ਪੰਨਾ:ਸਿੱਖ ਗੁਰੂ ਸਾਹਿਬਾਨ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਉਹ ਹੈ ਜਿਹੜਾ ਉਹਨਾਂ ਨੇ ਦੇਵੀ ਪੂਜਾ ਵਿੱਚ ਗੁਜ਼ਾਰਿਆ, ਦੇਵੀ ਦਰਸ਼ਨਾਂ ਲਈ ਭਿੰਨ-ਭਿੰਨ ਥਾਵਾਂ 'ਤੇ ਜਾ ਕੇ ਪੂਜਾ ਅਰਚਨਾ ਕੀਤੀ। ਦੇਵੀ ਨੂੰ ਖੁਸ਼ ਕਰਨ ਲਈ ਦਾਨ ਪੁੰਨ ਕੀਤੇ ਤੇ ਲੰਗਰ ਲਾਏ ਤੇ ਭੇਟਾ ਚੜਾਈਆਂ। ਪਰ ਮਨ ਸਤੁੰਸ਼ਟ ਨਾ ਹੋਇਆ। ਦੂਜੇ ਭਾਗ ਵਿੱਚ ਉਹ ਗੁਰੂ ਨਾਨਕ ਦੇਵ ਜੀ ਦੇ ਲੜ ਲੱਗ ਗਏ। ਇੱਥੇ ਉਹਨਾਂ ਨੂੰ ਸਮਰੱਥ ਗੁਰੂ ਮਿਲਿਆ ਜਿਸਨੇ ਉਹਨਾਂ ਦੇ ਮਨ ਦੀ ਜਿਗਿਆਸਾ ਨੂੰ ਸ਼ਾਂਤ ਕੀਤਾ। ਉਹਨਾਂ ਨੂੰ ਪ੍ਰਮਾਤਮਾ ਨਾਲ ਮਿਲਣ ਲਈ ਰਾਹ ਦਸੇਰਾ ਤੇ ਪਰਪੱਕ ਰਸਤਾ ਮਿਲ ਗਿਆ। ਗੁਰੂ ਨਾਨਕ ਦੇਵ ਜੀ ਦੀ ਸ਼ਖਸ਼ੀਅਤ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਔਖੇ ਤੋਂ ਔਖੇ ਰਸਤੇ 'ਤੇ ਚੱਲਣ ਲਈ ਵੀ ਤਿਆਰ ਹੋ ਜਾਂਦੇ ਆਪਣੇ ਗੁਰੂ ਦੀ ਸੇਵਾ ਹੀ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਉਦੇਸ਼ ਬਣ ਗਿਆ। ਉਹਨਾਂ ਦੀਆਂ ਪ੍ਰੀਖਿਆਵਾਂ ਲਈਆਂ ਉਹ ਉਹਨਾਂ ਵਿੱਚ ਸਫ਼ਲ ਹੋਏ। ਗੁਰੂ ਦਾ ਹੁਕਮ ਉਹਨਾਂ ਲਈ ਇਲਾਹੀ ਹੁਕਮ ਸੀ। ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਭਾਈ ਲਹਿਣਾ ਤੇ ਪਿੱਛੋਂ ਬਣੇ ਗੁਰੂ ਅੰਗਦ ਲਈ ਸਭ ਤੋਂ ਉੱਤਮ ਸਨ। ਤੀਜਾ ਭਾਗ ਉਹਨਾਂ ਦੀ ਜ਼ਿੰਦਗੀ ਦਾ ਉਹ ਭਾਗ ਹੈ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ। ਉਹਨਾਂ ਨੇ ਇਸ ਪਵਿੱਤਰ ਅਸਥਾਨ 'ਤੇ ਬੈਠ ਕੇ ਆਪਣੇ ਗੁਰੂ ਦੇ ਸੰਦੇਸ਼ ਨੂੰ ਸਿੱਖ ਸੰਗਤ ਵਿੱਚ ਫੈਲਾਇਆ, ਸੰਗਤਾਂ ਨੂੰ ਨਾਨਕ ਨਾਮ ਨਾਲ ਜੋੜਿਆ। ਬਾਣੀ ਨੂੰ ਇਕੱਠਾ ਕਰਕੇ ਲਿਖਣਾ ਗੁਰੂ ਗਰੰਥ ਸਾਹਿਬ ਦੀ ਸਥਾਪਨਾ ਦਾ ਪਹਿਲਾ ਕਦਮ ਗੁਰੂ ਅੰਗਦ ਦੇਵ ਜੀ ਨੇ ਉਠਾਇਆ।

ਗੁਰੂ ਅੰਗਦ ਦੇਵ ਜੀ ਨੇ ਆਪ ਵੀ ਬਾਣੀ ਰਚੀ ਜਿਸ ਵਿੱਚ ਉਹਨਾਂ ਨੇ ਗੁਰੂ ਪ੍ਰੇਮ, ਗੁਰੂ ਭਗਤੀ, ਗੁਰੂ ਮਿਲਾਪ, ਗੁਰ ਪ੍ਰਾਪਤੀ, ਆਤਮ ਸਮਰਪਣ ਅਤੇ ਗੁਰ- ਸ਼ਬਦ ’ਤੇ ਜ਼ੋਰ ਦਿੱਤਾ। ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਮਿਲਦੀ ਵਿਲੱਖਣਤਾ ਵਿੱਚ ਬਿਰਹਾ ਦੀ ਤੜਪ ਹੈ, ਮਨੁੱਖਤਾ ਦੀ ਬਰਾਬਰਤਾ 'ਤੇ ਜ਼ੋਰ ਦਿੱਤਾ ਗਿਆ ਹੈ, ਮਨਮੁੱਖ ਤੋਂ ਗੁਰਮੁੱਖ ਬਣਨ ਲਈ ਨਸੀਹਤ ਦਿੱਤੀ ਗਈ ਹੈ ਅਤੇ ਪ੍ਰਮਾਤਮਾ ਦੇ ਅਸਲੀ ਸੇਵਕ ਬਣਨ ਲਈ ਮਨੁੱਖ ਨੂੰ ਆਦੇਸ਼ ਦਿੱਤਾ ਗਿਆ ਹੈ। ਸਿੱਖਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਚੰਗੇ ਤੇ ਮਾੜੇ ਦੀ ਪਹਿਚਾਣ ਕਰਕੇ ਚੰਗੇ ਵੱਲ ਪ੍ਰੇਰਿਤ ਹੋਣ। ਗੁਰੂ ਅੰਗਦ ਦੇਵ ਜੀ ਦੀ ਬਾਣੀ ਤੇ ਗੁਰੂ ਨਾਨਕ ਦੇਵ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਅਸੂਲਾਂ ਦਾ ਸਪੱਸ਼ਟ ਪ੍ਰਭਾਵ ਹੈ। ਉਹਨਾਂ ਨੇ ਆਪ ਇਹਨਾਂ ਅਸੂਲਾਂ ਨੂੰ ਜੀਵਿਆ, ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਲਾਗੂ ਕੀਤਾ

ਅਤੇ ਜੀਵਨ ਜਾਂਚ ਵੀ ਸਿਖਾਈ। ਉਹਨਾਂ ਨੇ ਬਾਣੀ ਪੜ੍ਹੀ ਆਪਣੀ ਬਾਣੀ ਵੀ ਰਚੀ, ਆਪਣੀ ਜ਼ਿੰਦਗੀ ਵਿੱਚ ਉਹੀ ਸਾਦਗੀ ਪਵਿੱਤਰਤਾ ਤੇ ਸਦਾਚਾਰਤਾ ਨਿਭਾਈ ਅਤੇ ਸਿੱਖਾਂ ਨੂੰ ਵੀ ਇਸੇ ਸੱਚੇ ਰਾਹ 'ਤੇ ਚੱਲਣ ਲਈ ਉਪਦੇਸ਼ ਦਿੱਤਾ।

36