ਪੰਨਾ:ਸਿੱਖ ਗੁਰੂ ਸਾਹਿਬਾਨ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਉਹ ਸਫਲ ਰਹੇ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਭਾਈ ਲਹਿਣਾ ਤੋਂ ਅੰਗਦ ਨਾਮ ਦੇ ਕੇ ਆਪਣਾ ਜਾਨਸ਼ੀਨ ਥਾਪਿਆ। ਭਾਈ ਗੁਰਦਾਸ ਲਿਖਦੇ ਹਨ-

'ਅੰਗਦ ਨੂੰ ਉਹੀ ਤਿਲਕ ਲਾਇਆ ਗਿਆ, ਸਿਰ ਉੱਪਰ ਛਤਰ ਛਾਇਆ ਕੀਤੀ ਗਈ, ਉਸੇ ਗੱਦੀ 'ਤੇ ਬਿਠਾਇਆ ਗਿਆ, ਜਿਥੇ ਗੁਰੂ ਨਾਨਕ ਦੇਵ ਬੈਠਦੇ ਸਨ। ਗੁਰੂ ਜੀ ਦੀ ਆਤਮਾ ਗੁਰੂ ਅੰਗਦ ਵਿੱਚ ਪ੍ਰਵੇਸ਼ ਕਰ ਗਈ। ਉਹਨਾਂ ਨੇ ਕਰਤਾਰਪੁਰ ਛੱਡ ਦਿੱਤਾ ਅਤੇ ਖਡੂਰ ਸਾਹਿਬ ਜਾ ਕੇ ਇਕਾਂਤਵਸ ਰਹਿ ਕੇ ਪ੍ਰਭੂ-ਭਗਤੀ ਵਿੱਚ ਲੀਨ ਹੋ ਗਏ। ਸਿੱਖ ਧਰਮ ਦੀ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਬਾਬਾ ਬੁੱਢਾ ਜੀ ਦੇ ਬੇਨਤੀ ਕਰਨ ਤੇ ਗੁਰੂ ਅੰਗਦ ਦੇਵ ਸਿੱਖਾਂ ਨੂੰ ਮਿਲੇ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗੇ।

ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਤਰਾਂ ਹੀ ਵਿਚਰਦੇ ਸਨ। ਸਵੇਰੇ ਜਲਦੀ ਉੱਠ ਕੇ ਸਮਾਧੀ ਵਿੱਚ ਲੀਨ ਹੁੰਦੇ। ਸੁਬਹ ਜਪੁ ਜੀ ਸਾਹਿਬ ਦਾ ਪਾਠ ਕਰਦੇ, ਉਪਰੰਤ ਸੰਗਤ ਦੀ ਹਾਜ਼ਰੀ ਵਿੱਚ 'ਆਸਾ ਦੀ ਵਾਰ' ਦਾ ਕੀਰਤਨ ਕੀਤਾ ਜਾਂਦਾ। ਸੱਤਾ ਅਤੇ ਬਲਵੰਡ ਹਰਰੋਜ਼ ਢਾਡੀ ਵਾਰਾਂ ਗਾਉਂਦੇ। ਗੁਰੂ ਅੰਗਦ ਦੇਵ ਨਿਮਰਤਾ ਦੇ ਪੁੰਜ ਸਨ। ਉਹ ਇੱਕ ਆਦਰਸ਼ ਸ਼ਗਿਰਦ, ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣ ਵਾਲੇ ਅਤੇ ਮਨੁੱਖਤਾ ਦੀ ਸੇਵਾ ਕਰਨਾ ਆਪਣਾ ਧਰਮ ਸਮਝਣ ਵਾਲੇ ਮਹਾਂਪੁਰਸ਼ ਸਨ। ਅਧਿਆਤਮਕ ਗੂਰ ਹੋਣ ਦੇ ਨਾਲ-ਨਾਲ ਉਹ ਅਸਲੀਅਤ ਨੂੰ ਸਮਝ ਕੇ ਮਸਲਿਆਂ ਦਾ ਹੱਲ ਕਰਦੇ ਸਨ। ਗੁਰੂ ਅੰਗਦ ਲਈ ਗੁਰੂ ਦੀ ਪਦਵੀ ਬਹੁਤ ਉੱਚੀ ਸੀ ਉਹ ਗੁਰੂ ਦਾ ਵਿਛੋੜਾ ਸਹਿਣ ਨਹੀਂ ਸਨ ਕਰਦੇ ਇਸੇ ਲਈ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਬਹੁਤ ਉਦਾਸ ਹੋਏ। ਉਹਨਾਂ ਦਾ ਮੰਨਣਾ ਸੀ ਕਿ ਗੁਰੂ ਦਾ ਹੁਕਮ ਮੰਨ ਕੇ ਹੀ ਅਧਿਆਤਮਕ ਤੌਰ 'ਤੇ ਉੱਚਾ ਉੱਠਿਆ ਜਾ ਸਕਦਾ ਹੈ। ਉਹਨਾਂ ਅਨੁਸਾਰ ਮਨੁੱਖ ਜਿਹੋ ਜਿਹੇ ਕੰਮ ਕਰਦਾ ਹੈ, ਉਹੋ ਜਿਹਾ ਹੀ ਉਸ ਨੂੰ ਫਲ ਮਿਲਦਾ ਹੈ, ਆਪਣੇ ਕਰਮਾਂ ਦੇ ਆਧਾਰ 'ਤੇ ਹੀ ਉਸਨੂੰ ਸਵਰਗ ਜਾਂ ਨਰਕ ਪ੍ਰਾਪਤ ਹੁੰਦਾ ਹੈ। ਗੁਣਾਂ ਦੇ ਧਾਰਨੀ ਮਨੁੱਖ ਨੂੰ ਜ਼ਰੂਰ ਉਸਦਾ ਫਲ ਮਿਲਦਾ ਹੈ ਅਤੇ ਬੁਰਾ ਕਰਨ ਵਾਲੇ ਨੂੰ ਸ਼ਜਾ ਮਿਲਦੀ ਹੈ। ਉਹ ਦੁੱਖ, ਤਕਲੀਫ ਵਿੱਚ ਘਿਰਦੇ ਹਨ, ਅਸਫਲ ਹੁੰਦੇ ਹਨ, ਫਿਰ ਪਛਤਾਂਉਦੇ ਹਨ। ਪ੍ਰਮਾਤਮਾ ਨੇ ਸਾਰੇ ਮਨੁੱਖਾਂ ਅਤੇ ਜੀਵ ਜੰਤੂਆਂ ਨੂੰ ਨਿਭਾਉਣ ਲਈ ਕੰਮ ਤੇ ਫਰਜ਼ ਦਿੱਤੇ ਹਨ। ਉਹ ਉਹਨਾਂ ਦੇ ਕੰਮ ਦੇਖਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਦਾ ਹੈ।

ਗੁਰੂ ਅੰਗਦ ਦੇਵ ਨੇ ਗੁਰਗੱਦੀ, ਸੰਭਾਲਣ ਤੋਂ ਬਾਅਦ ਪਹਿਲਾਂ ਕੰਮ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸੰਭਾਲਣ ਦਾ ਕੀਤਾ। ਜੋ ਕਿ ਪੰਜਾਬੀ

33