ਪੰਨਾ:ਸਿੱਖ ਗੁਰੂ ਸਾਹਿਬਾਨ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ॥
ਇਹ ਜਨੇਊ ਜੀਅ ਕਾ, ਹਈ ਤਾਂ ਪਾਂਡੇ ਘਤੁ॥
ਨਾਂ ਇਹ ਤੁਟੈ ਨਾ ਮਲ ਲਾਗੇ ਨਾ ਇਹ ਜਲੈ ਨਾ ਜਾਇ॥
ਧੰਨ ਸੁ ਮਾਨਸ ਨਾਨਕਾ ਜੋ ਗਲ ਚਲੈ ਪਾਇ।।'
ਗ. ਗ. ਸ ਰਾਗ ਆਸਾ

ਜਿਉਂ-ਜਿਉਂ ਨਾਨਕ ਵੱਡੇ ਹੋ ਰਹੇ ਸਨ ਉਹ ਹਿੰਦੂ ਸੰਤਾਂ ਅਤੇ ਮੁਸਲਿਮ ਦਰਵੇਸ਼ਾਂ ਦਾ ਸਾਥ ਮਾਣਦੇ। ਉਹਨਾਂ ਨਾਲ ਸੰਵਾਦ ਰਚਾਉਂਦੇ ਅਤੇ ਆਪਣੀ ਜਗਿਆਸਾ ਨੂੰ ਤ੍ਰਿਪਤ ਕਰਦੇ। ਮਹਿਤਾ ਕਾਲੂ ਨੇ ਉਹਨਾਂ ਨੂੰ ਕਈ ਕੰਮ ਜਿਵੇਂ ਪਸ਼ੂ ਚਰਾਉਣਾ ਆਦਿ ਤੇ ਲਾਇਆ। ਉਹ ਪਸ਼ੂਆਂ ਨੂੰ ਚਰਦਿਆਂ ਛੱਡ ਆਪ ਪ੍ਰਭੂ-ਭਗਤੀ ਵਿੱਚ ਲੀਨ ਹੋ ਜਾਂਦੇ। ਪਸ਼ੂ ਲੋਕਾਂ ਦੇ ਖੇਤਾਂ ਦਾ ਨੁਕਸਾਨ ਕਰਦੇ ਤੇ ਪਿਤਾ ਨੂੰ ਉਲਾਂਭੇ ਸੁਣਨੇ ਪੈਂਦੇ। ਬਾਬਾ ਨਾਨਕ ਸਧਾਰਨ ਆਦਮੀ ਨਹੀਂ ਸਨ। ਉਹ ਤਾਂ ਸੰਸਾਰ ਨੂੰ ਤਾਰਨ ਲਈ ਰਹਿਬਰ ਬਣ ਕੇ ਆਏ ਸਨ। ਉਹਨਾਂ ਦੀ ਭੈਣ ਬੀਬੀ ਨਾਨਕੀ ਅਤੇ ਰਾਏ ਬੁਲਾਰ ਬਾਬਾ ਨਾਨਕ ਦੇ ਚੋਜਾਂ ਦੇ ਕਾਇਲ ਸਨ ਅਤੇ ਹਮੇਸ਼ਾ ਮਹਿਤਾ ਕਾਲੂ ਨੂੰ ਸਮਝਾਉਂਦੇ ਸਨ ਕਿ ਨਾਨਕ ਕਿਸੇ ਖਾਸ ਮਿਸ਼ਨ ਲਈ ਸੰਸਾਰ 'ਤੇ ਆਏ ਸਨ।

19 ਸਾਲ ਦੀ ਉਮਰ ਵਿੱਚ ਨਾਨਕ ਦੇਵ ਦਾ ਵਿਆਹ ਮਾਤਾ ਸੁਲੱਖਣੀ ਨਾਲ ਕਰ ਦਿੱਤਾ ਗਿਆ। ਸੁਲੱਖਣੀ ਬਟਾਲੇ ਦੇ ਰਹਿਣ ਵਾਲੇ ਲਾਲਾ ਮੂਲ ਚੰਦ ਦੀ ਧੀ ਸਨ। ਉਹਨਾਂ ਦੇ ਘਰ ਦੋ ਬੇਟੇ ਪੈਦਾ ਹੋਏ ਸਿਰੀ ਚੰਦ ਅਤੇ ਲਖਮੀ ਦਾਸ। ਇਕ ਦਿਨ ਪਿਤਾ ਮਹਿਤਾ ਕਾਲੂ ਨੇ ਨਾਨਕ ਦੇਵ ਨੂੰ ਕੁੱਝ ਰੁਪਏ ਦਿੱਤੇ ਤੇ ਭਾਈ ਬਾਲਾ ਨੂੰ ਉਹਨਾਂ ਨਾਲ ਸ਼ਹਿਰ ਵਿੱਚ ਕੋਈ ਲਾਹੇਵੰਦਾ ਵਪਾਰ ਕਰਨ ਲਈ ਭੇਜਿਆ ਤਾਂ

ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਰਸਤੇ ਵਿੱਚ ਉਹਨਾਂ ਨੂੰ ਕੁੱਝ ਭੁੱਖੇ ਸਾਧੂ ਮਿਲੇ ਤੇ ਉਹਨਾਂ ਨੂੰ ਭੋਜਨ ਕਰਾਉਣਾ ਗੁਰੂ ਨਾਨਕ ਦੇਵ ਜੀ ਨੂੰ ਲਾਹੇਵੰਦਾ ਸੌਦਾ ਪ੍ਰਤੀਤ ਹੋਇਆ। ਗੁਰੂ ਜੀ ਨੇ ਉਹਨਾਂ ਰੁਪਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਇਤਿਹਾਸ ਵਿੱਚ ਇਸ ਘਟਨਾ ਨੂੰ 'ਸੱਚਾ ਸੌਦਾ' ਕਿਹਾ ਜਾਂਦਾ ਹੈ। ਖਾਲੀ ਹੱਥ ਘਰ ਆਉਣ ਤੋਂ ਪਿਤਾ ਜੀ ਬਹੁਤ ਨਾਰਾਜ਼ ਹੋਏ। ਮਹਿਤਾ ਕਾਲੂ ਨੇ ਗੁਰੂ ਜੀ ਨੂੰ ਸੁਲਤਾਨਪੁਰ ਉਹਨਾਂ ਦੀ ਭੈਣ ਬੇਬੇ ਨਾਨਕੀ ਕੋਲ ਭੇਜ ਦਿੱਤਾ। ਜਿੱਥੇ ਬੇਬੇ ਨਾਨਕੀ ਦੇ ਪਤੀ ਜੈ ਰਾਮ ਨੇ ਗੁਰੂ ਜੀ ਨੂੰ ਮੋਦੀਖਾਨੇ ਵਿੱਚ ਨੌਕਰੀ ਦੁਆ ਦਿੱਤੀ। ਇੱਥੇ ਉਹਨਾਂ ਨੇ ਦੋ ਸਾਲ ਨੌਕਰੀ ਕੀਤੀ। ਉਹਨਾਂ ਦੇ ਨਾਲ ਭਾਈ ਮਰਦਾਨਾ ਵੀ ਸਨ। ਭਾਈ ਮਰਦਾਨਾ ਰਬਾਬ ਵਜਾਉਂਦਾ ਤੇ ਬਾਬਾ ਨਾਨਕ ਵਜਦ ਵਿੱਚ ਆ ਕੇ ਸ਼ਬਦ ਗਾਇਨ ਕਰਦੇ। ਇੱਥੇ ਵੇਂਈ ਵਿੱਚ ਇਸ਼ਨਾਨ

21