੇ ਅੱਜ ਗੁਰਦੁਆਰਾ ਸੀਸ ਗੰਜ ਹੈ ਅਤੇ ਜਿੱਥੇ ਉਹਨਾਂ ਦੇ ਧੜ ਦਾ ਸਸਕਾਰ ਕੀਤਾ ਗਿਆ ਉੱਥੇ "ਰਕਾਬ ਗੰਜ" ਗੁਰੂਦੁਆਰਾ ਸਾਹਿਬ ਹੈ।

131