ਪੰਨਾ:ਸਿੱਖ ਗੁਰੂ ਸਾਹਿਬਾਨ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਅੰਗਦ ਦੇਵ ਜੀ ਸ਼ਲੋਕਾਂ ਦਾ ਅਧਿਐਨ ਕਰਨ ਤੋਂ ਇਹ ਗੱਲ ਸਾਹਮਣੇਆਉਂਦੀ ਹੈ ਕਿ ਉਹ ਅੰਦਰੋਂ ਬਾਹਰੋਂ ਪ੍ਰਮਾਤਮਾ ਨਾਲ ਇਕ ਮਿਕ ਸਨ। ਸ਼ਲੋਕ ਵਿੱਚ ਆਦਰਸ਼ ਮਨੁੱਖ ਦੀ ਵੀ ਸਿਰਜਣਾ ਕਰਨ ਹਿਤ ਅਨੇਕ ਸਿੰਬਲਾਂ, ਸੰਕਲਪ, ਵਸਤਾਂ, ਜਜ਼ਬਿਆਂ ਤੇ ਵਿਚਾਰਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ। ਉਹਨਾਂ ਦਾ ਵਿਚਾਰ ਸੀ ਕਿ ਪ੍ਰਮਾਤਮਾ ਨੂੰ ਪਾਉਣ ਲਈ ਨਾ ਸੰਸਾਰ ਛੱਡਣ ਦੀ ਲੋੜ ਨਹੀਂ ਸਗੋਂ ਇਸ ਸੰਸਾਰ ਵਿੱਚ ਵਿਚਰਦਿਆਂ ਹੀ ਪ੍ਰਭੂ ਨਾਲ ਜੁੜਨਾ ਚਾਹੀਦਾ ਹੈ। ਇਸੇ ਨੂੰ ਉਹ ਪ੍ਰਭੂ-ਪ੍ਰੇਮ ਦਾ ਨਾਂ ਦਿੰਦੇ ਸਨ।


ਗੁਰੂ ਅੰਗਦ ਦੇਵ ਜੀ ਦੇ ਅਨੁਸਾਰ ਲੰਗਰ ਵਿੱਚ ਗਰੀਬਾਂ, ਜ਼ਰੂਰਤਮੰਦਾਂ, ਮਜ਼ਲੂਮਾਂ, ਭੁੱਖਿਆਂ, ਅਪਾਹਜਾਂ ਤੇ ਰੋਗੀਆਂ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਚੰਗੇ ਭਲੇ ਤੇ ਤੰਦਰੁਸਤ ਆਦਮੀ ਨੂੰ ਕਮਾਈ ਕਰ ਕੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋੜਵੰਦਾਂ ਨੂੰ ਪਿਆਰ ਤੇ ਸਤਿਕਾਰ ਨਾਲ ਭੋਜਨ ਕਰਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਦੇ ਤਰਸ ਦਾ ਪਾਤਰ ਨਾ ਬਨਣ।

ਗੁਰੂ ਅੰਗਦ ਦੇਵ ਜੀ ਨੇ ਆਪਣੇ ਗੁਰੂਤਾ ਸਮੇਂ ਕੀਰਤਨ ਪਰੰਪਰਾ ਨੂੰ ਭਰਪੂਰ ਵਡਿਆਈ ਬਖਸ਼ੀ। ਭਾਈ ਬਲਵੰਡ ਤੇ ਸੱਤਾ ਉਹਨਾਂ ਦੇ ਨਾਲ ਸਨ ਤੇ ਉਹ ਪ੍ਰਸਿੱਧ ਕੀਰਤਨੀਏ ਸਨ। ਢਾਡੀ ਵਾਰਾਂ ਗਾਉਣ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਕੀਰਤਨ ਪਰੰਪਰਾ, ਜੋ ਬਾਬੇ ਨਾਨਕ ਨੇ ਭਾਈ ਮਰਦਾਨੇ ਦੀ ਰਬਾਬ ਨਾਲ ਆਰੰਭ ਕੀਤੀ ਸੀ ਉਸ ਨੂੰ ਅੱਗੇ ਤੋਰਿਆ। ਰਬਾਬੀ ਬਲਵੰਡ ਨੂੰ ਤਾਂ ਗੁਰੂ ਜੀ ਆਪਣੇ ਨਾਲ ਹੀ ਖਡੂਰ ਸਾਹਿਬ ਲੈ ਕੇ ਆਏ ਸਨ। ਗੁਰੂ ਅੰਗਦ ਦੇਵ ਜੀ ਦੀ ਸਿੱਖ ਧਰਮ ਨੂੰ ਇਹ ਅਦੁੱਤੀ ਦੇਣ ਹੈ। ਉਹਨਾਂ ਨੇ ਕੀਰਤਨਕਾਰਾਂ ਦੀ ਘਰਾਣੇਦਾਰ ਪਰੰਪਰਾ ਦਾ ਆਰੰਭ ਕੀਤਾ। ਇਹ ਦੂਸਰੇ ਗੁਰੂਆਂ ਦੇ ਜੀਵਨ ਕਾਲ ਵਿੱਚ ਬਾ-ਦਸਤੂਰ ਚੱਲਦਾ ਰਿਹਾ।

ਗੁਰੂ ਅੰਗਦ ਦੇਵ ਜੀ ਨੇ ਤਿਉਹਾਰਾਂ ਦੀਵਾਲੀ, ਦੁਸਹਿਰਾ ਤੇ ਹੋਰ ਮੌਕੇ ਜੋੜ ਮੇਲਿਆਂ ਦੀ ਰੀਤ ਚਲਾਈ। ਸਾਰੀ ਸੰਗਤ ਗੁਰੂ ਦਰਬਾਰ ਵਿੱਚ ਇਕੱਠੀ ਹੁੰਦੀ ਤੇ ਤਿਉਹਾਰ ਮਨਾਏ ਜਾਂਦੇ। ਗੁਰੂ ਜਸ ਗਾਇਆ ਜਾਂਦਾ, ਲੰਗਰ ਚੱਲਦੇ ਅਤੇ ਗੁਰੂ ਅੰਗਦ ਦੇਵ ਜੀ ਨੇ ਜਿੱਥੇ ਬਾਬੇ ਨਾਨਕ ਦੇ ਮਿਸ਼ਨ ਨੂੰ ਅੱਗੇ ਤੋਰਿਆ ਇਸ ਤਰਾਂ ਦੀਆਂ ਨਵੀਆਂ ਪਰੰਪਰਾਵਾਂ ਵੀ ਪਾਈਆਂ ਗਈਆਂ। ਸਿੱਖ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਉਹਨਾਂ ਦੀ ਭੂਮਿਕਾ ਸ਼ਲਾਘਾਯੋਗ ਹੈ।

37