ਪੰਨਾ:ਸਿੱਖ ਗੁਰੂ ਸਾਹਿਬਾਨ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸ਼ਬਦ ਅੱਜ ਵੀ ਬਿਲਕੁਲ ਢੁਕਵਾਂ ਹੈ। ਸਾਡੇ ਸਮਾਜ ਵਿੱਚ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦੇਣਾ, ਬਾਲੜੀਆਂ ਦੀਆਂ ਜ਼ਿੰਦਗੀ ਨੂੰ ਹਰ ਸਮੇਂ ਖ਼ਤਰਾ, ਦਾਜ ਵਰਗੀਆਂ ਲਾਹਨਤਾਂ ਅੱਜ ਵੀ ਔਰਤ ਜਾਤੀ ਨੂੰ ਦਰਪੇਸ਼ ਹਨ।

ਬਾਬੇ ਨਾਨਕ ਦੇ 'ਪ੍ਰਮਾਤਮਾ ਇੱਕ ਹੈ' ਦੇ ਸਿਧਾਂਤ ਨੂੰ ਅੱਜ ਵੀ ਸੰਸਾਰ ਵਿੱਚ ਫੈਲਾਉਣ ਦੀ ਲੋੜ ਹੈ। ਸਾਡੇ ਆਪਣੇ ਸਮਾਜ ਵਿੱਚ ਅਨੇਕਾਂ ਹੀ ਰੱਬ ਬਣੇ ਫਿਰਦੇ ਹਨ ਜੋ ਭੋਲੇ-ਭਾਲੇ ਲੋਕਾਂ ਨੂੰ ਮਗਰ ਲਾ ਕੇ ਕੂੜ ਪ੍ਰਚਾਰ ਕਰ ਰਹੇ ਹਨ। ਬਾਬੇ ਨਾਨਕ ਨੇ ਕਿਹਾ ਸੀ-

'ਕਲਯੁੱਗ ਰੱਥ ਅਗਨ ਦਾ ਕੂੜ ਅੱਗੇ ਰਥਵਾਹ॥'

ਲੋਕਾਂ ਨੂੰ ਕੂੜ, ਝੂਠ, ਫਰੇਬ ਤੋਂ ਬਚ ਕੇ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ ਸੀ। ਗੁਰੂ ਜੀ ਨੇ ਜੀਵਨ ਦੀਆਂ ਨਿਆਮਤਾਂ, ਹਵਾ, ਪਾਣੀ ਤੇ ਧਰਤੀ ਨੂੰ ਅਤਿ ਮਹੱਤਵਪੂਰਨ ਕਿਹਾ ਹੈ-

'ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤੁ ਮਹੱਤ'

ਇਹ ਵਾਕ ਅੱਜ ਸਮੇਂ ਦੀ ਡਾਢੀ ਲੋੜ ਹੈ। ਅੱਜ ਮਨੁੱਖ ਨੇ ਹਵਾ, ਪਾਣੀ ਤੇ ਧਰਤੀ ਨੂੰ ਪਲੀਤ ਕਰ ਦਿੱਤਾ ਹੈ। ਇਹਨਾਂ ਤਿੰਨਾਂ ਨੂੰ ਬਚਾ ਕੇ ਰੱਖਣ ਦੀ ਡਾਢੀ ਲੋੜ ਹੈ।

ਗੁਰੂ ਨਾਨਕ ਦੇਵ ਜੀ ਦਾ ਜੀਵਨ ਮਨੁੱਖਤਾ ਦੀ ਭਲਾਈ ਲਈ ਗੁਜ਼ਰਿਆ। ਉਹਨਾਂ ਨੇ ਹਿੰਦੂ, ਮੁਸਲਮਾਨ ਏਕਤਾ, ਭਾਈਚਾਰਾ, ਪ੍ਰੇਮ-ਭਾਵਨਾ, ਨਿਮਰਤਾ ਤੇ ਜ਼ੋਰ ਦਿੱਤਾ। ਉਸ ਸਮੇਂ ਦੇ ਪ੍ਰਮੁੱਖ ਭਾਈਚਾਰੇ ਹਿੰਦੂ ਤੇ ਮੁਸਲਮਾਨ ਦੋਨੋਂ ਹੀ ਉਹਨਾਂ ਨੂੰ ਆਪਣਾ ਗੁਰੂ ਸਮਝਦੇ ਸਨ।

'ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ॥'

ਅੱਜ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆਗਮਨ ਦਿਵਸ ਮਨਾਉਣ ਜਾ ਰਹੇ ਹਾਂ ਤਾਂ ਸਾਨੂੰ ਸਭ ਨੂੰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਤੇ ਵੀ ਪਹਿਰਾ ਦੇਣ ਦੀ ਲੋੜ ਹੈ। ਸਾਨੂੰ ਸਾਦਾ ਸਮਾਗਮਾਂ ਵਿੱਚ ਗੁਰੂ ਜੀ ਦੇ ਪਾਏ ਪੂਰਨਿਆਂ 'ਤੇ ਵਿਚਾਰ ਚਰਚਾ ਕਰਨ ਦੀ ਲੋੜ ਹੈ, ਜਿਨਾ ਤੇ ਚੱਲ ਕੇ ਇਹ ਸੰਸਾਰ ਸੁਧਰ ਸਕਦਾ ਹੈ। ਗੁਰੂ ਜੀ ਨੇ ਆਪਣਾ ਜੀਵਨ ਸਾਦਗੀ ਵਿੱਚ ਗੁਜ਼ਾਰਿਆ ਪਰ ਆਦਰਸ਼ ਉੱਚੇ ਰੱਖੇ। ਪੈਦਲ ਯਾਤਰਾ ਕਰ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ। 550 ਸਾਲਾਂ ਸਮਾਰੋਹਾਂ 'ਤੇ ਅਸੀਂ ਪਾਣੀ ਵਾਂਗ ਪੈਸਾ ਨਾ ਵਹਾ ਕੇ ਗੁਰੂ ਜੀ ਦੁਆਰਾ ਰੱਖੇ ਆਦਰਸ਼ਾਂ 'ਤੇ ਪੂਰਾ ਉਤਰਨ ਦਾ ਯਤਨ ਕਰੀਏ। ਇਹੀ ਉਸ ਮਹਾਂਪੁਰਸ਼ ਦੀ ਸੱਚੀ ਬੰਦਗੀ ਹੋਵੇਗੀ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

25