ਪੰਨਾ:ਸਿੱਖ ਗੁਰੂ ਸਾਹਿਬਾਨ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਸ਼ਾ ਵਿੱਚ ਸਨ। ਉਸ ਸਮੇਂ ਪੰਜਾਬੀ ਲਈ ਕੋਈ ਆਪਣੀ ਕੋਈ ਲਿਪੀ ਈਜਾਦ ਨਹੀਂ ਕੀਤੀ ਗਈ ਸੀ। ਗੁਰੂ ਅੰਗਦ ਦੇਵ ਜੀ ਨੇ ਇਹਨਾਂ ਰਚਨਾਵਾਂ ਨੂੰ ਲਿਖਣ ਲਈ 'ਗੁਰਮੁਖੀ' ਲਿਪੀ ਦੀ ਕਾਢ ਕੱਢੀ ਜੋ ਕਿ ਸੌਖੀ ਅਤੇ ਸਧਾਰਨ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਸੀ। ਗੁਰਮੁਖੀ ਲਿਪੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਲਿਖਤ ਰੂਪ ਵਿੱਚ ਲਿਆਂਦਾ ਗਿਆ। ਉਹਨਾਂ ਨੇ ਲੋਕਾਂ ਨੂੰ ਧਾਰਮਿਕ ਸਾਹਿਤ ਅਤੇ ਪੰਜਾਬੀ ਪੜਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖਵਾਈ ਜਿਸਨੂੰ 'ਬਾਲਾ ਜਨਮਸਾਖੀ' ਕਿਹਾ ਜਾਂਦਾ ਹੈ।

ਗੁਰੂ ਅੰਗਦ ਦੇਵ ਬੱਚਿਆਂ ਨੂੰ ਇਕੱਠਾ ਕਰਕੇ ਉਹਨਾਂ ਲਈ ਖੇਡਾਂ ਕਰਵਾਉਂਦੇ ਤੇ ਇਨਾਮ ਦਿੰਦੇ। ਉਹਨਾਂ ਦਾ ਯਕੀਨ ਸੀ ਕਿ ਪੜਾਈ ਦੇ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਵੀ ਹੋਣਾ ਚਾਹੀਦਾ ਹੈ। ਉਹ ਉਹਨਾਂ ਦੀ ਪੜ੍ਹਾਈ-ਲਿਖਾਈ ਵੱਲ ਖਾਸ ਤਵੱਜੋ ਦਿੰਦੇ, ਸਰੀਰਕ ਵਿਕਾਸ ਦੇ ਲਈ ਉਹਨਾਂ ਨੇ ਅਖਾੜਿਆਂ ਦੀ ਸਥਾਪਨਾ ਵੀ ਕਰਵਾਈ ਜਿੱਥੇ ਪਹਿਲਵਾਨਾਂ ਨੂੰ ਸਿੱਖਿਅਤ ਕੀਤਾ ਜਾਂਦਾ ਸੀ।

ਗੁਰੂ ਅੰਗਦ ਦੇਵ ਜੀ ਨੇ ਪਹਿਲੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਲੰਗਰ ਪ੍ਰਥਾ ਨੂੰ ਅੱਗੇ ਤੋਰਿਆ। ਲੰਗਰ ਦੀ ਸੇਵਾ ਮਾਤਾ ਖੀਵੀ ਜੇ ਦੇ ਹੱਥਾਂ ਵਿੱਚ ਸੀ ਅਤੇ ਮਾਤਾ ਖੀਵੀ ਦੇ ਹੱਥ ਜੱਸ ਸੀ। ਗੁਰੂ ਦੇ ਲੰਗਰ ਵਿਚੋਂ ਕੋਈ ਜ਼ਰੂਰਤਮੰਦ ਖਾਲੀ ਨਹੀਂ ਸੀ ਮੁੜਦਾ। ਗੁਰੂ ਅੰਗਦ ਦੇਵ ਦੇ ਲੰਗਰ ਸਮੇਂ ਪ੍ਰਥਾ ਦਾ ਵਿਸਥਾਰ ਹੋਇਆ, ਜਿਸ ਵਿੱਚ ਬਿਨਾਂ ਕਿਸੇ ਭੇਦ-ਭਾਵ, ਊਚ-ਨੀਚ ਤੋਂ ਲੰਗਰ ਵਰਤਾਇਆ ਜਾਂਦਾ ਸੀ। ਮਾਤਾ ਖੀਵੀ ਖੁਦ ਲੰਗਰ ਪ੍ਰਸ਼ਾਦੇ ਤਿਆਰ ਕਰਦੇ ਅਤੇ ਲੋੜਵੰਦਾਂ ਨੂੰ ਬੜੇ ਸਨੇਹ ਅਤੇ ਸ਼ਰਧਾ ਨਾਲ ਖਾਣਾ ਵਰਤਾਉਂਦੇ।

ਗੁਰੂ ਅੰਗਦ ਦੇਵ ਨੇ ਹਿੰਦੂ ਹੰਕਾਰੀ ਸਾਧੂ 'ਤਪਾ', ਦਯਾ ਨਾਥ, ਸੱਤਾ ਅਤੇ ਬਲਵੰਡ ਆਦਿ ਲੋਕਾਂ ਨੂੰ ਸਿੱਧਾ ਰਸਤਾ ਦਿਖਾਇਆ। ਹਾਰਿਆ ਹੋਇਆ ਮੁਗਲ ਬਾਦਸ਼ਾਹ ਹੰਮਾਯੂ/ਜਿਸ ਵੇਲੇ ਗੁਰੂ ਦਰਬਾਰ ਵਿੱਚ ਆਇਆ ਤਾਂ ਸੰਗਤ ਪ੍ਰਭੂ ਦੇ ਜਸ ਨੂੰ ਗਾ ਰਹੀ ਸੀ। ਹੰਮਾਯੂ ਨੇ ਆਪਣੀ ਗੁਰੂ ਨਾਲ ਮਿਲਣ ਵਿੱਚ ਹੁੰਦੀ ਦੇਰੀ ਵਿੱਚ ਆਪਣੀ ਤੌਹੀਨ ਸਮਝ ਕੇ ਤਲਵਾਰ ਮਿਆਨ ਵਿੱਚੋਂ ਬਾਹਰ ਕੱਢੀ। ਗੁਰੂ ਅੰਗਦ ਦੇਵ ਜੀ ਨੇ ਕਿਹਾ, 'ਜਿੱਥੇ ਤੈਨੂੰ ਤਲਵਾਰ ਕੱਢਣੀ ਚਾਹੀਦੀ ਸੀ, ਉੱਥੇ ਨਹੀਂ ਕੱਢੀ, ਉੱਥੇ ਤੂੰ ਲੜਾਈ ਦੇ ਮੈਦਾਨ ਵਿੱਚੋਂ ਡਰਪੋਕਾਂ ਦੀ ਤਰਾਂ ਭੱਜ ਆਇਆ ਹੈ। ਇੱਥੇ ਤੂੰ ਦਰਵੇਸ਼ ਦੇ ਸਾਹਮਣੇ ਬਹਾਦਰੀ ਦਿਖਾਉਣ ਲੱਗਾ ਹੈਂ। ਹੰਮਾਯੂ ਸ਼ਰਮਿੰਦਾ ਹੋਇਆ ਤੇ ਮਾਫ਼ੀ ਮੰਗੀ।

ਆਪਣਾ ਅੰਤ ਸਮਾਂ ਨੇੜੇ ਆਇਆ ਦੇਖ ਕੇ ਗੁਰੂ ਅੰਗਦ ਦੇਵ ਜੀ ਨੇ 28 ਮਾਰਚ 1552 ਈ. ਵਿੱਚ ਆਪਣੇ ਯੋਗ ਸਿੱਖ ਅਮਰਦਾਸ ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅੰਗਦ ਦੇਵ ਬਾਰਾਂ ਸਾਲ, ਛੇ ਮਹੀਨੇ, ਅਤੇ ਨੌ ਦਿਨ ਗੁਰਗੱਦੀ 'ਤੇ

34